ਆਈ.ਪੀ.ਐਲ. ਦੀ ਤਰਜ਼ ‘ਤੇ ਕਰਵਾਈ ਜਾਵੇਗੀ ਪੰਜਾਬ ਕ੍ਰਿਕਟ ਲੀਗ : ਮੁੱਖ ਮੰਤਰੀ

ਜ਼ਿਲ੍ਹਾ ਅਤੇ ਖੇਤਰੀ ਟੀਮਾਂ ਹੋਣਗੀਆਂ ਸ਼ਾਮਲ, ਬੀ.ਸੀ.ਸੀ.ਆਈ. ਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਨਾਲ ਹੋਵੇਗਾ ਤਾਲਮੇਲ

ਚੰਡੀਗੜ੍ਹ (ਦੁਰਗੇਸ਼ ਗਾਜਰੀ) : ਪੰਜਾਬ ਦੀ ਖੇਡ ਵਿਰਾਸਤ ਬਹਾਲ ਕਰਕੇ ਨਸ਼ਿਆਂ ਤੋਂ ਦੂਰ ਰੱਖਣ ਤਹਿਤ ਭਗਵੰਤ ਮਾਨ ਸਰਕਾਰ ਨੇ ਅੱਜ ਪੰਜਾਬ ਕ੍ਰਿਕਟ ਲੀਗ (ਪੀ.ਸੀ.ਐਲ.) ਦੀ ਸ਼ੁਰੂਆਤ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦੀ ਤਰਜ਼ 'ਤੇ ਜ਼ਿਲ੍ਹਾ ਤੇ ਖੇਤਰੀ ਪੱਧਰ ‘ਤੇ ਟੀਮਾਂ ਬਣਾ ਕੇ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ.ਸੀ.ਏ.) ਦੇ ਸਹਿਯੋਗ ਨਾਲ ਕਰਵਾਈ ਜਾਵੇਗੀ। ਇਸ ਦਾ ਉਦੇਸ਼ ਖੇਡਾਂ ਵਿੱਚ ਜ਼ਿਲ੍ਹਾ ਅਤੇ ਰਾਜ-ਪੱਧਰੀ ਲੀਗਾਂ ਦਾ ਇੱਕ ਵਿਆਪਕ ਈਕੋ-ਸਿਸਟਮ ਸਥਾਪਤ ਕਰਨਾ ਹੈ ਤਾਂ ਜੋ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਅਨੁਸ਼ਾਸਨ, ਨਵੇਂ ਮੌਕਿਆਂ ਅਤੇ ਰਾਸ਼ਟਰੀ ਪ੍ਰਤੀਨਿਧਤਾ ਵੱਲ ਲੈ ਜਾਇਆ ਜਾ ਸਕੇ। ਮਾਨ ਨੇ ਕਿਹਾ ਕਿ ਇਮਰਾਨ ਖਾਨ ਅਤੇ ਅਰਜੁਨ ਰਾਣਾਤੁੰਗਾ ਵਰਗੇ ਕ੍ਰਿਕਟਰਾਂ ਨੇ ਅਜਿਹੀਆਂ ਪਹਿਲਕਦਮੀਆਂ ਰਾਹੀਂ ਵਿਸ਼ਵ ਕ੍ਰਿਕਟ ਨੂੰ ਕਈ ਪ੍ਰਸਿੱਧ ਖਿਡਾਰੀ ਦਿੱਤੇ ਅਤੇ ਇਹ ਲੀਗ ਪੰਜਾਬ ਨੂੰ ਕ੍ਰਿਕਟ ਪ੍ਰਤਿਭਾ ਦੀ ਨਰਸਰੀ ਵਜੋਂ ਉਭਾਰਨ ਵਿੱਚ ਬਹੁਤ ਮਦਦ ਕਰੇਗੀ। ਮਾਨ ਨੇ ਕਿਹਾ ਕਿ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਸਾਰੇ ਜ਼ਿਲ੍ਹਿਆਂ ਅਤੇ ਮਾਝਾ, ਦੋਆਬਾ ਤੇ ਮਾਲਵਾ ਵਰਗੇ ਭੂਗੋਲਿਕ ਖੇਤਰਾਂ ਦੇ ਆਧਾਰ 'ਤੇ ਟੀਮਾਂ ਬਣਾਈਆਂ ਜਾਣਗੀਆਂ। ਮੁੱਖ ਮੰਤਰੀ ਨੇ ਕਿਹਾ ਕਿ ਵਾਲੀਬਾਲ, ਫੁੱਟਬਾਲ, ਹਾਕੀ, ਬਾਸਕਟਬਾਲ, ਖੋ-ਖੋ ਅਤੇ ਕਬੱਡੀ ਵਰਗੀਆਂ ਖੇਡਾਂ ਲਈ ਵੀ ਜ਼ਿਲ੍ਹਾ ਪੱਧਰੀ ਅਤੇ ਰਾਜ ਪੱਧਰੀ ਲੀਗ ਟੂਰਨਾਮੈਂਟ ਕਰਵਾਏ ਜਾਣੇ ਚਾਹੀਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਚੰਗੀ ਤਰ੍ਹਾਂ ਸਿਖ਼ਲਾਈ ਪ੍ਰਾਪਤ ਅਤੇ ਪ੍ਰਤਿਭਾਸ਼ਾਲੀ ਖਿਡਾਰੀ ਪੈਦਾ ਕਰਨ ਲਈ ਠੋਸ ਮੁਹਿੰਮ 'ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਵੱਧ ਤੋਂ ਵੱਧ ਪੰਜਾਬੀ ਖਿਡਾਰੀ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ।

——————————
This news is auto published from an agency/source and may be published as received.

Leave a Reply

Your email address will not be published. Required fields are marked *