
ਦਫਤਰ ਜ਼ਿਲਾ ਲੋਕ ਸੰਪਰਕ ਅਫਸਰ, ਫ਼ਤਹਿਗੜ੍ਹ ਸਾਹਿਬ
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਲਾਭ ਲੈਣ ਲਈ ਕਿਸਾਨ ਫਾਰਮਰ ਰਜਿਸਟਰੀ ਵਿਚ ਰਜਿਸਟ੍ਰੇਸ਼ਨ ਕਰਵਾਉਣ- ਮੁੱਖ ਖੇਤੀਬਾੜੀ ਅਫਸਰ ਨੇੜੇ ਦੇ ਕਾਮਨ ਸਰਵਿਸ ਸੈਂਟਰ ਵਿਖੇ ਕਰਵਾਈ ਜਾ ਸਕਦੀ ਹੈ ਰਜਿਸਟਰੇਸ਼ਨ
ਫ਼ਤਹਿਗੜ੍ਹ ਸਾਹਿਬ, 07 ਮਾਰਚ
ਮੁੱਖ ਖੇਤੀਬਾੜੀ ਅਫਸਰ, ਡਾ.ਜਗਦੇਵ ਸਿੰਘ ਨੇ ਜਿਲ੍ਹੇ ਦੇ ਕਿਸਾਨਾਂ ਲਈ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਲਾਭ ਲੈ ਰਹੇ ਹਰੇਕ ਕਿਸਾਨ ਲਈ ਆਨਲਾਈਨ ਪੋਰਟਲ ਫਾਰਮਰ ਰਜਿਸਟਰੀ ਵਿਚ ਰਜਿਸਟਰਡ ਹੋ ਕੇ ਆਪਣੀ ਆਈ.ਡੀ. ਬਣਾਉਣਾ ਲਾਜਮੀ ਹੈ।
ਉਨਾਂ ਕਿਹਾ ਕਿ " ਫਾਰਮਰ ਰਜਿਸਟਰੀ" ਦਾ ਮੁੱਖ ਉਦੇਸ਼ ਕਿਸਾਨਾਂ ਦਾ ਇਕ ਕੇਂਦਰੀ ਡੇਟਾਬੇਸ ਬਣਾਉਣਾ ਹੈ ਤਾਂ ਜੋ ਸਰਕਾਰੀ ਸਹਾਇਤਾ ਸਿੱਧੇ ਅਤੇ ਪਾਰਦਸ਼ੀ ਢੰਗ ਨਾਲ ਅਸਲ ਲਾਭਪਾਤਰੀਆਂ ਤੱਕ ਪਹੁੰਚਾਈ ਜਾ ਸਕੇ।
ਡਾ.ਜਗਦੇਵ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਇਹ ਸਪਸ਼ਟ ਕੀਤਾ ਗਿਆ ਹੈ ਕਿ ਭਵਿੱਖ ਵਿੱਚ ਕੇਵਲ ਉਹਨਾਂ ਹੀ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ ਮਿਲਣ ਵਾਲੀਆਂ ਵਿੱਤੀ ਕਿਸ਼ਤਾਂ ਜਾਰੀ ਕੀਤੀਆਂ ਜਾਣਗੀਆਂ ਜਿਨ੍ਹਾਂ ਨੇ ਆਪਣੀ ਫਾਰਮਰ ਰਜਿਸਟਰੀ ਮੁਕੰਮਲ ਕਰ ਲਈ ਹੋਵੇਗੀ। ਇਸ ਰਜਿਸਟ੍ਰੇਸ਼ਨ ਪ੍ਰਕਿਰਿਆ ਦੌਰਾਨ ਹਰੇਕ ਲਾਭਪਾਤਰੀ ਕਿਸਾਨ ਨੂੰ ਇੱਕ ਵਿਲੱਖਣ ਕਿਸਾਨ ਆਈ.ਡੀ. ਜਾਰੀ ਕੀਤੀ ਜਾਵੇਗੀ। ਇਸ ਕਿਸਾਨ ਆਈ.ਡੀ.ਨੂੰ ਕਿਸਾਨ ਦੇ ਮੌਜੂਦਾ ਪੀ.ਐੱਮ. ਕਿਸਾਨ ਖਾਤੇ ਨਾਲ ਲਿੰਕ ਕੀਤਾ ਜਾਵੇਗਾ, ਜਿਸ ਨਾਲ ਕਿਸਾਨ ਦੀ ਪਛਾਣ ਅਤੇ ਜ਼ਮੀਨੀ ਰਿਕਾਰਡ ਦੀ ਤਸਦੀਕ ਕਰਨਾ ਆਸਾਨ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਵੱਲੋਂ ਇਹ ਰਜਿਸਟ੍ਰੇਸ਼ਨ ਨਹੀਂ ਕਰਵਾਈ ਜਾਵੇਗੀ, ਉਨ੍ਹਾਂ ਦੀਆਂ ਭਵਿੱਖ ਦੀਆਂ ਸਾਰੀਆਂ ਕਿਸ਼ਤਾਂ ਰੁੱਕ ਸਕਦੀਆਂ ਹਨ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਨ੍ਹਾਂ ਕਿਸੇ ਦੇਰੀ ਦੇ ਆਪਣੀ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਕਰਵਾਉਣ । ਕਿਸਾਨ ਆਪਣੀ ਰਜਿਸਟ੍ਰੇਸ਼ਨ ਲਈ ਆਪਣੇ ਨਜਦੀਕੀ ਕਾਮਨ ਸਰਵਿਸ ਸੈਂਟਰ ਤੇ ਜਾ ਸਕਦੇ ਹਨ ਜਾਂ ਆਪਣੇ ਸਬੰਧਿਤ ਬਲਾਕ ਖੇਤੀਬਾੜੀ ਅਫਸਰ ਦੇ ਦਫਤਰ ਨਾਲ ਸੰਪਰਕ ਕਰ ਸਕਦੇ ਹਨ। ਕਿਸਾਨ ਰਜਿਸਟ੍ਰੇਸ਼ਨ ਕਰਵਾਉਣ ਸਮੇਂ ਆਪਣਾ ਆਧਾਰ ਕਾਰਡ, ਆਧਾਰ ਕਾਰਡ ਨਾਲ ਲਿੰਕ ਮੋਬਾਇਲ ਅਤੇ ਜਮਾਂਬੰਦੀ ਨਾਲ ਲੈ ਕੇ ਜਾਣ ਤਾਂ ਜੋ ਪ੍ਰਕਿਰਿਆ ਬਿਨ੍ਹਾਂ ਕਿਸੇ ਰੁਕਾਵਟ ਦੇ ਮੌਕੇ ਤੇ ਪੂਰੀ ਕੀਤੀ ਜਾ ਸਕੇ।
——————————
This news is auto published from an agency/source and may be published as received.
