ਕਿਹਾ; ਹਰ ਇਨਸਾਨ ਸਮਾਜਕ ਭਾਈਚਾਰੇ ਨੂੰ ਮਜ਼ਬੂਤ ਕਰਨ ਲਈ ਯਤਨਸ਼ੀਲ ਰਹੇ
ਹਲਕਾ ਵਿਧਾਇਕ ਨੇ ਰੇਲਵੇ ਰੋਡ ਸਰਹਿੰਦ ਦੇ ਸ਼ਿਵ ਮੰਦਿਰ ਵਿਖੇ ਸ਼੍ਰੀ ਰਾਧਾ ਰਾਣੀ ਜੀ ਦੇ ਜਨਮ ਦਿਹਾੜੇ ਸਬੰਧੀ ਸਮਾਗਮ ਵਿੱਚ ਹਾਜ਼ਰੀ ਲਗਵਾਈ
ਫ਼ਤਹਿਗੜ੍ਹ ਸਾਹਿਬ, ਰੂਪ ਨਰੇਸ਼:
ਹਰ ਧਰਮ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦਾ ਹੈ। ਸਮਾਜ ਵਿਚ ਭਾਈਚਾਰਕ ਸਾਂਝ ਜਿੰਨੀ ਜ਼ਿਆਦਾ ਮਜ਼ਬੂਤ ਹੋਵੇਗੀ, ਸਮਾਜ ਓਨੀ ਹੀ ਜ਼ਿਆਦਾ ਤਰੱਕੀ ਕਰਦਾ ਹੈ। ਇਸ ਲਈ ਲਾਜ਼ਮੀ ਹੈ ਕਿ ਸਮਾਜ ਵਿਚ ਵਿਚਰਦਿਆਂ ਹਰ ਇਨਸਾਨ ਸਮਾਜਕ ਭਾਈਚਾਰੇ ਨੂੰ ਮਜ਼ਬੂਤ ਕਰਨ ਲਈ ਯਤਨਸ਼ੀਲ ਰਹੇ ਅਤੇ ਹਰ ਇਕ ਦੇ ਅਕੀਦੇ ਤੇ ਵਿਸ਼ਵਾਸ ਦਾ ਸਤਿਕਾਰ ਕੀਤਾ ਜਾਵੇ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ
ਐਡਵੋਕੇਟ ਲਖਬੀਰ ਸਿੰਘ ਰਾਏ ਨੇ ਰੇਲਵੇ ਰੋਡ ਸਰਹਿੰਦ ਦੇ ਸ਼ਿਵ ਮੰਦਿਰ ਵਿਖੇ ਸ਼੍ਰੀ ਰਾਧਾ ਰਾਣੀ ਜੀ ਦੇ ਜਨਮ ਦਿਹਾੜੇ ਸਬੰਧੀ ਕਰਵਾਏ ਸਮਾਗਮ ਵਿੱਚ ਹਾਜ਼ਰੀ ਲਗਵਾਉਣ ਮੌਕੇ ਕੀਤਾ।
ਹਲਕਾ ਵਿਧਾਇਕ ਨੇ ਕਿਹਾ ਕਿ ਅਜਿਹੇ ਸਮਾਗਮ ਜਿੱਥੇ ਸਾਨੂੰ ਸਾਡੀਆਂ ਉੱਚੀਆਂ ਕਦਰਾਂ ਕੀਮਤਾਂ ਨਾਲ ਜੋੜਦੇ ਹਨ, ਓਥੇ ਸਮਾਜਕ ਤੰਦਾਂ ਨੂੰ ਵੀ ਮਜ਼ਬੂਤ ਕਰਦੇ ਹਨ। ਉਹਨਾਂ ਕਿਹਾ ਕਿ ਸਾਨੂੰ ਸਾਡੇ ਧਾਰਮਿਕ ਅਕੀਦਿਆਂ ਤੋਂ ਸੇਧ ਲੈਕੇ ਜੀਵਨ ਬਤੀਤ ਕਰਨ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ ਤੇ ਸਮਾਜ ਦੀ ਬਿਹਤਰੀ ਲਈ ਕੰਮ ਕਰਨਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਸ਼ਹਿਰ ਵਾਸੀਆਂ ਵੱਲੋਂ ਇਹ ਦਿਹਾੜਾ ਬੜੀ ਧੂਮਧਾਮ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਵੱਖੋ-ਵੱਖ ਭਜਨ ਮੰਡਲੀਆਂ ਵੱਲੋ ਸ਼੍ਰੀ ਰਾਧਾ ਰਾਣੀ ਦੇ ਸੁੰਦਰ ਭਜਨਾਂ ਦਾ ਗੁਣਗਾਨ ਕੀਤਾ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਇਸ਼ਾ ਸਿੰਗਲ, ਅਸੀਸ ਕੁਮਾਰ ਅੱਤਰੀ, ਦੀਪਕ ਬਾਤਿਸ਼, ਰਮੇਸ਼ ਕੁਮਾਰ ਸੋਨੂੰ, ਪ੍ਰਿਤਪਾਲ ਜੱਸੀ, ਪ੍ਰਦੀਪ ਕੁਮਾਰ ਮਲਹੋਤਰਾ, ਮਨਦੀਪ ਪੋਲਾ, ਬੰਟੀ ਸੈਣੀ, ਬਲਵੀਰ ਸੋਢੀ, ਮੋਹਿਤ ਸੂਦ ਸਮੇਤ ਵੱਡੀ ਗਿਣਤੀ ਸ਼ਰਧਾਲੂ ਹਾਜ਼ਰ ਸਨ।