ਮੁੱਖ ਮੰਤਰੀ ਦੀ ਭਾਲ਼ ਵਿਚ ਕੰਪਿਊਟਰ ਅਧਿਆਪਕਾਂ ਦਾ ਅਨੋਖਾ ਪ੍ਰਦਰਸ਼ਨ, ਬਠਿੰਡਾ ਦੇ ਬਾਜ਼ਾਰਾਂ ਵਿੱਚ ਕੱਢੀ ‘ਮੁੱਖ ਮੰਤਰੀ ਭਾਲ਼’ ਯਾਤਰਾ

ਬਠਿੰਡਾ, 15 ਜਨਵਰੀ – ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੇ ਸੱਦੇ ਤਹਿਤ ਬਠਿੰਡਾ ਜਿਲ੍ਹੇ ਦੇ ਕੰਪਿਊਟਰ ਅਧਿਆਪਕਾਂ ਨੇ ਅੱਜ ਬਠਿੰਡਾ ਵਿਖੇ ਮੋਟਰਸਾਈਕਲਾਂ ਅਤੇ ਸਕੂਟਰਾਂ ਤੇ ਮੁੱਖ ਮੰਤਰੀ ਭਾਲ ਯਾਤਰਾ ਕੱਢੀ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਦੌਰਾਨ ਰੋਸ ਜਤਾਉਂਦਿਆਂ ਆਮ ਲੋਕਾਂ ਨੂੰ ਇਸ ਧੱਕੇਸ਼ਾਹੀ ਬਾਰੇ ਜਾਣੂੰ ਕਰਵਾਇਆ । ਮੁੱਖ ਮੰਤਰੀ ਭਾਲ ਯਾਤਰਾ ਦਾ ਆਰੰਭ ਜੋਨ 1 ਅੰਮ੍ਰਿਤਸਰ, ਜੋਨ 2 ਬਠਿੰਡਾ, ਜੋਨ 3 ਪਠਾਨਕੋਟ, ਜੋਨ 4 ਮੁਕਤਸਰ ਤੋਂ ਨਿਸ਼ਚਿਤ ਕੀਤਾ ਗਿਆ ਹੈ। ਇਹ ਯਾਤਰਾ ਪੰਜਾਬ ਦੇ ਵੱਖ-ਵੱਖ ਜਿਲ੍ਹਆ ਤੋਂ ਹੁੰਦੇ ਹੋਏ 21 ਜਨਵਰੀ ਨੂੰ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਦਾ ਘਿਰਾਓ ਕਰਨ ਉਪਰੰਤ ਸਮਾਪਤ ਕੀਤੀ ਜਾਵੇਗੀ। ਬਠਿੰਡਾ ’ਚ ਮੁੱਖ ਮੰਤਰੀ ਭਾਲ ਯਾਤਰਾ ਟੀਚਰਜ਼ ਹੋਮ ਤੋਂ ਸ਼ੁਰੂ ਹੋਕੇ ਵੱਖ ਵੱਖ ਬਜ਼ਾਰਾਂ ’ਚ ਹੁੰਦੀ ਹੋਈ ਵਿਧਾਇਕ ਜਗਰੂਪ ਗਿੱਲ ਦੇ ਘਰ ਤੱਕ ਗਈ ।


ਕੰਪਿਊਟਰ ਅਧਿਆਪਕ ਯੂਨੀਅਨ (ਜ਼ਿਲ੍ਹਾ ਬਠਿੰਡਾ) ਪ੍ਰਧਾਨ ਈਸ਼ਰ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਗੁਰਬਖ਼ਸ ਲਾਲ ਨੇ ਕਿਹਾ ਕਿ ਪੰਜਾਬ ਭਰ ’ਚ ਅੱਜ ਕੱਢੀ ਗਈ ਮੁੱਖ ਮੰਤਰੀ ਭਾਲ ਯਾਤਰਾ ਦਾ ਮਕਸਦ 90 ਦੇ ਕਰੀਬ ਮ੍ਰਿਤਕ ਅਤੇ 6500 ਕੰਪਿਊਟਰ ਅਧਿਆਪਕਾਂ ਨੂੰ ਇਨਸਾਫ ਦਿਵਾਉਣ ਲਈ ਮੁੱਖ ਮੰਤਰੀ ਪੰਜਾਬ ਦੀ ਤਲਾਸ਼ ਕਰਨਾ ਸੀ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਹੁਣ ਮੁੱਖ ਮੰਤਰੀ ਦੇ ਦਰਸ਼ਨ ਨਸੀਬ ਹੋਣਗੇ। ਉਨ੍ਹਾਂ ਦੱਸਿਆ ਕਿ ਉਹ ਮੁੱਖ ਮੰਤਰੀ ਨਾਲ ਨਾਲ ਮੀਟਿੰਗ ਕਰਕੇ ਆਪਣੀਆਂ ਮੰਗਾਂ ਦਾ ਹਾਲ ਚਾਲ ਜਾਨਣਾ ਚਾਹੁੰਦੇ ਹਨ ਤਾਂ ਜੋ ਉਨ੍ਹਾਂ ਨੂੰ ਹਕੀਕਤ ਬਾਰੇ ਜਾਣਕਾਰੀ ਮਿਲ ਸਕੇ। ਅਧਿਆਪਕ ਆਗੂਆਂ ਨੇ ਕਿਹਾ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ 15 ਸਤੰਬਰ 2022 ਨੂੰ ਦਿਵਾਲੀ ਦੇ ਤਿਉਹਾਰ ਮੌਕੇ ‘ਦਿਵਾਲੀ ਦੇ ਤੋਹਫੇ ’ ਦੇ ਰੂਪ ਵਿਚ ਕੰਪਿਊਟਰ ਅਧਿਆਪਕਾਂ ਦੀਆਂ ਸਮੂਹ ਮੰਗਾਂ ਪੂਰੀਆਂ ਕਰਨ ਦਾ ਐਲਾਨ ਕੀਤਾ ਸੀ।


ਉਨ੍ਹਾਂ ਦੱਸਿਆ ਕਿ 2 ਦਿਵਾਲੀਆਂ ਬੀਤ ਜਾਣ ਅਤੇ ਦਰਜਨਾਂ ਮੀਟਿੰਗਾਂ ਕਰਨ ਮਗਰੋਂ ਵੀ ਇਹ ਮੰਗਾਂ ਲਾਗੂ ਨਹੀਂ ਕੀਤੀਆਂ ਹਨ ਜਿਸ ਕਾਰਨ ਕੰਪਿਊਟਰ ਅਧਿਆਪਕ ਰੋਸ ਨਾਲ ਭਰੇ ਪੀਤੇ ਬੈਠੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਾਰ ਬਾਰ ਸਮਾਂ ਦੇ ਕੇ ਮੀਟਿੰਗਾਂ ਮੁਲਤਵੀ ਕੀਤੀਆਂ ਜਾ ਰਹੀਆਂ ਹਨ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਸਰਕਾਰੀ ਪੱਤਰ ਲਾਗੂ ਨਹੀਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਐਨਾ ਤਾਂ ਦੱਸ ਦੇਣ ਕਿ ਉਹ ਹੁਣ ਆਪਣਾ ਦੁੱਖ ਕਿਸ ਕੋਲ ਰੋਣ। ਆਗੂਆਂ ਨੇ ਦੱਸਿਆ ਕਿ ਦਫਤਰ ਮੁੱਖ ਮੰਤਰੀ ਪੰਜਾਬ ਅਤੇ ਸਬ ਕਮੇਟੀ, ਪੰਜਾਬ ਸਰਕਾਰ ਨੇ ਪਹਿਲਾਂ 19 ਦਸੰਬਰ ਨੂੰ ਕੰਪਿਊਟਰ ਅਧਿਆਪਕ ਯੂਨੀਅਨ ਨਾਲ ਤੈਅ ਮੀਟਿੰਗ ਮੁਲਤਵੀ ਕੀਤੀ ਅਤੇ ਫਿਰ 4 ਜਨਵਰੀ ਨੂੰ ਰੱਖੀ ਮੀਟਿੰਗ ਨਾਲ ਵੀ ਸਰਕਾਰੀ ਧਿਰ ਨੇ ਮਾੜੀ ਕੀਤੀ ਹੈ।

ਕੰਪਿਊਟਰ ਅਧਿਆਪਕ ਆਗੂਆਂ ਨੇ ਸਰਕਾਰ ਤੋਂ ਉਨ੍ਹਾਂ ਦੇ ਰੈਗੂਲਰ ਆਰਡਰਾਂ ਵਿੱਚ ਦਰਜ ਸਾਰੇ ਨਿਯਮ ਅਤੇ ਸ਼ਰਤਾਂ ਨੂੰ ਲਾਗੂ ਕਰਨ, ਉਹਨਾਂ ਨੂੰ 6ਵੇਂ ਪੇ ਕਮਿਸ਼ਨ ਦਾ ਲਾਭ ਦੇਣ, ਬਣਦੇ ਅਧਿਕਾਰ ਬਹਾਲ ਕੀਤੇ ਜਾਣ, ਪਿਛਲੇ ਸਮੇਂ ਦੌਰਾਨ ਦੁਨੀਆਂ ਛੱਡ ਗਏ ਕੰਪਿਊਟਰ ਅਧਿਆਪਕਾਂ ਦੇ ਪਰਿਵਾਰਾਂ ਨੂੰ ਬਣਦੀ ਸਹਾਇਤਾ ਵਿੱਤੀ ਸਹਾਇਤਾ ਅਤੇ ਨੌਕਰੀਆਂ ਦੇਣ ਦੀ ਮੰਗ ਕੀਤੀ। ਇਸ ਐਕਸ਼ਨ ਵਿੱਚ ਕੰਪਿਊਟਰ ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਕਮੇਟੀ ਮੈਂਬਰ ਜੋਨੀ ਸਿੰਗਲਾ, ਗੁਰਦੀਪ ਸਿੰਘ, ਸੈਫ਼ੀ ਗੋਇਲ, ਸੁਮਿਤ ਗੋਇਲ, ਕੁਲਵਿੰਦਰ ਸਿੰਘ, ਰਮਨਦੀਪ ਸਿੰਘ, ਕਮਲਜੀਤ ਸਿੰਘ, ਅੰਸ਼ੁਮਨ ਕਾਂਸਲ, ਸੁਮਨਜੀਤ ਸਿੰਘ ਬਰਾੜ, ਅਨੀਤਾ, ਹਰਜੀਵਨ ਸਿੰਘ, ਸੰਦੀਪ ਕੁਮਾਰ, ਰਾਜਿੰਦਰ ਕੁਮਾਰ, ਸੁਖਜਿੰਦਰ ਸਿੰਘ, ਪ੍ਰਤਿਭਾ ਸ਼ਰਮਾ, ਮੀਨੂ ਗੋਇਲ, ਸ਼ਬਨਮ, ਰਜਨੀ, ਵਿਜੈ ਸ਼ਰਮਾ ਅਤੇ ਵੱਡੀ ਗਿਣਤੀ ਵਿੱਚ ਕੰਪਿਊਟਰ ਅਧਿਆਪਕਾਂ ਨੇ ਯਾਤਰਾ ’ਚ ਸ਼ਮੂਲੀਅਤ ਕੀਤੀ ।

Leave a Reply

Your email address will not be published. Required fields are marked *