
ਪੀੜਤ ਪਰਿਵਾਰ ਨੇ ਪਿੰਡ ਦੇ 3 ਵਿਅਕਤੀਆਂ ਨੂੰ ਦੱਸਿਆ ਜ਼ਿੰਮੇਵਾਰ ਕਿਹਾ, ਪਿੰਡ 'ਚ ਸ਼ਰੇਆਮ ਨਸ਼ਾ ਵਿਕਦਾ ਹੈ, ਸਰਕਾਰ ਦੇ ਵੱਡੇ-ਵੱਡੇ ਦਾਅਵੇ ਖੋਖਲੇ
ਤਲਵੰਡੀ ਸਾਬੋ, 24 ਦਸੰਬਰ (ਨਿਊਜ਼ ਟਾਊਨ ਨੈਟਵਰਕ) : ਤਲਵੰਡੀ ਸਾਬੋ ਦੇ ਪਿੰਡ ਲੇਲੇਵਾਲਾ ਵਿਖੇ ਮਾਤਾ-ਪਿਤਾ ਦੇ ਇਕਲੌਤੇ ਪੁੱਤਰ ਅਤੇ 9 ਮਹੀਨੇ ਦੀ ਬੱਚੇ ਦੇ ਪਿਤਾ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ ਹੈ। ਮਾਪਿਆਂ ਵੱਲੋਂ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਲਗਾਏ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਅਤੇ ਪਿੰਡ ਦੇ ਤਿੰਨ ਵਿਅਕਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਨੌਜਵਾਨ ਦੀ ਮੌਤ ਨਾਲ ਪਿੰਡ ਵਿੱਚ ਜਿੱਥੇ ਸ਼ੋਕ ਦੀ ਲਹਿਰ ਹੈ, ਉਥੇ ਹੀ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਜਾਣਕਾਰੀ ਅਨੁਸਾਰ ਪਿੰਡ ਲੇਲੇਵਾਲਾ ਦਾ ਇਹ ਨੌਜਵਾਨ ਹਿੰਮਤ ਸਿੰਘ ਹੈ ਜਿਸ ਦਾ ਕੁਝ ਸਮਾਂ ਪਹਿਲਾਂ ਵਿਆਹ ਹੋਇਆ ਸੀ ਅਤੇ ਵਿਆਹ ਤੋਂ ਬਾਅਦ ਇੱਕ ਨੌ ਮਹੀਨੇ ਦਾ ਲੜਕਾ ਹੈ ਜਦੋਂ ਕਿ ਇਸਦੀ ਘਰਵਾਲੀ ਗਰਭਵਤੀ ਹੈ। ਜ਼ਿਮੀਂਦਾਰ ਪਰਿਵਾਰ ਨਾਲ ਸਬੰਧਿਤ ਹਿੰਮਤ ਸਿੰਘ ਡਰਾਈਵਰੀ ਦਾ ਕੰਮ ਕਰਦਾ ਸੀ। ਕੁਝ ਸਮਾਂ ਪਹਿਲਾਂ ਭਾਵੇਂ ਕਿ ਉਹ ਨਸ਼ੇ ਕਰਨ ਕਾਰਨ ਉਸ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਭਰਤੀ ਵੀ ਕਰਾਇਆ ਸੀ ਪਰ ਉਥੋਂ ਉਸ ਨੂੰ ਕੁਝ ਦਿਨਾਂ ਬਾਅਦ ਵਾਪਸ ਲਿਆਂਦਾ ਗਿਆ। ਮਾਪਿਆਂ ਨੇ ਦੱਸਿਆ ਕਿ ਬੀਤੇ ਦਿਨ ਪਿੰਡ ਦੇ ਹੀ ਤਿੰਨ ਨੌਜਵਾਨ ਹਿੰਮਤ ਸਿੰਘ ਨੂੰ ਘਰੋਂ ਕਿਸੇ ਦਾ ਰਾਜੀਨਾਮਾ ਕਰਾਉਣ ਲਈ ਕਹਿ ਕੇ ਲੈ ਕੇ ਗਏ ਤੇ ਉਸ ਤੋਂ ਬਾਅਦ ਉਸਦੀ ਲਾਸ਼ ਪਿੰਡ ਦੇ ਇੱਕ ਰਜਵਾਹੇ ਵਿੱਚੋਂ ਬਰਾਮਦ ਹੋਈ। ਮ੍ਰਿਤਕ ਦੀ ਮਾਤਾ ਨੇ ਇਲਜ਼ਾਮ ਲਗਾਇਆ ਕਿ ਉਸ ਦੇ ਪੁੱਤਰ ਦੇ ਨਸ਼ੇ ਦਾ ਟੀਕਾ ਲਗਾ ਕੇ ਉਸ ਨੂੰ ਮੌਤ ਦੀ ਘਾਟ ਉਤਾਰਿਆ ਗਿਆ ਹੈ। ਉਹਨਾਂ ਦੇ ਪਿੰਡ ਵਿੱਚ ਸ਼ਰੇਆਮ ਨਸ਼ਾ ਵਿਕਦਾ ਹੈ ਸਰਕਾਰਾਂ ਬੇਸ਼ੱਕ ਨਸ਼ੇ ਬੰਦ ਕਰਨ ਦੇ ਵੱਡੇ-ਵੱਡੇ ਦਾਅਵੇ ਕਰਦੀਆਂ ਹਨ ਪਰ ਨਸ਼ਾ ਲਗਾਤਾਰ ਵੱਧਦਾ ਜਾ ਰਿਹਾ ਹੈ। ਮ੍ਰਿਤਕ ਦੀ ਦਾਦੀ ਨੇ ਇਹ ਵੀ ਕਿਹਾ ਕਿ ਇਸਦੀ ਇਕੱਲੇ ਦੀ ਨਹੀਂ, ਸਗੋਂ ਬਹੁਤ ਸਾਰੇ ਨੌਜਵਾਨਾਂ ਦੀ ਇਸ ਤੋਂ ਪਹਿਲਾਂ ਵੀ ਮੌਤ ਹੋ ਚੁੱਕੀ ਹੈ। ਉਧਰ ਦੂਜੇ ਪਾਸੇ ਤਲਵੰਡੀ ਸਾਬੋ ਡੀਐਸਪੀ ਨੇ ਦੱਸਿਆ ਕਿ ਮਾਮਲੇ ਵਿੱਚ ਮ੍ਰਿਤਕ ਦੀ ਮਾਤਾ ਦੇ ਬਿਆਨ ਤੇ ਪਿੰਡ ਦੇ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਦੋ ਲੋਕਾਂ ਰਾਜਾ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਤੀਜੇ ਕਾਕੜ ਸਿੰਘ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਪਰਿਵਾਰਿਕ ਮੈਂਬਰ ਪੰਜਾਬ ਸਰਕਾਰ ਨੂੰ ਲਾਹਣਤਾਂ ਪਾ ਰਹੇ ਹਨ ਅਤੇ ਪੰਜਾਬ ਸਰਕਾਰ ਤੋਂ ਇਨਸਾਫ ਦੀ ਗੁਹਾਰ ਲਗਾ ਰਹੇ ਹਨ। ਪੀੜਤ ਮਾਂ ਨੇ ਅਪਣੇ ਹੰਝੂ ਪੁੰਝਦਿਆਂ ਕਿਹਾ ਕਿ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਉਹਨਾਂ ਦਾ ਪੁੱਤਰ ਤਾਂ ਚਲਾ ਗਿਆ ਪਰ ਕਿਸੇ ਹੋਰ ਮਾਂ ਦੀ ਕੁੱਖ ਨਾ ਉਜੜੇ।
——————————
This news is auto published from an agency/source and may be published as received.
