
ਸੁਖਬੀਰ ਸਿੰਘ ਬਾਦਲ ਦੀ ਐਂਟਰੀ ਮੌਕੇ ਲੱਗੇ ਅਕਾਲੀ ਦਲ ਜ਼ਿੰਦਾਬਾਦ ਦੇ ਨਾਹਰੇ, ਫੁੱਲਾਂ ਦੀ ਵਰਖਾ ਹੋਈ
ਮਾਲੇਰਕੋਟਲਾ, 31 ਮਾਰਚ (ਮੁਨਸ਼ੀ ਫ਼ਾਰੂਕ) : ਇਥੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਦੇ ਭਰਾ ਮੁਹੰਮਦ ਆਮਿਰ ਦੇ ਵਿਆਹ ਸਮਾਗਮ ਵਿਚ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੇ ਪੁੱਜ ਕੇ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਸ ਤੋਂ ਪਹਿਲਾਂ ਮਾਲੇਰਕੋਟਲਾ ਵਿਖੇ ਕਿਸੇ ਵੀ ਵਿਆਹ ਸਮਾਗਮ ਜਾਂ ਹੋਰ ਸਿਆਸੀ-ਸਮਾਜੀ ਸਮਾਗਮ ਵਿਚ ਏਨੀ ਵੱਡੀ ਪੱਧਰ ਉਤੇ ਅਕਾਲੀ ਲੀਡਰ ਸਾਹਿਬਾਨ ਨਹੀਂ ਪੁੱਜੇ ਸਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ, ਸਕੱਤਰ ਜਨਰਲ ਅਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਸਾਬਕਾ ਮੰਤਰੀ ਸ. ਮਹੇਸ਼ਇੰਦਰ ਸਿੰਘ ਗਰੇਵਾਲ, ਸ਼੍ਰੋਮਣੀ ਅਕਾਲੀ ਦਲ ਦੇ ਲੀਗਲ ਸੈੱਲ ਦੇ ਪ੍ਰਧਾਨ ਸ. ਅਰਸ਼ਦੀਪ ਸਿੰਘ ਕਲੇਰ, ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਪ੍ਰਧਾਨ ਸ. ਸਰਬਜੀਤ ਸਿੰਘ ਝਿੰਜਰ, ਸ. ਪਰਮਬੰਸ ਸਿੰਘ ਬੰਟੀ ਰੋਮਾਣਾ, ਸ੍ਰੀ ਅਰਵਿੰਦ ਖੰਨਾ ਸਮੇਤ ਚੋਟੀ ਦੇ ਲੀਡਰਾਂ ਨੇ ਵਿਆਹ ਸਮਾਗਮਾਂ ਵਿਚ ਹਾਜ਼ਰੀ ਲਵਾਈ।

ਮਾਲੇਰਕੋਟਲਾ ਦੇ ਨਾਲ ਲਗਦੇ ਵਿਧਾਨ ਸਭਾ ਹਲਕਿਆਂ ਅਮਰਗੜ੍ਹ, ਸੰਗਰੂਰ, ਲਹਿਰਗਾਗਾ, ਸੁਨਾਮ, ਬਰਨਾਲਾ, ਭਦੌੜ, ਮਹਿਲਕਲਾਂ ਅਤੇ ਕਈ ਹੋਰ ਹਲਕਿਆਂ ਦੇ ਇੰਚਾਰਜ ਸਾਹਿਬਾਨ ਵੀ ਵਿਆਹ ਸਮਾਗਮ ਵਿਚ ਸ਼ਾਮਲ ਹੋਏ। ਸ. ਸੁਖਬੀਰ ਸਿੰਘ ਬਾਦਲ ਦੇ ਪੁੱਜਣ ਸਮੇਂ ਫੁਲਾਂ ਦੀ ਵਰਖਾ ਕੀਤੀ ਗਈ, ਨੌਜੁਆਨਾਂ ਨੇ ਭੰਗੜੇ ਪਾਏ ਅਤੇ ਸ. ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਅਤੇ ਬੀਬਾ ਜ਼ਾਹਿਦਾ ਸੁਲੇਮਾਨ ਜ਼ਿੰਦਾਬਾਦ ਦੇ ਨਾਹਰਿਆਂ ਨਾਲ ਪ੍ਰਧਾਨ ਦਾ ਸੁਆਗਤ ਕੀਤਾ ਗਿਆ। ਵਿਆਹ ਵਿਚ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਦੀਆਂ ਮਸ਼ਹੂਰ ਹਸਤੀਆਂ ਅਤੇ ਸਿਆਸੀ ਲੀਡਰ ਸਾਹਿਬਾਨ ਵੀ ਪੁੱਜੇ ਹੋਏ ਸਨ। ਸ. ਸੁਖਬੀਰ ਸਿੰਘ ਬਾਦਲ ਜਿਵੇਂ ਹੀ ਮੈਰਿਜ ਪੈਲੇਸ ਵਿਚ ਦਾਖ਼ਲ ਹੋਏ ਤਾਂ ਹਜੂਮ ਨੇ ਉਨ੍ਹਾਂ ਨੂੰ ਘੇਰਾ ਪਾ ਲਿਆ। ਨੌਜੁਆਨ ਅਤੇ ਆਮ ਲੋਕ ਸੁਖਬੀਰ ਸਿੰਘ ਬਾਦਲ ਦੀ ਇਕ ਝਲਕ ਵੇਖਣ ਲਈ ਉਤਾਵਲੇ ਵਿਖਾਈ ਦਿਤੇ। ਸ. ਸੁਖਬੀਰ ਸਿੰਘ ਬਾਦਲ ਨਾਲ ਤਸਵੀਰਾਂ ਖਿਚਵਾਉਣ ਲਈ ਲਈ ਲੋਕ ਇਸ ਹੱਦ ਤਕ ਉਤਸ਼ਾਹ ਵਿਖਾਈ ਦਿਤੇ ਕਿ ਲੋਕਾਂ ਨੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਭੋਜਣ ਕਰਨ ਲਈ ਵੀ ਫ਼ਰੀ ਨਾ ਕੀਤਾ। ਸ਼ਹਿਦ ਦੀਆਂ ਮੱਖੀਆਂ ਵਾਂਗ ਲੋਕ ਸੁਖਬੀਰ ਦੇ ਇਰਦ-ਗਿਰਦ ਇਕੱਤਰ ਹੋ ਗਏ। ਇਸ ਦੌਰਾਨ ਸ. ਬਾਦਲ ਨੇ ਮਜ਼ਾਕੀਆ ਅੰਦਾਜ਼ ਵਿਚ ਬੀਬਾ ਜ਼ਾਹਿਦਾ ਸੁਲੇਮਾਨ ਨੂੰ ਆਖਿਆ ਕਿ ਉਨ੍ਹਾਂ ਨੇ ਵਿਆਹ ਦੀ ਥਾਂ ਰੈਲੀ ਹੀ ਆਯੋਜਿਤ ਕਰ ਦਿਤੀ ਹੈ। ਏਨੀ ਭੀੜ ਤਾਂ ਰੈਲੀਆਂ ਵਿਚ ਹੁੰਦੀ ਹੈ। ਬੀਬਾ ਜ਼ਾਹਿਦਾ ਸੁਲੇਮਾਨ ਨੇ ਆਖਿਆ ਕਿ ਜਦ ਮਾਲੇਰਕੋਟਲਾ ਹਲਕੇ ਵਿਚ ਸਿਆਸੀ ਰੈਲੀ ਕੀਤੀ ਜਾਵੇਗੀ ਤਾਂ ਹੁਣ ਤਕ ਦੇ ਸਾਰੇ ਰਿਕਾਰਡ ਤੋੜ ਦਿਤੇ ਜਾਣਗੇ ਕਿਉਂਕਿ ਹਲਕੇ ਦਾ ਹਰ ਇਕ ਵਿਅਕਤੀ ਇਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਚਾਹੁੰਦਾ ਹੈ। ਲੋਕਾਂ ਨੂੰ ਇਹ ਸਮਝ ਆ ਚੁੱਕੀ ਹੈ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਹਮੇਸ਼ਾ ਝੂਠ ਬੋਲਿਆ ਹੈ ਪਰ ਅਕਾਲੀ ਦਲ ਨੇ ਹਮੇਸ਼ਾ ਉਹ ਵਾਅਦਾ ਪੂਰਾ ਕੀਤਾ ਹੈ ਜੋ ਵੋਟਰਾਂ ਨਾਲ ਕੀਤਾ ਗਿਆ ਸੀ। ਦੂਜੇ ਪਾਸੇ ਇਸ ਵਿਆਹ ਸਮਾਗਮ ਨੂੰ ਸਿਆਸਤ ਨਾਲ ਵੀ ਜੋੜ ਕੇ ਵੇਖਿਆ ਜਾ ਰਿਹਾ ਹੈ। ਬੀਬਾ ਜ਼ਾਹਿਦਾ ਸੁਲੇਮਾਨ ਨੇ ਅਕਾਲੀ ਦਲ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਨੂੰ ਇਕ ਪਲੇਟ-ਫ਼ਾਰਮ ਉਤੇ ਇਕੱਠੇ ਕਰਕੇ ਹਲਕਾ ਵਾਸੀਆਂ ਨੂੰ ਸਪੱਸ਼ਟ ਸੰਦੇਸ਼ ਦਿਤਾ ਹੈ ਕਿ ਉਹ ਹੀ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੇ ਉਮੀਦਵਾਰ ਹੋਣਗੇ।
——————————
This news is auto published from an agency/source and may be published as received.
