
ਨਵੀਂ ਦਿੱਲੀ, 16 ਦਸੰਬਰ (ਨਿਊਜ਼ ਟਾਊਨ ਨੈਟਵਰਕ) : ਭਾਰਤ ਦਾ ਨਿਰਯਾਤ ਅਕਤੂਬਰ ’ਚ ਸੁੰਗੜਨ ਤੋਂ ਬਾਅਦ ਨਵੰਬਰ ’ਚ 19.37 ਫੀ ਸਦੀ ਵਧ ਕੇ 38.13 ਅਰਬ ਡਾਲਰ ਉਤੇ ਪਹੁੰਚ ਗਿਆ ਹੈ। ਸੋਮਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ ਮੁਤਾਬਕ ਸੋਨਾ, ਕੱਚੇ ਤੇਲ, ਕੋਲਾ ਅਤੇ ਕੋਕ ਦੀ ਬਰਾਮਦ ’ਚ ਗਿਰਾਵਟ ਕਾਰਨ ਦੇਸ਼ ਦੀ ਆਯਾਤ 1.88 ਫੀ ਸਦੀ ਘਟ ਕੇ 62.66 ਅਰਬ ਡਾਲਰ ਰਹਿ ਗਈ। ਆਯਾਤ ’ਚ ਗਿਰਾਵਟ ਨੇ ਨਵੰਬਰ ’ਚ ਦੇਸ਼ ਦੇ ਵਪਾਰ ਘਾਟੇ (ਆਯਾਤ ਅਤੇ ਨਿਰਯਾਤ ’ਚ ਅੰਤਰ) ਨੂੰ ਘੱਟ ਕਰਨ ’ਚ ਵੀ ਮਦਦ ਕੀਤੀ। ਇਸ ਤੋਂ ਪਹਿਲਾਂ ਇਸ ਸਾਲ ਜੂਨ ਵਿਚ 18.78 ਅਰਬ ਡਾਲਰ ਦਾ ਹੇਠਲਾ ਪੱਧਰ ਸੀ। ਅਕਤੂਬਰ ਵਿਚ ਵਪਾਰ ਘਾਟਾ ਰੀਕਾਰਡ 41.68 ਅਰਬ ਡਾਲਰ ਸੀ। ਕੁਲ ਮਿਲਾ ਕੇ ਅਪ੍ਰੈਲ-ਨਵੰਬਰ ਦੌਰਾਨ ਨਿਰਯਾਤ 2.62 ਫੀ ਸਦੀ ਵਧ ਕੇ 292.07 ਅਰਬ ਡਾਲਰ ਉਤੇ ਪਹੁੰਚ ਗਿਆ, ਜਦੋਂਕਿ 8 ਮਹੀਨਿਆਂ ਦੌਰਾਨ ਆਯਾਤ 5.59 ਫੀ ਸਦੀ ਵਧ ਕੇ 515.21 ਅਰਬ ਡਾਲਰ ਉਤੇ ਪਹੁੰਚ ਗਈ। ਘਾਟਾ 223.14 ਅਰਬ ਡਾਲਰ ਰਿਹਾ। ਵਣਜ ਸਕੱਤਰ ਰਾਜੇਸ਼ ਅਗਰਵਾਲ ਨੇ ਪੱਤਰਕਾਰਾਂ ਨੂੰ ਅੰਕੜਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਨਵੰਬਰ ’ਚ ਨਿਰਯਾਤ ਨੇ ਇਸ ਸਾਲ ਅਕਤੂਬਰ ’ਚ ਹੋਏ ਘਾਟੇ ਦੀ ਭਰਪਾਈ ਕੀਤੀ। ਉਨ੍ਹਾਂ ਕਿਹਾ ਕਿ ਨਵੰਬਰ ਨਿਰਯਾਤ ਲਈ ਚੰਗਾ ਮਹੀਨਾ ਰਿਹਾ ਹੈ। ਫੈਡਰੇਸ਼ਨ ਆਫ ਇੰਡੀਅਨ ਐਕਸਪੋਰਟ ਆਰਗੇਨਾਈਜ਼ੇਸ਼ਨ (ਐਫ.ਆਈ.ਈ.ਓ.) ਦੇ ਪ੍ਰਧਾਨ ਐਸ.ਸੀ. ਰਾਲਹਾਨ ਨੇ ਕਿਹਾ ਕਿ ਅਪ੍ਰੈਲ-ਨਵੰਬਰ 2025 ਦੌਰਾਨ 50 ਫ਼ੀ ਸਦੀ ਟੈਰਿਫ ਲਗਾਉਣ ਦੇ ਬਾਵਜੂਦ ਅਮਰੀਕਾ ਭਾਰਤ ਦੀ ਚੋਟੀ ਦੀ ਨਿਰਯਾਤ ਮੰਜ਼ਿਲ ਬਣੀ ਰਹੀ, ਜੋ ਨਿਰਯਾਤ ਭਾਈਚਾਰੇ ਦੀ ਲਚਕਤਾ ਅਤੇ ਅਨੁਕੂਲਤਾ ਨੂੰ ਸਪੱਸ਼ਟ ਤੌਰ ਉਤੇ ਦਰਸਾਉਂਦੀ ਹੈ। ਇਸ ਮਿਆਦ ਦੇ ਦੌਰਾਨ ਹੋਰ ਪ੍ਰਮੁੱਖ ਨਿਰਯਾਤ ਸਥਾਨਾਂ ਵਿਚ ਸੰਯੁਕਤ ਅਰਬ ਅਮੀਰਾਤ, ਨੀਦਰਲੈਂਡਜ਼, ਚੀਨ, ਯੂਕੇ, ਜਰਮਨੀ, ਸਿੰਗਾਪੁਰ, ਬੰਗਲਾਦੇਸ਼, ਸਾਊਦੀ ਅਰਬ ਅਤੇ ਹਾਂਗਕਾਂਗ ਸ਼ਾਮਲ ਸਨ।
——————————
This news is auto published from an agency/source and may be published as received.
