
ਸ਼ਹੀਦੀ ਸਭਾ ਦੌਰਾਨ ਸਾਫ਼-ਸਫ਼ਾਈ ਦੇ ਬੇਹਤਰੀਨ ਪ੍ਰਬੰਧਾਂ ਨੇ ਜਿੱਤਿਆ ਸੰਗਤ ਦਾ ਦਿਲ, ਜ਼ਿਲ੍ਹਾ ਪ੍ਰਸ਼ਾਸਨ ਦੇ ਯਤਨਾਂ ਦੀ ਚੁਫੇਰਿਓਂ ਸ਼ਲਾਘਾ
ਨਗਰ ਕੌਂਸਲਾਂ ਦੀਆਂ ਟੀਮਾਂ ਅਤੇ ਵਲੰਟੀਅਰਾਂ ਵੱਲੋਂ 24 ਘੰਟੇ ਨਿਰੰਤਰ ਚਲਾਇਆ ਜਾ ਰਿਹਾ ਹੈ ਸਫ਼ਾਈ ਅਭਿਆਨ
ਪਵਿੱਤਰ ਅਸਥਾਨ ਦੀ ਮਰਿਆਦਾ ਅਤੇ ਸਵੱਛਤਾ ਦੇ ਸੁਮੇਲ ਨੇ ਕਾਇਮ ਕੀਤੀ ਮਿਸਾਲ
ਫ਼ਤਹਿਗੜ੍ਹ ਸਾਹਿਬ, 26 ਦਸੰਬਰ:
ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ ਚੱਲ ਰਹੀ ਸ਼ਹੀਦੀ ਸਭਾ ਦੌਰਾਨ ਇਸ ਵਾਰ ਸਾਫ਼-ਸਫ਼ਾਈ ਦੇ ਬੇਮਿਸਾਲ ਪ੍ਰਬੰਧ ਦੇਖਣ ਨੂੰ ਮਿਲ ਰਹੇ ਹਨ। ਪਵਿੱਤਰ ਧਰਤੀ ਦੀ ਮਰਿਆਦਾ ਨੂੰ ਬਰਕਰਾਰ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਯਤਨਾਂ ਤੋਂ ਦੇਸ਼-ਵਿਦੇਸ਼ ਤੋਂ ਪੁੱਜ ਰਹੇ ਸ਼ਰਧਾਲੂ ਬੇਹੱਦ ਖੁਸ਼ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਵੱਲੋਂ ਪ੍ਰਸ਼ਾਸਨ ਦੀ ਇਸ ਮਿਹਨਤ ਦੀ ਰੱਜ ਕੇ ਸ਼ਲਾਘਾ ਕੀਤੀ ਜਾ ਰਹੀ ਹੈ।
ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਵੱਖ-ਵੱਖ ਨਗਰ ਕੌਂਸਲਾਂ ਦੀਆਂ ਟੀਮਾਂ ਅਤੇ ਸੈਂਕੜੇ ਸਵੈਇੱਛਕ ਵਲੰਟੀਅਰ 24 ਘੰਟੇ ਸਫ਼ਾਈ ਅਭਿਆਨ ਵਿੱਚ ਜੁਟੇ ਹੋਏ ਹਨ। ਸ਼ਹੀਦੀ ਸਭਾ ਦੇ ਖੇਤਰ ਵਿੱਚ ਕਿਤੇ ਵੀ ਕੂੜੇ ਦੇ ਵੱਡੇ ਢੇਰ ਨਜ਼ਰ ਨਹੀਂ ਆ ਰਹੇ, ਕਿਉਂਕਿ ਕੂੜਾ ਚੁੱਕਣ ਵਾਲੀਆਂ ਗੱਡੀਆਂ ਅਤੇ ਸਫ਼ਾਈ ਸੇਵਕ ਨਿਰੰਤਰ ਦਿਨ ਰਾਤ ਆਪਣੀ ਸੇਵਾ ਨਿਭਾ ਰਹੇ ਹਨ। ਪ੍ਰਸ਼ਾਸਨ ਵੱਲੋਂ ਥਾਂ-ਥਾਂ 'ਤੇ ਡਸਟਬਿਨ ਲਗਾਏ ਗਏ ਹਨ ਅਤੇ ਸੰਗਤ ਨੂੰ ਵੀ ਸਫ਼ਾਈ ਰੱਖਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਦਰਸ਼ਨਾਂ ਲਈ ਪੁੱਜੇ ਸ਼ਰਧਾਲੂਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਇੰਨੀ ਵੱਡੀ ਗਿਣਤੀ ਵਿੱਚ ਸੰਗਤ ਦੀ ਆਮਦ ਹੋਣ ਦੇ ਬਾਵਜੂਦ ਸਫ਼ਾਈ ਦੇ ਅਜਿਹੇ ਪੁਖ਼ਤਾ ਪ੍ਰਬੰਧ ਪਹਿਲਾਂ ਕਦੇ ਨਹੀਂ ਦੇਖੇ ਗਏ। ਸ਼ਰਧਾਲੂਆਂ ਨੇ ਕਿਹਾ ਕਿ ਫ਼ਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ 'ਤੇ, ਜਿੱਥੇ ਸ਼ਹੀਦਾਂ ਨੂੰ ਨਤਮਸਤਕ ਹੋ ਕੇ ਮਨ ਨੂੰ ਸਕੂਨ ਮਿਲ ਰਿਹਾ ਹੈ, ਉੱਥੇ ਹੀ ਚੌਗਿਰਦੇ ਦੀ ਸਫ਼ਾਈ ਦੇਖ ਕੇ ਪ੍ਰਸ਼ਾਸਨ ਪ੍ਰਤੀ ਸਤਿਕਾਰ ਹੋਰ ਵਧ ਗਿਆ ਹੈ।
ਇਸ ਸਫ਼ਾਈ ਅਭਿਆਨ ਦੀ ਖਾਸ ਗੱਲ ਇਹ ਹੈ ਕਿ ਸਰਕਾਰੀ ਕਰਮਚਾਰੀਆਂ ਦੇ ਨਾਲ-ਨਾਲ ਆਮ ਲੋਕ ਅਤੇ ਵੱਖ-ਵੱਖ ਸਮਾਜਿਕ ਸੰਸਥਾਵਾਂ ਦੇ ਵਲੰਟੀਅਰ ਮੋਢੇ ਨਾਲ ਮੋਢਾ ਜੋੜ ਕੇ ਸੇਵਾ ਕਰ ਰਹੇ ਹਨ। ਇਹ ਸਾਂਝੀਵਾਲਤਾ ਅਤੇ ਸਮਾਜਿਕ ਸਦਭਾਵਨਾ ਦੀ ਇੱਕ ਅਜਿਹੀ ਮਿਸਾਲ ਹੈ, ਜੋ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ 'ਤੇ ਚੱਲਣ ਦੀ ਪ੍ਰੇਰਨਾ ਦਿੰਦੀ ਹੈ।

ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਧੀਕ ਡਿਪਟੀ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਨੇ ਦੱਸਿਆ ਕਿ ਸ਼ਹੀਦੀ ਸਭਾ ਦੌਰਾਨ ਸੰਗਤ ਦੀ ਸਹੂਲਤ, ਪ੍ਰਸ਼ਾਸਨ ਦੀ ਮੁੱਖ ਤਰਜੀਹ ਹੈ। ਉਨ੍ਹਾਂ ਕਿਹਾ ਕਿ ਸਫ਼ਾਈ ਮੁਹਿੰਮ ਨੂੰ ਇੱਕ 'ਸੇਵਾ' ਵਜੋਂ ਲਿਆ ਗਿਆ ਹੈ ਤਾਂ ਜੋ ਸ਼ਰਧਾਲੂਆਂ ਨੂੰ ਸਾਫ਼ ਸਫਾਈ ਪੱਖੋ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਨੇ ਲੰਗਰ ਕਮੇਟੀਆਂ ਅਤੇ ਸੰਗਤ ਨੂੰ ਵੀ ਅਪੀਲ ਕੀਤੀ ਕਿ ਉਹ ਇਕਹਿਰੀ ਵਰਤੋ ਵਾਲੇ ਪਲਾਸਟਿਕ ਦੀ ਵਰਤੋਂ ਤੋਂ ਗੁਰੇਜ਼ ਕਰਨ ਅਤੇ ਸਵੱਛਤਾ ਬਣਾਈ ਰੱਖਣ ਵਿੱਚ ਆਪਣਾ ਸਹਿਯੋਗ ਦੇਣਾ ਜਾਰੀ ਰੱਖਣ।
——————————
This news is auto published from an agency/source and may be published as received.
