SGPC ਦੇ ਪ੍ਰਬੰਧ ਹੇਠ 328 ਪਾਵਨ ਸਰੂਪ ਲਾਪਤਾ ਹੋਣ ਦਾ ਮਾਮਲਾ ਗੁੰਮ ਹੋਏ 328 ਸਰੂਪਾਂ ਦੇ ਸਬੰਧ ਵਿੱਚ 16 ਖ਼ਿਲਾਫ਼ ਮੁਕੱਦਮਾ ਦਰਜ

ਪੰਜਾਬ ਸਰਕਾਰ ਕਿਸੇ ਵੀ ਧਰਮ ਦੀ ਬੇਅਦਬੀ ਨੂੰ ਬਰਦਾਸ਼ਤ ਨਹੀਂ ਕਰੇਗੀ: ਸੰਧਵਾਂ

ਅੰਮ੍ਰਿਤਸਰ, 8 ਦਸੰਬਰ (ਨਿਊਜ਼ ਟਾਊਨ) : ਸਿੱਖ ਸਦਭਾਵਨਾ ਦਲ (ਰਜਿ.) ਨੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਬੰਧ ਵਿੱਚ 2016 ਤੋਂ ਲਾਪਤਾ 328 ਪਾਵਨ ਸਰੂਪਾਂ ਦੇ ਮਾਮਲੇ ਨੂੰ ਲੈ ਕੇ ਅੰਮ੍ਰਿਤਸਰ ਦੇ ਸੀ-ਡਿਵੀਜ਼ਨ ਪੁਲਿਸ ਥਾਣੇ ਵਿੱਚ ਗੰਭੀਰ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਵਿੱਚ ਤਤਕਾਲੀਨ SGPC ਅਧਿਕਾਰੀਆਂ ਅਤੇ ਮੁਲਾਜ਼ਮਾਂ ਸਮੇਤ ਕੁੱਲ 16 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਸ਼ਿਕਾਇਤਕਰਤਿਆਂ ਨੇ ਦਾਅਵਾ ਕੀਤਾ ਹੈ ਕਿ SGPC ਦੀ ਤੱਤਕਾਲੀਨ ਪ੍ਰਬੰਧਕੀ ਟੀਮ ਦੇ ਮੈਂਬਰਾਂ ਵੱਲੋਂ ਨਾ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲਾਪਤਾ ਹੋਏ ਸਗੋਂ ਪਾਵਨ ਅੰਗਾਂ ਦੀ ਅਣਅਧਿਕਾਰਿਤ ਛਪਾਈ, ਅੰਗਾਂ ਦੇ ਰੋਲਣ ਅਤੇ ਪਬਲਿਕ ਫੰਡ ਦੇ ਗਬਨ ਦੇ ਗੰਭੀਰ ਦੋਸ਼ ਵੀ ਉੱਠੇ ਹਨ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਇਹ ਸਾਰੇ ਦੋਸ਼ SGPC ਦੁਆਰਾ ਬਣਾਈ ਗਈ ਸ੍ਰੀ ਈਸ਼ਰ ਸਿੰਘ ਦੀ ਅਗਵਾਈ ਵਾਲੀ ਕਾਰਵਾਈ ਜਾਂਚ ਕਮੇਟੀ ਦੀ ਰਿਪੋਰਟ ਵਿੱਚ ਵੀ ਦਰਸਾਏ ਗਏ ਹਨ, ਜਿਸ ’ਤੇ ਉਹ ਪੂਰਾ ਭਰੋਸਾ ਕਰਦੇ ਹਨ। ਸ਼ਿਕਾਇਤਕਰਤਿਆਂ ਅਨੁਸਾਰ SGPC ਦੇ ਉਸ ਸਮੇਂ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਦੋਸ਼ਾਂ ਨੂੰ ਸਵੀਕਾਰਦੇ ਹੋਏ ਕਾਰਵਾਈ ਦੀ ਗੱਲ ਕੀਤੀ ਸੀ, ਪਰ ਕੋਈ ਠੋਸ ਕਾਰਵਾਈ ਨਹੀਂ ਹੋਈ। ਉਨ੍ਹਾਂ ਨੇ ਪੁਲਿਸ ਨੂੰ ਉਸ ਪ੍ਰੈਸ ਕਾਨਫਰੰਸ ਦੀ ਰਿਕਾਰਡਿੰਗ ਵੀ ਸੌਂਪੀ ਹੈ।ਸਿੱਖ ਸਦਭਾਵਨਾ ਦਲ ਦਾ ਕਹਿਣਾ ਹੈ ਕਿ ਇਹ ਮਾਮਲਾ ਸਿਰਫ਼ ਪ੍ਰਸ਼ਾਸਕੀ ਗੜਬੜ ਨਹੀਂ ਸਗੋਂ ਧਾਰਮਿਕ ਭਾਵਨਾਵਾਂ ਨੂੰ ਗੰਭੀਰ ਠੇਸ ਪਹੁੰਚਾਉਣ ਦੇ ਬਰਾਬਰ ਹੈ। ਸ਼ਿਕਾਇਤ ਵਿੱਚ ਗੁਰੂ ਗ੍ਰੰਥ ਸਾਹਿਬ ਸਤਕਾਰ ਐਕਟ–2008 ਅਤੇ ਭਾਰਤੀ ਦੰਡ ਸੰਹਿਤਾ/ਨਿਆਏ ਸੰਹਿਤਾ ਦੀਆਂ ਸੰਬੰਧਿਤ ਧਾਰਾਵਾਂ ਅਧੀਨ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ।ਪੁਲਿਸ ਨੇ ਸ਼ਿਕਾਇਤ ਪ੍ਰਾਪਤ ਹੋਣ ਦੀ ਪੁਸ਼ਟੀ ਕੀਤੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ। ਇਸ ਮਾਮਲੇ ਦੇ ਵਿੱਚ ਉਸ ਸਮੇਂ ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ, ਉਸ ਸਮੇਂ ਦੇ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਮਨਜੀਤ ਸਿੰਘ, ਉਸ ਸਮੇਂ ਦੇ ਮੀਤ ਸਕੱਤਰ ਗੁਰਬਚਨ ਸਿੰਘ, ਮੀਤ ਸਕੱਤਰ ਫਾਈਨੈਂਸ ਸਤਿੰਦਰ ਸਿੰਘ, ਨਿਸ਼ਾਨ ਸਿੰਘ ਉਸ ਸਮੇਂ ਦੇ ਬੀਜ ਸਕੱਤਰ, ਇੰਚਾਰਜ ਪਰਮਜੀਤ ਸਿੰਘ, ਗੁਰਮੁਖ ਸਿੰਘ ਸੁਪਰਵਾਈਜ਼ਰ, ਅਕਾਊਂਟਡ ਜੁਝਾਰ ਸਿੰਘ, ਬਾਜ ਸਿੰਘ ਕਲਰਕ, ਹੈਲਪਰ ਦਲਬੀਰ ਸਿੰਘ, ਸਹਾਇਕ ਕਮਲਜੀਤ ਸਿੰਘ, ਜਲਦ ਸਾਜ ਕੁਲਵੰਤ ਸਿੰਘ, ਸਾਬਕਾ ਮੁੱਖ ਸਕੱਤਰ ਗੁਰਬਚਨ ਸਿੰਘ, ਚਾਰਟਰ ਅਕਾਊਂਟਡ ਸੁਰਿੰਦਰ ਸਿੰਘ ਕੋਹਲੀ ਅਤੇ ਅਮਰਜੀਤ ਸਿੰਘ ਸੇਵਾਦਾਰ ਅੰਗੂਠਾ ਸਾਹਿਬ ਗੋਇੰਦਵਾਲ ਅਤੇ ਹੋਰ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਇਹ ਐਫ ਆਈਆਰ ਦਰਜ ਕੀਤੀ ਗਈ। ਇਸ ਸਬੰਧੀ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸੇ ਵੀ ਧਰਮ ਦੀ ਬੇਅਦਬੀ ਨੂੰ ਬਰਦਾਸ਼ਤ ਨਹੀਂ ਕਰੇਗੀ। ਭਾਈ ਬਲਦੇਵ ਸਿੰਘ ਵਡਾਲਾ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੂੰ ਅਪੀਲ ਕੀਤੀ ਕਿ ਉਹ ਬੇਅਦਬੀ ਦੇ ਅਜਿਹੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਯਕੀਨੀ ਬਣਾਉਣ ਲਈ ਪੰਜਾਬ ਵਿਧਾਨ ਸਭਾ ਵਿੱਚ ਕਾਨੂੰਨ ਪਾਸ ਕਰਨ ਤਾਂ ਜੋ ਭਵਿੱਖ ਵਿੱਚ ਕੋਈ ਵੀ ਇਸ ਤਰ੍ਹਾਂ ਦੇ ਅਪਰਾਧ ਨੂੰ ਅੰਜ਼ਾਮ ਦੇਣ ਦੀ ਹਿੰਮਤ ਨਾ ਕਰੇ, ਜਿਸ ਨਾਲ ਸਮਾਜ ਲਈ ਵੀ ਇੱਕ ਮਜ਼ਬੂਤ ਮਿਸਾਲ ਕਾਇਮ ਹੋਵੇਗੀ।

——————————
This news is auto published from an agency/source and may be published as received.

Leave a Reply

Your email address will not be published. Required fields are marked *