ਲੋਕ ਸਭਾ ਹਲਕਾ 08-ਫ਼ਤਹਿਗੜ੍ਹ ਸਾਹਿਬ ਵਿੱਚ ਕਰੀਬ 56.16 ਫੀਸਦੀ ਵੋਟਰਾਂ ਨੇ ਆਪਣੀ ਵੋਟ ਦਾ ਕੀਤਾ ਇਸਤੇਮਾਲ: ਜ਼ਿਲ੍ਹਾ ਚੋਣ ਅਫਸਰ
ਵੋਟਾਂ ਪਾਉਣ ਦਾ ਕੰਮ ਅਮਨ ਸ਼ਾਂਤੀ ਨਾਲ ਨੇਪਰੇ ਚਾੜਨ ਲਈ ਵੋਟਰਾਂ ਤੇ ਪੋਲਿੰਗ ਸਟਾਫ ਦਾ ਕੀਤਾ ਧੰਨਵਾਦ
04 ਜੂਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਬਹੁ-ਤਕਨੀਕੀ ਕਾਲਜ਼ ਵਿਖੇ ਹੋਵੇਗੀ ਵੋਟਾਂ ਦੀ ਗਿਣਤੀ
ਫ਼ਤਹਿਗੜ੍ਹ ਸਾਹਿਬ, ਰੂਪ ਨਰੇਸ਼:
ਲੋਕ ਸਭਾ ਹਲਕਾ 08-ਫ਼ਤਹਿਗੜ੍ਹ ਸਾਹਿਬ (ਅ:ਜ:) ਅੰਦਰ ਅੱਜ ਹੋਈ ਪੋਲਿੰਗ ਦੌਰਾਨ ਹਲਕੇ ਦੇ ਕਰੀਬ 56.16 ਫੀਸਦੀ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਅਤੇ ਹਲਕੇ ਅੰਦਰ ਪੈਂਦੇ 09 ਵਿਧਾਨ ਸਭਾ ਹਲਕਿਆਂ ਵਿੱਚੋਂ ਸਭ ਤੋਂ ਵੱਧ ਪੋਲਿੰਗ ਵਿਧਾਨ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ (62.50%) ਵਿੱਚ ਹੋਈ ਹੈ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਗੱਲਬਾਤ ਕਰਦਿਆਂ ਦਿੱਤੀ। ਅੱਜ ਹੋਈ ਪੋਲਿੰਗ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ 106-ਅਮਰਗੜ੍ਹ 56.73 ਵਿੱਚ ਫੀਸਦੀ, 56-ਅਮਲੋਹ ਵਿੱਚ 62.00 ਫੀਸਦੀ, 54-ਬਸੀ ਪਠਾਣਾ ਵਿੱਚ 56.10 ਫੀਸਦੀ, 55-ਫ਼ਤਹਿਗੜ੍ਹ ਸਾਹਿਬ ਅੰਦਰ 62.50 ਫੀਸਦੀ, 57-ਖੰਨਾਂ ਵਿੱਚ 60.20 ਫੀਸਦੀ, 67-ਪਾਇਲ ਅੰਦਰ 56.00 ਫੀਸਦੀ, 69-ਰਾੲਕੋਟ ਹਲਕੇ ਵਿੱਚ 59.00 ਫੀਸਦੀ, 59-ਸਾਹਨੇਵਾਲ ਵਿੱਚ 48.20 ਫੀਸਦੀ ਅਤੇ 58-ਸਮਰਾਲਾ ਵਿਧਾਨ ਸਭਾ ਹਲਕੇ ਵਿੱਚ 51.20 ਫੀਸਦੀ ਪੋਲਿੰਗ ਹੋਈ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਵੋਟਾਂ ਪਾਉਣ ਲਈ ਪ੍ਰੇਰਿਤ ਕਰਨ ਵਾਸਤੇ ਸਾਰੇ ਬੂਥਾਂ ਤੇ 18-19 ਸਾਲ ਦੀ ਉਮਰ ਦੇ ਪਹਿਲੀ ਵਾਰ ਵੋਟ ਪਾਉਣ ਲਈ ਆਏ ਵੋਟਰਾਂ ਅਤੇ ਸਭ ਤੋਂ ਵੱਧ ਦੀ ਬਜ਼ੁਰਗ ਵੋਟਰਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਵੀ ਕੀਤਾ ਗਿਆ।
ਜ਼ਿਲ੍ਹਾ ਚੋਣ ਅਫਸਰ ਨੇ ਵੋਟਾਂ ਪਾਉਣ ਦੀ ਪ੍ਰਕ੍ਰਿਆ ਅਮਨ ਸ਼ਾਂਤੀ ਨਾਲ ਨੇਪਰੇ ਚਾੜਨ ਲਈ ਹਲਕੇ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਲੋਕਤੰਤਰ ਵਿੱਚ ਵੋਟਾਂ ਪਾਉਣ ਦਾ ਅਵਸਰ ਇੱਕ ਤਿਓਹਾਰ ਵਾਂਗ ਮਨਾਇਆ ਜਾਂਦਾ ਹੈ ਅਤੇ ਹਲਕੇ ਦੇ ਸੂਝਵਾਨ ਵੋਟਰਾਂ ਨੇ ਅਮਨ ਕਾਨੂੰਨ ਦੀ ਵਿਵਸਥਾ ਕਾਇਮ ਰੱਖਦੇ ਹੋਏ ਆਪਣੀ ਵੋਟ ਦਾ ਇਸਤੇਮਾਲ ਸ਼ਾਂਤਮਈ ਢੰਗ ਨਾਲ ਕੀਤਾ ਹੈ ਅਤੇ ਹਲਕੇ ਅੰਦਰ ਕਿਸੇ ਵੀ ਅਣਸੁਖਾਵੀਂ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਉਨ੍ਹਾਂ ਚੋਣ ਡਿਊਟੀ ਤੇ ਤਾਇਨਾਤ ਪੋਲਿੰਗ ਸਟਾਫ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਹਲਕੇ ਅੰਦਰ ਵੋਟਰਾਂ ਦੀ ਸਹੂਲਤ ਲਈ ਪੁਖਤਾ ਪ੍ਰਬੰਧ ਕੀਤੇ ਗਏ ਸਨ ਅਤੇ ਸਾਰੇ ਪੋਲਿੰਗ ਸਟੇਸ਼ਨਾਂ ਤੇ ਗੁਲਾਬ ਦੇ ਸ਼ਰਬਤ ਦਾ ਪ੍ਰਬੰਧ ਵੀ ਕੀਤਾ ਗਿਆ ਸੀ ਤਾਂ ਜੋ ਵੋਟਰਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਚੋਣਾ ਸਬੰਧੀ ਵੋਟਰਾਂ ਵਿੱਚ ਕਾਫੀ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ ਸਵੇਰੇ 07:00 ਵਜੇ ਵੋਟਾਂ ਪਾਉਣ ਦਾ ਕੰਮ ਸ਼ੁਰੂ ਹੁੰਦਿਆਂ ਹੀ ਵੋਟਰ ਆਪੋ ਆਪਣੇ ਪੋਲਿੰਗ ਸਟੇਸ਼ਨਾਂ ਤੇ ਵੋਟਾਂ ਪਾਉਣ ਲਈ ਆਪਣੇ ਘਰਾਂ ਤੋਂ ਪੋਲਿੰਗ ਸਟੇਸ਼ਨਾਂ ਨੂੰ ਚੱਲ ਪਏ ਅਤੇ ਪੋਲਿੰਗ ਸਟੇਸ਼ਨਾਂ ਤੇ ਵੋਟਰਾਂ ਦੀ ਬੈਠਣ ਲਈ ਵੇਟਿੰਗ ਏਰੀਆ ਵੀ ਬਣਾਏ ਗਏ ਸਨ ਤਾਂ ਜੋ ਵੋਟਰਾਂ ਨੂੰ ਹੀਟ ਵੇਬ ਤੋਂ ਬਚਾਇਆ ਜਾ ਸਕੇ।
ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਅੱਜ ਪਈਆਂ ਵੋਟਾਂ ਦੀ ਗਿਣਤੀ 04 ਜੂਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਬਹੁ-ਤਕਨੀਕੀ ਕਾਲਜ ਵਿਖੇ ਹੋਵੇਗੀ ਅਤੇ ਉਸ ਉਪਰੰਤ ਨਤੀਜੇ ਘੋਸ਼ਿਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਵਾਲੇ ਦਿਨ ਵੀ ਪ੍ਰਸ਼ਾਸ਼ਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।