ਡਾਇਲਸਿਸ ਤੋਂ ਲੈ ਕੇ ਕੈਂਸਰ ਦੇ ਇਲਾਜ ਤੱਕ, ਭਗਵੰਤ ਮਾਨ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਨੇ 2 ਲੱਖ ਪਰਿਵਾਰਾਂ ਨੂੰ ਆਰਥਿਕ ਬਰਬਾਦੀ ਤੋਂ ਬਚਾਇਆ-ਵਿਧਾਇਕ ਰਾਏ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਫ਼ਤਹਿਗੜ੍ਹ ਸਾਹਿਬ

ਡਾਇਲਸਿਸ ਤੋਂ ਲੈ ਕੇ ਕੈਂਸਰ ਦੇ ਇਲਾਜ ਤੱਕ, ਭਗਵੰਤ ਮਾਨ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਨੇ 2 ਲੱਖ ਪਰਿਵਾਰਾਂ ਨੂੰ ਆਰਥਿਕ ਬਰਬਾਦੀ ਤੋਂ ਬਚਾਇਆ-ਵਿਧਾਇਕ ਰਾਏ ਲਾਈਫ਼ਲਾਈਨ ਡਾਇਲਸਿਸ ’ਤੇ ਮੌਜੂਦ 68,000 ਤੋਂ ਵੱਧ ਗੁਰਦਾ ਰੋਗੀਆਂ ਸਮੇਤ ਕੈਂਸਰ, ਦਿਲ ਦੇ ਰੋਗ ਅਤੇ ਅਧਰੰਗ ਦੇ ਕੇਸ ਪੂਰੀ ਤਰ੍ਹਾਂ ਕੀਤੇ ਗਏ ਕਵਰ

ਫ਼ਤਹਿਗੜ੍ਹ ਸਾਹਿਬ, 12 ਅਪ੍ਰੈਲ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ’ਮੁੱਖ ਮੰਤਰੀ ਸਿਹਤ ਯੋਜਨਾ’ ਪੰਜਾਬ ਵਿੱਚ ਸਿਹਤ ਸੇਵਾਵਾਂ ਦੀ ਪਹੁੰਚ ਨੂੰ ਨਵਾਂ ਰੂਪ ਦੇ ਕੇ ਇਹ ਯਕੀਨੀ ਬਣਾ ਰਹੀ ਕਿ ਰਾਜ ਅੰਦਰ ਕੋਈ ਵੀ ਪਰਿਵਾਰ ਵਿੱਤੀ ਤੰਗੀ ਕਾਰਣ ਇਲਾਜ਼ ਕਰਵਾਉਣ ਤੋਂ ਵਾਂਝਾ ਨਾ ਰਹੇ। ਨਵਜੰਮੇ ਬੱਚਿਆਂ ਦੀ ਗੰਭੀਰ ਦੇਖਭਾਲ ਤੋਂ ਲੈ ਕੇ ਗੁੰਝਲਦਾਰ ਸਰਜਰੀਆਂ ਅਤੇ ਜੀਵਨ ਭਰ ਚੱਲਣ ਵਾਲੇ ਪੁਰਾਣੇ ਗੰਭੀਰ ਰੋਗਾਂ ਦੇ ਇਲਾਜ ਤੱਕ, ਇਹ ਸਕੀਮ ਪੰਜਾਬ ਭਰ ਦੇ ਲੱਖਾਂ ਪਰਿਵਾਰਾਂ ਨੂੰ ਸਮੇਂ ਸਿਰ, ਨਕਦ ਰਹਿਤ ਡਾਕਟਰੀ ਸਹਾਇਤਾ ਪ੍ਰਦਾਨ ਕਰ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆ ਵਿਧਾਇਕ ਲਖਬੀਰ ਸਿੰਘ ਰਾਏ ਨੇ ਦੱਸਿਆ ਕਿ ਪੂਰੇ ਪੰਜਾਬ ਵਿੱਚ, 2 ਲੱਖ ਤੋਂ ਵੱਧ ਪਰਿਵਾਰਾਂ ਨੇ ਅਜਿਹੀ ਹੀ ਰਾਹਤ ਮਹਿਸੂਸ ਕੀਤੀ ਹੈ, ਜਿੱਥੇ ਬਗ਼ੈਰ ਕਿਸੇ ਕਰਜ਼ੇ, ਗਹਿਣੇ ਗਿਰਵੀ ਰੱਖਣ ਜਾਂ ਵਿੱਤੀ ਮਦਦ ਲਈ ਹਾੜੇ ਕੱਢੇ ਬਿਨਾਂ ਤੁਰੰਤ ਇਲਾਜ ਸ਼ੁਰੂ ਹੋਇਆ।

ਉਨ੍ਹਾਂ ਦੱਸਿਆ ਕਿ ਇਸ ਸਕੀਮ ਨੇ 900 ਤੋਂ ਵੱਧ ਸੂਚੀਬੱਧ ਸਰਕਾਰੀ ਅਤੇ ਨਿਜੀ ਹਸਪਤਾਲਾਂ ਦੇ ਨੈੱਟਵਰਕ ਰਾਹੀਂ 40,000 ਤੋਂ ਵੱਧ ਸਰਜੀਕਲ ਪ੍ਰਕਿਰਿਆਵਾਂ ਸਮੇਤ 2 ਲੱਖ ਤੋਂ ਵੱਧ ਇਲਾਜਾਂ ਲਈ 300 ਕਰੋੜ ਰੁਪਏ ਤੋਂ ਵੱਧ ਦੀ ਨਕਦ ਰਹਿਤ ਸਿਹਤ ਸੇਵਾ ਪ੍ਰਦਾਨ ਕੀਤੀ ਹੈ। ਇਹਨਾਂ ਵਿੱਚੋਂ ਹਰੇਕ ਅੰਕੜਾ ਇੱਕ ਅਜਿਹੇ ਪਰਿਵਾਰ ਨਾਲ ਸਬੰਧਤ ਹੈ ਜਿਸ ਨੂੰ ਸਿਹਤ ਅਤੇ ਵਿੱਤੀ ਬਚਾਅ ਵਿੱਚੋਂ ਕਿਸੇ ਇੱਕ ਨੂੰ ਚੁਣਨ ਦੀ ਲੋੜ ਨਹੀਂ ਪਈ।

ਵਿਧਾਇਕ ਰਾਏ ਨੇ ਦੱਸਿਆ ਕਿ ਸਭ ਤੋਂ ਵੱਧ ਪ੍ਰਾਪਤ ਕੀਤੇ ਜਾਣ ਵਾਲੇ ਇਲਾਜਾਂ ਵਿੱਚ ਡਾਇਲਸਿਸ, ਦਿਲ ਦੀਆਂ ਬਿਮਾਰੀਆਂ ਦੇ ਇਲਾਜ, ਆਰਥੋਪੀਡਿਕ ਸਰਜਰੀਆਂ, ਕੈਂਸਰ ਦੀ ਦੇਖਭਾਲ, ਅਤੇ ਸ਼ੂਗਰ ਨਾਲ ਸਬੰਧਤ ਪੇਚੀਦਗੀਆਂ ਤੇ ਸਾਹ ਦੀਆਂ ਬਿਮਾਰੀਆਂ ਦੇ ਇਲਾਜ ਸ਼ਾਮਲ ਹਨ, ਜੋ ਇਸ ਸਕੀਮ ਦੇ ਵਿਆਪਕ ਕਲੀਨਿਕਲ ਘੇਰੇ ਨੂੰ ਦਰਸਾਉਂਦੇ ਹਨ।

ਉਨ੍ਹਾਂ ਦੱਸਿਆ ਕਿ ਗੁਰਦਿਆਂ ਦੀ ਪੁਰਾਣੀ ਬਿਮਾਰੀ ਇੱਕ ਨਿਰੰਤਰ ਚੁਣੌਤੀ ਹੈ, ਜਿਸ ਵਿੱਚ ਜੀਵਨ ਭਰ ਹਰ ਹਫ਼ਤੇ ਕਈ ਵਾਰ ਡਾਇਲਸਿਸ ਦੀ ਲੋੜ ਹੁੰਦੀ ਹੈ। ਇਸ ਸਕੀਮ ਦੇ ਤਹਿਤ, ਪੂਰੇ ਪੰਜਾਬ ਵਿੱਚ 68,000 ਤੋਂ ਵੱਧ ਗੁਰਦਾ ਰੋਗੀਆਂ ਨੂੰ ਨਿਰੰਤਰ ਡਾਇਲਸਿਸ ਇਲਾਜ ਰਾਹੀਂ ਸਹਾਰਾ ਦਿੱਤਾ ਜਾ ਰਿਹਾ ਹੈ, ਜਿਸ ’ਤੇ 14 ਕਰੋੜ ਰੁਪਏ ਤੋਂ ਵੱਧ ਦਾ ਖ਼ਰਚਾ ਆਇਆ ਹੈ। ਅਜਿਹੀ ਸਹਾਇਤਾ ਤੋਂ ਬਿਨਾਂ, ਕਮਜ਼ੋਰ ਆਰਥਿਕਤਾ ਵਾਲੇ ਪਰਿਵਾਰਾਂ ਨੂੰ ਮਹਿੰਗੇ ਇਲਾਜ ਕਰਾਉਣਾ ਬਹੁਤ ਔਖਾ ਹੈ, ਤੇ ਸਕੀਮ ਵਾਰਦਾਨ ਸਾਬਿਤ ਹੋ ਰਹੀ ਹੈ ।

ਵਿਧਾਇਕ ਲਖਬੀਰ ਸਿੰਘ ਰਾਏ ਨੇ ਦੱਸਿਆ ਕਿ ਸਕੀਮ ਅਧੀਨ ਕੈਂਸਰ ਦੀ ਦੇਖਭਾਲ ਵੀ ਵਿਆਪਕ ਰਹੀ ਹੈ, ਜਿਸ ਵਿੱਚ ਕੀਮੋਥੈਰੇਪੀ, ਰੇਡੀਏਸ਼ਨ ਅਤੇ ਸਰਜੀਕਲ ਓਨਕੋਲੋਜੀ ਸਮੇਤ 14,000 ਤੋਂ ਵੱਧ ਇਲਾਜ 35 ਕਰੋੜ ਰੁਪਏ ਤੋਂ ਵੱਧ ਦੀ ਕੁੱਲ ਲਾਗਤ ਨਾਲ ਪ੍ਰਦਾਨ ਕੀਤੇ ਗਏ ਹਨ, ਜੋ ਇਹ ਯਕੀਨੀ ਬਣਾਉਂਦੇ ਹਨ ਕਿ ਮਰੀਜ਼ਾਂ ਨੂੰ ਇਲਾਜ ਦੇ ਸਾਰੇ ਪੜਾਵਾਂ ਵਿੱਚ ਨਿਰਵਿਘਨ ਦੇਖਭਾਲ ਮਿਲੇ।

ਇਸੇ ਤਰ੍ਹਾਂ ਦਿਲ ਦੀਆਂ ਬਿਮਾਰੀਆਂ ਵਿੱਚ ਉੰਨਤ ਇਲਾਜ ਨੂੰ ਪਹੁੰਚਯੋਗ ਬਣਾਇਆ ਗਿਆ ਹੈ। ਪੀ ਜੀ ਆਈ ਐਮ ਈ ਆਰ ਚੰਡੀਗੜ੍ਹ ਵਿਖੇ ਟ੍ਰਾਈਕਸਪਿਡ ਵਾਲਵ ਦੀ ਮੁਰੰਮਤ ਦੇ ਨਾਲ ਇੱਕ ਬਹੁਤ ਹੀ ਗੁੰਝਲਦਾਰ ’ਡਬਲ-ਸਵਿੱਚ ਕਾਰਡੀਅਕ ਆਪ੍ਰੇਸ਼ਨ’, ਜੋ ਕਿ ਭਾਰਤ ਵਿੱਚ ਦਿਲ ਦੀਆਂ ਸਰਜਰੀਆਂ ਵਿੱਚੋਂ ਸਭ ਤੋਂ ਵੱਧ ਤਕਨੀਕੀ ਤੌਰ ’ਤੇ ਮੁਸ਼ਕਲ ਸਰਜਰੀ ਹੈ, ਨੂੰ 4.41 ਲੱਖ ਰੁਪਏ ਵਿੱਚ ਪੂਰੀ ਤਰ੍ਹਾਂ ਕਵਰ ਕੀਤਾ ਗਿਆ। ਨਿਜੀ ਖੇਤਰ ਵਿੱਚ, ਅਜਿਹੀਆਂ ਪ੍ਰਕਿਰਿਆਵਾਂ ਦੀ ਕੀਮਤ ਆਮ ਤੌਰ ’ਤੇ 5 ਲੱਖ ਤੋਂ 8 ਲੱਖ ਰੁਪਏ ਦੇ ਵਿਚਕਾਰ ਹੁੰਦੀ ਹੈ। ਕੁੱਲ ਮਿਲਾ ਕੇ, ਇਸ ਸਕੀਮ ਅਧੀਨ ਐਂਜੀਓਪਲਾਸਟੀ ਅਤੇ ਸਥਾਈ ਪੇਸਮੇਕਰ ਇਮਪਲਾਂਟੇਸ਼ਨ ਸਮੇਤ 5,700 ਤੋਂ ਵੱਧ ਦਿਲ ਦੀਆਂ ਬਿਮਾਰੀਆਂ ਦੇ ਇਲਾਜ ਕਵਰ ਕੀਤੇ ਗਏਹਨ, ਜਿਸ ਵਿੱਚ ਦਿਲ ਦੇ ਇਲਾਜ ਦਾ ਕੁੱਲ ਖਰਚਾ 47 ਕਰੋੜ ਰੁਪਏ ਤੋਂ ਵੱਧ ਹੈ।

ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਲੋਕਾਂ ਨੂੰ ਨਿਰਧਾਰਤ ਕੇਂਦਰਾਂ ਅਤੇ ਜ਼ਮੀਨੀ ਪੱਧਰ ’ਤੇ ਲਗਾਏ ਜਾ ਰਹੇ ਕੈਂਪਾਂ ਰਾਹੀਂ ਸਿਹਤ ਕਾਰਡ ਲਈ ਰਜਿਸਟਰ ਕਰਨ ਲਈ ਉਤਸ਼ਾਹਿਤ ਕਰ ਰਹੀ ਹੈ, ਤਾਂ ਜੋ ’ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਨਕਦ ਰਹਿਤ ਇਲਾਜ ਤੱਕ ਵਿਆਪਕ ਪਹੁੰਚ ਬਣਾਈ ਜਾ ਸਕੇ।

——————————
This news is auto published from an agency/source and may be published as received.

Leave a Reply

Your email address will not be published. Required fields are marked *