
ਪੁਲਿਸ ਨੇ 10 ਹੋਰ ਵਿਅਕਤੀਆਂ ਵਿਰੁੱਧ ਮੁਕੱਦਮਾ ਰਜਿਸਟਰ ਕੀਤਾ
ਖੰਨਾ : ਆਰਗੈਨਿਕ ਖੇਤੀ ਦੇ ਨਾਂ ਤੇ ਚੱਲ ਰਹੇ ਵਿਸ਼ਾਲ ਆਰਥਿਕ ਘੋਟਾਲੇ ਨੇ ਪੰਜਾਬ ਨੂੰ ਹੀ ਨਹੀਂ, ਸਗੋਂ ਹਰਿਆਣਾ ਤੇ ਹੋਰ ਰਾਜਾਂ ਨੂੰ ਵੀ ਚੇਤਾਵਨੀ ਵਰਗਾ ਹੈ। ਖੰਨਾ ਪੁਲਿਸ ਨੇ ਇਸ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ 10 ਹੋਰ ਵਿਅਕਤੀਆਂ ਵਿਰੁੱਧ ਨਵਾਂ ਮੁਕੱਦਮਾ ਰਜਿਸਟਰ ਕੀਤਾ ਹੈ। ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਵੱਲੋਂ ਚੱਲ ਰਹੀ ਤਫਤੀਸ਼ ਵਿੱਚ ਲਗਾਤਾਰ ਨਵੇਂ ਖੁਲਾਸੇ ਹੋ ਰਹੇ ਹਨ, ਜਿਸ ਨਾਲ ਧੋਖਾਧੜੀ ਦੀ ਰਕਮ ਕਈ ਸੌ ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਅਧਿਕਾਰੀਆਂ ਮੁਤਾਬਕ, ਇਹ ਰਾਜ ਦਾ ਸਭ ਤੋਂ ਵੱਡਾ ਆਰਥਿਕ ਅਪਰਾਧ ਹੋ ਸਕਦਾ ਹੈ। ਪੁਲਿਸ ਅਨੁਸਾਰ, ਨਵਾਂ ਮੁਕੱਦਮਾ ਡਾ. ਮਨਪ੍ਰੀਤ ਸਿੰਘ (ਵਾਸੀ 17-ਏ, ਫਰੇਡਜ਼ ਕਾਲੋਨੀ, ਇਨਕਲੇਵ, ਜੀਰਕਪੁਰ, ਐੱਸਏਐਸ ਨਗਰ) ਦੀ ਸ਼ਿਕਾਇਤ ਤੇ ਰਜਿਸਟਰ ਕੀਤਾ ਗਿਆ ਹੈ। ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਆਰਗੈਨਿਕ ਖੇਤੀ ਦੇ ਨਾਂ ਤੇ ਉਨ੍ਹਾਂ ਨਾਲ 29.70 ਲੱਖ ਰੁਪਏ ਦੀ ਧੋਖਾਧੜੀ ਕੀਤੀ ਗਈ। ਇਹ ਧੋਖਾ ਇੱਕ ਸੰਗਠਿਤ ਗਰੋਹ ਵੱਲੋਂ ਕੀਤਾ ਗਿਆ, ਜਿਸ ਨੇ ਭੋਲੇ-ਭਾਲੇ ਲੋਕਾਂ ਨੂੰ ਵੱਡੀ ਆਮਦਨ ਦੇ ਲਾਲਚ ਦਿੱਕੇ ਆਪਣੇ ਵੱਖ-ਵੱਖ ਫਰਮਾਂ ਦੇ ਖਾਤਿਆਂ ਵਿੱਚ ਨਿਵੇਸ਼ ਕਰਵਾਇਆ। ਮੁਕੱਦਮੇ ਵਿੱਚ ਨਾਮਜ਼ਦ ਵਿਅਕਤੀਆਂ ਵਿੱਚ ਹਰੀ ਓਮ ਸੈਣੀ (ਵਾਸੀ ਡਾਡੋਲਾ, ਜ਼ਿਲ੍ਹਾ ਪਾਣੀਪਤ), ਬਿਕਰਮਜੀਤ ਸਿੰਘ (ਮਾਲਕ—ਜਨਰੇਸ਼ਨ ਆਫ ਫਾਰਮਿੰਗ, ਵਾਸੀ ਪਿੰਡ ਗਹਿਲੇਵਾਲ, ਜ਼ਿਲ੍ਹਾ ਲੁਧਿਆਣਾ), ਜਸਪ੍ਰੀਤ ਸਿੰਘ (ਵਾਸੀ ਜਲਣਪੁਰ), ਪਰਵਿੰਦਰ ਸਿੰਘ ਤੇ ਬਾਬਰ ਸਿੰਘ (ਵਾਸੀ ਪਿੰਡ ਬੈਣਾਂ ਬੁਲੰਦ, ਜ਼ਿਲ੍ਹਾ ਫਤਿਹਗੜ੍ਹ ਸਾਹਿਬ), ਨਵੀਨ ਬੌਸ਼ (ਵਾਸੀ ਸੋਨੀਪਤ, ਗਲੋਬਲ ਹੈੱਡ), ਅਵਤਾਰ ਸਿੰਘ ਕੰਗ (ਵਾਸੀ ਖੀਰਨੀਆ), ਅਮਿਤ ਖੁੱਲਰ (ਵਾਸੀ ਫਿਰੋਜ਼ਪੁਰ), ਸਤਵਿੰਦਰ ਸਰਮਾ ਉਰਫ਼ ਸੋਨਾ (ਵਾਸੀ ਭੱਦਲਧੂਹਾਂ) ਤੇ ਦਲਵੀਰ ਸਿੰਘ (ਵਾਸੀ ਗਹਿਲੇਵਾਲ) ਸ਼ਾਮਲ ਹਨ। ਜਾਂਚ ਵਿੱਚ ਪਤਾ ਲੱਗਾ ਹੈ ਕਿ ਬਿਕਰਮਜੀਤ ਸਿੰਘ ਤੇ ਉਸ ਦੇ ਸਾਥੀ ਲੰਬੇ ਅਰਸੇ ਤੋਂ ਇਸ ਗੋਲਮੇਲ ਨੂੰ ਚਲਾ ਰਹੇ ਸਨ। ਇਹ ਗਰੋਹ ਪੰਜਾਬ, ਹਰਿਆਣਾ ਤੇ ਹੋਰ ਰਾਜਾਂ ਵਿੱਚ ਆਪਣੇ ਵਿਸ਼ਾਲ ਨੈੱਟਵਰਕ ਰਾਹੀਂ ਲੋਕਾਂ ਨੂੰ ਆਰਗੈਨਿਕ ਖੇਤੀ ਵਿੱਚ ਵੱਡੇ ਮੁਨਾਫੇ ਦੇ ਵਾਅਦੇ ਕਰਕੇ ਠੱਗ ਰਿਹਾ ਸੀ। ਐੱਸਆਈਟੀ ਨੂੰ ਕਈ ਸੌ ਕਰੋੜਾਂ ਦੇ ਲੈਣ-ਦੇਣ ਦੇ ਸਬੂਤ ਮਿਲ ਚੁੱਕੇ ਹਨ, ਜਿਸ ਨਾਲ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪੁਲਿਸ ਨੇ ਦੱਸਿਆ ਕਿ ਕਈ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਫ਼ਰਾਰਾਂ ਨੂੰ ਪਕੜਨ ਲਈ ਵਿਸ਼ੇਸ਼ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ। ਨਾਲ ਹੀ, ਹੋਰ ਪੀੜਤਾਂ ਅੱਗੇ ਆਉਣ ਲਈ ਅਪੀਲ ਕੀਤੀ ਗਈ ਹੈ। ਇਸ ਘੋਟਾਲੇ ਨੇ ਨਾ ਸਿਰਫ਼ ਵਿੱਤੀ ਨੁਕਸਾਨ ਪਹੁੰਚਾਇਆ ਹੈ, ਸਗੋਂ ਆਰਗੈਨਿਕ ਖੇਤੀ ਵਰਗੇ ਮਹੱਤਵਪੂਰਨ ਖੇਤਰ ਤੇ ਵੀ ਬੁਰਾ ਅਸਰ ਪਾਇਆ ਹੈ। ਪੁਲਿਸ ਨੇ ਲੋਕਾਂ ਨੂੰ ਅਜਿਹੇ ਲਾਲਚਾਂ ਤੋਂ ਸਾਵਧਾਨ ਰਹਿਣ ਦੀ ਹਦਾਇਤ ਕੀਤੀ ਹੈ।
This news is auto published from an agency/source and may be published as received.
