
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਫ਼ਤਹਿਗੜ੍ਹ ਸਾਹਿਬ
ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਸਰਹਿੰਦ ਮੰਡੀ ਵਿੱਚ ਮੈਗਾ ਪੀਟੀਐਮ ਕਰਵਾਈ
ਫ਼ਤਹਿਗੜ੍ਹ ਸਾਹਿਬ, 20 ਦਸੰਬਰ
ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਸਰਹਿੰਦ ਮੰਡੀ ਵਿੱਚ ਆਯੋਜਿਤ ਮੈਗਾ ਪੀਟੀਐਮ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਰਵਿੰਦਰ ਕੌਰ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਓਐਸਡੀ ਗੁਲਸ਼ਨ ਛਾਬੜਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਇਸ ਮੌਕੇ ਬੋਲਦਿਆਂ ਜ਼ਿਲ੍ਹਾ ਸਿੱਖਿਆ ਅਫਸਰ ਰਵਿੰਦਰ ਕੌਰ ਨੇ ਕਿਹਾ ਕਿ ਮਾਪੇ ਅਧਿਆਪਕ ਮਿਲਣੀ ਦੌਰਾਨ ਸਿਰਫ ਅੰਕਾਂ ਦੀ ਬਜਾਏ ਬੱਚੇ ਦੇ ਵਿਵਹਾਰ, ਅਨੁਸ਼ਾਸਨ ਅਤੇ ਰਚਨਾਤਮਕਤਾ 'ਤੇ ਚਰਚਾ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਬੱਚੇ ਦੀਆਂ ਕਮਜ਼ੋਰੀਆਂ ਅਤੇ ਮਜ਼ਬੂਤ ਪੱਖਾਂ ਨੂੰ ਪਛਾਣ ਕੇ ਭਵਿੱਖ ਦੀ ਰਣਨੀਤੀ ਬਣਾਈ ਜਾਂਦੀ ਹੈ ਕਿ ਵਿਦਿਆਰਥੀ ਕਿਹੜੇ ਸੁਧਾਰਾਂ ਸਦਕਾ ਵੱਖ-ਵੱਖ ਖੇਤਰਾਂ ਵਿੱਚ ਵੱਡੀਆਂ ਮੱਲਾਂ ਮਾਰਨ ਦੇ ਸਮਰੱਥ ਬਣ ਸਕਦੇ ਹਨ।
ਇਸ ਮੌਕੇ ਗੁਲਸ਼ਨ ਛਾਬੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਦਿਨ ਰਾਤ ਇੱਕ ਕਰਕੇ ਕੰਮ ਕਰ ਰਹੀ ਹੈ ਤਾਂ ਜੋ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵੱਡੀਆਂ ਪੁਲਾਂਘਾਂ ਪੁੱਟ ਸਕਣ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿੱਚ ਬੱਚਿਆਂ ਨੂੰ ਉਸਾਰੂ ਵਿਦਿਅਕ ਮਾਹੌਲ ਦੇਣ ਲਈ ਸਕੂਲਾਂ ਦੇ ਢਾਂਚੇ ਵਿੱਚ ਲਗਾਤਾਰ ਸੁਧਾਰ ਕੀਤਾ ਗਿਆ ਹੈ ਅਤੇ ਇਹ ਉਪਰਾਲੇ ਲਗਾਤਾਰ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਹੁਣ ਪਹਿਲਾਂ ਨਾਲੋਂ ਵਧੇਰੇ ਸਾਫ ਸਫਾਈ ਤੇ ਹੋਰ ਸਹੂਲਤਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ ਜਿਸ ਕਾਰਨ ਮਾਪਿਆਂ ਨੇ ਆਪਣੇ ਬੱਚੇ ਪ੍ਰਾਈਵੇਟ ਸਕੂਲਾਂ ਵਿੱਚੋਂ ਹਟਾ ਕੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਏ ਹਨ।
ਸ਼੍ਰੀ ਛਾਬੜਾ ਨੇ ਕਿਹਾ ਕਿ ਸੂਬਾ ਸਰਕਾਰ ਅਧਿਆਪਕਾਂ ਨੂੰ ਸਿਖਲਾਈ ਦੇਣ ਲਈ ਸਿੰਘਾਪੁਰ ਅਤੇ ਹੋਰ ਦੇਸ਼ਾਂ ਵਿੱਚ ਭੇਜ ਰਹੀ ਹੈ ਤਾਂ ਜੋ ਬੱਚਿਆਂ ਨੂੰ ਉੱਚ ਪੱਧਰੀ ਸਿੱਖਿਆ ਤਕਨੀਕਾਂ ਨਾਲ ਜੋੜ ਕੇ ਸਮੇਂ ਦੇ ਹਾਣੀ ਬਣਾਇਆ ਜਾ ਸਕੇ।
ਉਹਨਾਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕੀਤੇ ਸਰਵੇ ਵਿੱਚ ਪੰਜਾਬ, ਸਿੱਖਿਆ ਦੇ ਖੇਤਰ ਵਿੱਚ ਪਹਿਲੇ ਨੰਬਰ 'ਤੇ ਆਇਆ ਹੈ ਅਤੇ ਇਹ ਸਾਡੇ ਸਕੂਲਾਂ ਦੇ ਅਧਿਆਪਕਾਂ ਦੀ ਮਿਹਨਤ ਸਦਕਾ ਸੰਭਵ ਹੋਇਆ ਹੈ।

ਮੈਗਾ ਪੀਟੀਐਮ ਦੌਰਾਨ ਬੁਲਾਰਿਆਂ ਵੱਲੋਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਵੱਲ ਹੋਰ ਧਿਆਨ ਦੇਣ ਅਤੇ ਜਦੋਂ ਵੀ ਸਕੂਲਾਂ ਵਿੱਚ ਮਾਪਿਆਂ ਅਧਿਆਪਕ ਮਿਲਣੀ ਹੁੰਦੀ ਹੈ ਤਾਂ ਮਾਪੇ ਆਪਣੇ ਬੱਚਿਆਂ ਦਾ ਰਿਪੋਰਟ ਕਾਰਡ ਦੇਖਣ ਜਰੂਰ ਆਉਣ। ਬੁਲਾਰਿਆਂ ਨੇ ਮਾਪਿਆਂ ਤੇ ਅਧਿਆਪਕਾਂ ਨੂੰ ਆਪਸ ਵਿੱਚ ਤਾਲਮੇਲ ਵਧਾਉਣ ਦੀ ਲੋੜ ਤੇ ਵੀ ਜ਼ੋਰ ਦਿੱਤਾ।
——————————
This news is auto published from an agency/source and may be published as received.
