
ਮੰਡੀ ਗੋਬਿੰਦਗੜ੍ਹ : ਆਵਾਜਾਈ ਦੀ ਸਮੱਸਿਆ ਨੂੰ ਕਾਬੂ ਹੇਠ ਕਰ ਨਗਰ ਕੌਂਸਲ ਰਾਹੀਂ ਕਰੀਬ 2 ਕਰੋੜ 68 ਲੱਖ ਰੁਪਏ ਦੀ ਲਾਗਤ ਵਾਲੇ ਕ੍ਰੈਸ਼ ਬੈਰੀਅਰ ਪ੍ਰੋਜੈਕਟ ਦਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਪਿਛਲੇ ਲੰਬੇ ਸਮੇਂ ਤੋਂ ਆਵਾਜਾਈ ਦੀ ਸਮੱਸਿਆ ਗੰਭੀਰ ਬਣੀ ਹੋਈ ਸੀ ਜਿਸ ਨੂੰ ਦੇਖਦਿਆਂ ਇਸ ਬਹੁ ਪੜਾਵੀ ਪ੍ਰੋਜੈਕਟ ਨੂੰ ਕਰੀਬ ਡੇਢ ਸਾਲ ਪਹਿਲਾਂ ਆਰੰਭਿਆ ਗਿਆ ਸੀ ਅਤੇ ਨੈਸ਼ਨਲ ਹਾਈਵੇ ਅਥਾਰਟੀ ਦੀ ਸਹਾਇਤਾ ਨਾਲ ਜਿੱਥੇ ਸ਼ਹਿਰ ਵਿਚ ਪ੍ਰਮੁੱਖ ਥਾਵਾਂ, ਜਨਤਕ ਸਥਾਨਾਂ, ਬਜ਼ਾਰਾਂ ਵਿਚ ਲੋਕਾਂ ਦੀ ਸੁਵਿਧਾ ਲਈ ਦੋ ਪਹੀਆ ਤੇ ਚਾਰ ਪਹੀਆ ਵਾਹਨਾਂ ਦੀ ਪਾਰਕਿੰਗ ਵਿਵਸਥਾ ਨੂੰ ਪੱਕੀਆਂ ਟਾਈਲਾਂ ਲਗਾ ਕੇ ਸੁਚਾਰੂ ਬਣਾਇਆ ਗਿਆ ਹੈ ਉੱਥੇ ਹੀ ਸੜਕਾਂ ’ਤੇ ਬੇਤਰਤੀਬੇ ਢੰਗ ਨਾਲ ਖੜ੍ਹਨ ਵਾਲੇ ਟਰੱਕਾਂ ਲਈ ਵੀ ਸ਼ਹਿਰ ਤੋਂ ਕੁੱਝ ਦੂਰੀ ’ਤੇ ਦੋ ਖੁੱਲ੍ਹੀਆਂ ਜਗ੍ਹਾ ਨਿਰਧਾਰਿਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਧੁੰਦ ਦੇ ਮੱਦੇਨਜ਼ਰ ਇਹ ਕ੍ਰੈਸ਼ ਬੈਰੀਅਰ ਉੱਤੇ ਰਿਫਲੈਕਟਰ ਵੀ ਲਗਾਏ ਜਾਣਗੇ।
ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਦੀ ਮੌਜੂਦਗੀ ਵਿਚ ਦੱਸਿਆ ਕਿ ਲਗਭਗ 9 ਕਿੱਲੋਮੀਟਰ ਦੀ ਲੰਬਾਈ ਵਾਲੇ ਕ੍ਰੈਸ਼ ਬੈਰੀਅਰ ਵਿੱਚੋਂ 6 ਕਿੱਲੋਮੀਟਰ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਜਦਕਿ ਬਾਕੀ 3 ਕਿੱਲੋਮੀਟਰ ਵੀ ਛੇਤੀ ਹੀ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੁਰੱਖਿਆ ਉਪਕਰਨ ਵਜੋਂ ਇਹ ਕ੍ਰੈਸ਼ ਬੈਰੀਅਰ ਲਾਹੇਵੰਦ ਸਾਬਤ ਹੋਵੇਗਾ ਜਿਸ ਨਾਲ ਵਾਹਨਾਂ ਦੇ ਟਕਰਾਅ ਦੀ ਗੰਭੀਰਤਾ ਨੂੰ ਘੱਟ ਕਰਨ ਅਤੇ ਅਜਿਹਾ ਹੀ ਕੋਈ ਹਾਦਸਾ ਹੋਣ ਦੀ ਸੂਰਤ ਵਿਚ ਵਾਹਨਾਂ ਨੂੰ ਸੜਕ ਤੋਂ ਹੇਠਾਂ ਉਤਰਨ ਜਾਂ ਦੂਜੇ ਪਾਸੇ ਦੀ ਲੇਨ ਵਿਚ ਜਾਣ ਤੋਂ ਰੋਕਿਆ ਜਾ ਸਕੇਗਾ।
ਵਿਧਾਇਕ ਗੈਰੀ ਬੜਿੰਗ ਨੇ ਕਿਹਾ ਕਿ ਇਹ ਪ੍ਰੋਜੈਕਟ ਪੜਾਅਵਾਰ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ ਜਿਸ ਤਹਿਤ ਅਗਲੇ ਪੜਾਅ ਵਿਚ ਸ਼ਹਿਰ ਦਾ ਕਾਇਆ ਕਲਪ ਕੀਤਾ ਜਾਵੇਗਾ ਜਿਸ ਵਿਚ ਗਰੀਨ ਬੈਲਟ, ਪਾਰਕਾਂ ਦੀ ਸੁੰਦਰਤਾ, ਸੈਰ ਕਰਨ ਵਾਲਿਆਂ ਲਈ ਢੁਕਵੀ ਵਿਵਸਥਾ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਭੀੜ ਭੜੱਕੇ ਤੇ ਕਾਬੂ ਪਾਉਣ ਮਗਰੋਂ ਛੇਤੀ ਹੀ ਸ਼ਹਿਰ ਵਿਚ ਬੱਸਾਂ ਦੀ ਆਵਾਜਾਈ ਆਰੰਭ ਕਰਨ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਰਾਹਗੀਰਾਂ ਦੀ ਸੁਵਿਧਾ ਵਿਚ ਵਾਧਾ ਹੋ ਸਕੇ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਪ੍ਰਸ਼ਾਸਨਿਕ ਸਖਤੀ ਤੋਂ ਬਗੈਰ ਹੀ ਢੁਕਵੇਂ ਬਦਲ ਵਜੋਂ ਰਲ ਮਿਲ ਕੇ ਸ਼ਹਿਰ ਦੀ ਸੁੰਦਰਤਾ ਤੇ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ।
ਇਸ ਮੌਕੇ ਪ੍ਰਧਾਨ ਨਗਰ ਕੌਂਸਲ ਹਰਪ੍ਰੀਤ ਸਿੰਘ ਪ੍ਰਿੰਸ ਨੇ ਕਿਹਾ ਕਿ ਸ਼ਹਿਰ ਦੀ ਨੁਹਾਰ ਬਦਲ ਰਹੀ ਹੈ ਅਤੇ ਆਵਾਜਾਈ ਸਮੱਸਿਆ ਵਿਚ ਵੱਡੇ ਸੁਧਾਰ ਦੇਖਣ ਨੂੰ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਸਾਫ਼਼ ਸੁਥਰਾ ਰੱਖਣ ਲਈ ਨਗਰ ਕੌਂਸਲ ਦੀਆਂ ਟੀਮਾਂ ਮੁਸਤੈਦ ਹਨ ਪਰ ਲੋਕਾਂ ਦੇ ਸਹਿਯੋਗ ਨਾਲ ਹੀ ਇਹ ਸੰਭਵ ਹੈ। ਉਨ੍ਹਾਂ ਨੇ ਟਰੱਕ ਚਾਲਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਨਿਰਧਾਰਿਤ ਕੀਤੇ ਸਥਾਨਾਂ ’ਤੇ ਹੀ ਟਰੱਕ ਪਾਰਕਿੰਗ ਕਰਨ ਤਾਂ ਜੋ ਆਵਾਜਾਈ ਸਮੱਸਿਆ ਤੋਂ ਨਿਜਾਤ ਮਿਲੇ ਅਤੇ ਸੜਕ ਹਾਦੱਸਿਆਂ ਕਾਰਨ ਕੀਮਤੀ ਜਾਨਾਂ ਨਾ ਗੁਆਚਣ।
