ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਵੱਲੋਂ ਸ਼ਹੀਦੀ ਸਭਾ ਦੇ ਪ੍ਰਬੰਧਾਂ ਦੀਆਂ ਚੱਲ ਰਹੀਆਂ ਤਿਆਰੀਆਂ ਬਾਰੇ ਵਿਸਤ੍ਰਿਤ ਸਮੀਖਿਆ ਮੀਟਿੰਗ

ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਵੱਲੋਂ ਸ਼ਹੀਦੀ ਸਭਾ ਦੇ ਪ੍ਰਬੰਧਾਂ ਦੀਆਂ ਚੱਲ ਰਹੀਆਂ ਤਿਆਰੀਆਂ ਬਾਰੇ ਵਿਸਤ੍ਰਿਤ ਸਮੀਖਿਆ ਮੀਟਿੰਗ

ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ, ਸੰਗਤਾਂ ਲਈ ਹਰ ਸੁਵਿਧਾ ਨੂੰ ਯਕੀਨੀ ਬਣਾਉਣ ਦੀ ਹਦਾਇਤ

ਫਤਹਿਗੜ੍ਹ ਸਾਹਿਬ, 8 ਦਸੰਬਰ:

ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਭਾ ਦੇ ਪ੍ਰਬੰਧਾਂ ਦੀਆਂ ਚੱਲ ਰਹੀਆਂ ਤਿਆਰੀਆਂ ਬਾਰੇ ਸਮੀਖਿਆ ਲਈ ਬੱਚਤ ਭਵਨ ਵਿਖੇ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ ਨਾਲ ਵਿਸਤ੍ਰਿਤ ਮੀਟਿੰਗ ਕੀਤੀ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸ਼ਹੀਦੀ ਸਭਾ ਦੌਰਾਨ 25, 26 ਅਤੇ 27 ਦਸੰਬਰ ਨੂੰ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਤਾਦਾਦ ਵਿੱਚ ਆਉਣ ਵਾਲੀਆਂ ਸੰਗਤਾਂ ਲਈ ਹਰ ਸੁਵਿਧਾ ਨੂੰ ਸਮੇਂ ਸਿਰ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਬੀਤੇ ਐਤਵਾਰ ਵੀ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿਖੇ ਭਾਰੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਣ ਲਈ ਪਹੁੰਚੀਆਂ ਸਨ ਅਤੇ ਇਹ ਪੂਰੀ ਸੰਭਾਵਨਾ ਹੈ ਕਿ ਅਗਲੇ ਹਫਤੇ ਤੋਂ ਹੀ ਇਥੇ ਸ਼ਰਧਾਲੂਆਂ ਦੀ ਵੱਡੀ ਆਮਦ ਆਰੰਭ ਹੋ ਜਾਵੇ ਇਸ ਲਈ ਪ੍ਰਸਾ਼ਸਨਿਕ ਤੇ ਪੁਲਿਸ ਦੇ ਪੱਧਰ 'ਤੇ ਹਰ ਪ੍ਰਬੰਧ ਯਕੀਨੀ ਬਣਾਇਆ ਜਾਣਾ ਬੇਹੱਦ ਜ਼ਰੂਰੀ ਹੈ।

ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੁਰੱਖਿਆ ਪ੍ਰਬੰਧਾਂ, ਰੂਟ ਪਲਾਨ, ਆਵਾਜਾਈ ਵਿਵਸਥਾ ਅਤੇ ਵਾਧੂ ਪਾਰਕਿੰਗ ਸਥਾਨਾਂ ਦੀ ਚੋਣ ਦਾ ਕੰਮ ਪੂਰਾ ਕੀਤਾ ਜਾਵੇ। ਉਨ੍ਹਾਂ ਨੇ ਸੰਗਤਾਂ ਦੀ ਸੁਖਾਵੀਂ ਆਵਾਜਾਈ ਲਈ ਸ਼ਹਿਰ ਦੀਆਂ ਅੰਦਰੂਨੀ ਸੜਕਾਂ 'ਤੇ ਮੁਫ਼ਤ ਸ਼ਟਲ ਬੱਸਾਂ ਤੇ ਈ- ਰਿਕਸ਼ਾ ਲਗਾਉਣ ਦੇ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ।

ਡਾ. ਸੋਨਾ ਥਿੰਦ ਨੇ ਲਿੰਕ ਸੜਕਾਂ, ਨੈਸ਼ਨਲ ਹਾਈਵੇ ਅਤੇ ਮੁੱਖ ਸੜਕਾਂ ਦੇ ਮੁਰੰਮਤ ਕਾਰਜਾਂ ਵਿੱਚ ਵਧੇਰੇ ਤੇਜ਼ੀ ਲਿਆਉਣ ਦੀ ਹਦਾਇਤ ਕੀਤੀ। ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦੇ ਪ੍ਰਬੰਧਾਂ ਹੇਠ ਲੱਗਣ ਵਾਲੀਆਂ ਨੁਮਾਇਸ਼ਾਂ ਤੇ ਸਰਕਾਰੀ ਵਿਭਾਗਾਂ ਦੇ ਸਟਾਲਾਂ, ਵੱਖ—ਵੱਖ ਕਾਰਜਾਂ ਦੇ ਨਿਰਵਿਘਨ ਪ੍ਰਬੰਧਨ ਲਈ ਗਠਿਤ ਕਮੇਟੀਆਂ ਜਿਵੇਂ ਸਭਾ ਕਮੇਟੀ, ਟਰੈਫਿਕ ਕਮੇਟੀ, ਸਿਹਤ ਕਮੇਟੀ, ਸਫਾਈ ਕਮੇਟੀ, ਪਾਣੀ ਪ੍ਰਬੰਧਨ ਕਮੇਟੀ, ਪ੍ਰਹੁਣਚਾਰੀ ਕਮੇਟੀ, ਲੈਂਡ ਸਕੇਪਿੰਗ ਤੇ ਬਿਊਟੀਫਿਕੇਸ਼ਨ ਕਮੇਟੀ, ਰਾਹਤ ਕਮੇਟੀ ਆਦਿ ਦੇ ਕਾਰਜਾਂ, 26 ਤੇ 27 ਦਸੰਬਰ ਨੂੰ ਆਮ ਖਾਸ ਬਾਗ ਵਿਖੇ ਇਤਿਹਾਸਕ ਨਾਟਕ ਦੇ ਮੰਚਨ ਮੌਕੇ ਢੁਕਵੇਂ ਪ੍ਰਬੰਧਾਂ, ਗੁਰਦੁਆਰਾ ਸਾਹਿਬਾਨ ਦੇ ਆਲੇ ਦੁਆਲੇ ਨਿਯਮਤ ਸਫਾਈ, ਫਾਇਰ ਟੈਂਡਰ, ਆਰਜ਼ੀ ਟੁਆਇਲਟ, ਜਨ ਸਿਹਤ ਸੁਵਿਧਾਵਾਂ, ਡਿਸਪੈਂਸਰੀਆਂ ਦੀ ਸਥਾਪਨਾ, ਐਂਬੂਲੈਂਸਾਂ, ਆਰਜ਼ੀ ਮੈਡੀਕਲ ਕੈਂਪਾਂ, ਪੁੱਛਗਿੱਛ ਕੇਂਦਰਾਂ ਲਈ ਨੋਡਲ ਅਫਸਰਾਂ ਦੀ ਤਾਇਨਾਤੀ, ਚਾਰੇ ਦਾਖਲਾ ਗੇਟਾਂ ਦਾ ਨਵੀਨੀਕਰਨ ਆਦਿ ਬਾਰੇ ਵੀ ਹਦਾਇਤਾਂ ਦਿੱਤੀਆਂ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਹਦਾਇਤ ਕੀਤੀ ਗਈ ਕਿ ਕੋਈ ਵੀ ਅਧਿਕਾਰੀ ਅਗੇਤੀ ਪ੍ਰਵਾਨਗੀ ਤੋਂ ਬਿਨਾਂ ਛੁੱਟੀ ਨਹੀਂ ਲਵੇਗਾ ਅਤੇ ਆਪਸੀ ਸਹਿਯੋਗ ਤੇ ਸ਼ਰਧਾ ਭਾਵਨਾ ਨਾਲ ਸ਼ਹੀਦੀ ਸਭਾ ਦੇ ਸਮੁੱਚੇ ਪ੍ਰਬੰਧਾਂ ਨੂੰ ਨੇਪਰੇ ਚੜ੍ਹਾਇਆ ਜਾਵੇ। ਉਨ੍ਹਾਂ ਨੇ ਤਿੰਨ ਆਰਜ਼ੀ ਬੱਸ ਸਟੈਂਡ ਬਣਾਉਣ, ਬਿਜਲੀ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਏ ਰੱਖਣ, ਲਾਊਡ ਸਪੀਕਰਾਂ 'ਤੇ ਪਾਬੰਦੀ ਨੂੰ ਯਕੀਨੀ ਬਣਾਉਣ, ਸੁਰੱਖਿਆ ਕਰਮੀਆਂ ਦੇ ਠਹਿਰਾਓ ਦਾ ਢੁਕਵਾਂ ਪ੍ਰਬੰਧ ਕਰਨ, ਮੋਬਾਇਲ ਟਾਵਰਾਂ ਦੀ ਸਮਰੱਥਾ ਵਧਾਉਣ, ਰੈਣ ਬਸੇਰਿਆਂ ਵਿੱਚ ਪ੍ਰਬੰਧ ਯਕੀਨੀ ਬਣਾਉਣ ਆਦਿ ਹੋਰ ਦਿਸ਼ਾ ਨਿਰਦੇਸ਼ ਦਿੱਤੇ।

ਇਸ ਮੌਕੇ ਏ.ਡੀ.ਸੀ ਪੂਜਾ ਸਿਆਲ ਗਰੇਵਾਲ, ਐਸ.ਪੀ (ਡੀ) ਰਾਕੇਸ਼ ਕੁਮਾਰ ਯਾਦਵ, ਐਸ.ਡੀ.ਐਮ ਫਤਹਿਗੜ੍ਹ ਸਾਹਿਬ ਸੂਬਾ ਸਿੰਘ, ਐਸ.ਡੀ.ਐਮ ਬਸੀ ਪਠਾਣਾ ਹਰਵੀਰ ਕੌਰ, ਮੁੱਖ ਮੰਤਰੀ ਫੀਲਡ ਅਫਸਰ ਸ਼ੰਕਰ ਸ਼ਰਮਾ, ਮੈਨੇਜਰ ਗੁਰਦੁਆਰਾ ਸਾਹਿਬ ਗੁਰਦੀਪ ਸਿੰਘ ਕੰਗ, ਸਿਵਲ ਸਰਜਨ ਡਾ. ਅਰਵਿੰਦ ਪਾਲ ਸਿੰਘ ਸਮੇਤ ਸਮੂਹ ਵਿਭਾਗਾਂ ਦੇ ਮੁਖੀ ਤੇ ਐਕਸੀਅਨ ਵੀ ਹਾਜ਼ਰ ਸਨ।

——————————
This news is auto published from an agency/source and may be published as received.

Leave a Reply

Your email address will not be published. Required fields are marked *