
ਨਾਭਾ, 23 ਦਸੰਬਰ (ਨਿਊਜ਼ ਟਾਊਨ ਨੈਟਵਰਕ) : ਪਟਿਆਲਾ ਜ਼ਿਲ੍ਹੇ ਦੇ ਨਾਭਾ ਅਧੀਨ ਆਉਂਦੇ ਪਿੰਡ ਬਾਬਰਪੁਰ ਵਿਖੇ ਟ੍ਰਾਂਸਫਰ 'ਤੇ ਕੰਮ ਕਰ ਰਹੇ ਇੱਕ ਬਿਜਲੀ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਜਦੋਂ ਬਿਜਲੀ ਮੁਲਾਜ਼ਮ ਨੂੰ ਕਰੰਟ ਲੱਗਣ ਦੀ ਖ਼ਬਰ ਉਸ ਦੀ ਮਾਂ ਸ਼ਿਮਲੋ ਰਾਣੀ ਨੂੰ ਮਿਲੀ ਤਾਂ ਉਸ ਨੇ ਵੀ ਪੁੱਤ ਦੀ ਮੌਤ ਦੇ ਸਦਮੇਂ ’ਚ ਦਮ ਤੋੜ ਦਿੱਤਾ। ਇਸ ਮਾਮਲੇ ਵਿੱਚ ਮ੍ਰਿਤਕ ਮੁਲਾਜ਼ਮ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਸਬੰਧਤ ਜੇ.ਈੇ. ਹਰਪ੍ਰੀਤ ਸਿੰਘ ਦੇ ਖਿਲਾਫ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਜੇ.ਈ. ਹਰਪ੍ਰੀਤ ਸਿੰਘ ’ਤੇ ਆਰੋਪ ਹੈ ਕਿ ਉਸ ਨੇ ਬਿਨਾਂ ਪਰਮਿਟ ਲਏ ਹੀ ਲਾਈਨਮੈਨ ਨੂੰ ਟਰਾਂਸਫਾਰਮ ਦੇ ਉੱਪਰ ਬਿਜਲੀ ਦਾ ਨੁਕਸ ਠੀਕ ਕਰਨ ਚੜ੍ਹਾ ਦਿੱਤਾ ਜਦਕਿ ਉਸ ਸਮੇਂ ਲਾਈਨ ਵਿੱਚ ਬਿਜਲੀ ਚੱਲ ਰਹੀ ਸੀ। ਮਾਮਲੇ ਵਿੱਚ ਥਾਣਾ ਸਦਰ ਅਧੀਨ ਚੌਕੀ ਦੰਦਰਾਲਾ ਢੀਂਡਸਾ ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਦੇ ਆਧਾਰ ’ਤੇ ਆਰੋਪੀ ਹਰਪ੍ਰੀਤ ਸਿੰਘ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪੀ.ਐਸ.ਪੀ.ਸੀ.ਐਲ. ਦੇ ਮੁਲਾਜ਼ਮ ਜਦੋਂ ਵੀ ਕਿਸੇ ਲਾਈਨ ’ਤੇ ਕੰਮ ਕਰਦੇ ਹਨ ਤਾਂ ਅੱਜ ਕੱਲ੍ਹ ਫੋਨ ’ਤੇ ਹੀ ਲਾਈਨ ਕੱਟਣ ਨੂੰ ਕਹਿ ਦਿੱਤਾ ਜਾਂਦਾ ਹੈ ਅਤੇ ਅਧਿਕਾਰੀਆਂ ਵੱਲੋਂ ਕੀਤੀ ਜਾਂਦੀ ਇਸ ਤਰ੍ਹਾਂ ਦੀ ਅਣਗਿਹਲੀ ਕਰਕੇ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਹਾਦਸੇ ਵਾਪਰ ਚੁੱਕੇ ਹਨ। ਪਰ ਫਿਰ ਵੀ ਅਧਿਕਾਰੀਆਂ ਵੱਲੋਂ ਸਬਕ ਨਹੀਂ ਲਿਆ ਜਾ ਰਿਹਾ। ਜਰੂਰਤ ਇਹ ਹੈ ਕਿ ਸੀਨੀਅਰ ਅਧਿਕਾਰੀ ਲਿਖਤੀ ਤੌਰ ’ਤੇ ਪਰਮਿਟ ਲੈਣ ਤਾਂ ਜੋ ਅੱਗੇ ਤੋਂ ਅਜਿਹੀਆਂ ਘਟਨਾਵਾਂ ਨਾ ਵਾਪਰ ਸਕਣ। ਮ੍ਰਿਤਕ ਦੇ ਰਿਸ਼ਤੇਦਾਰ ਨੇ ਗੱਲ ਕਰਦੇ ਹੋਏ ਦੱਸਿਆ ਕਿ ਸੋਮਵਾਰ ਨੂੰ ਦੁਪਹਿਰ ਪਿੰਡ ਬਾਬਰਪੁਰ ਵਿਖੇ ਟਰਾਂਸਫਾਰਮ ’ਤੇ ਉਸ ਦਾ ਭਰਾ ਸੰਜੀਵ ਕੁਮਾਰ ਬਿਜਲੀ ਦੀ ਮੁਰੰਮਤ ਕਰਨ ਗਿਆ ਸੀ, ਜਿੱਥੇ ਅਚਾਨਕ ਕਰੰਟ ਲੱਗਣ ਨਾਲ ਉਸ ਦੀ ਮੌਤ ਹੋ ਗਈ। ਜਿਵੇਂ ਹੀ ਉਸਦੀ ਮੌਤ ਦੀ ਖਬਰ ਘਰ ਪਹੁੰਚੀ ਤਾਂ ਉਸ ਦੀ ਮਾਂ ਸਿਮਲੋ ਦੇਵੀ ਵੀ ਆਪਣੇ ਪੁੱਤ ਦਾ ਸਦਮਾ ਨਾ ਸਹਿੰਦੇ ਹੋਏ। ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈ। ਜਾਂਚ ਕਰਨ ਵਾਲੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬਿਜਲੀ ਮੁਲਾਜ਼ਮ ਸੰਜੀਵ ਸ਼ਰਮਾ ਦੀ ਟਰਾਂਸਫਾਰਮਰ ਉੱਪਰ ਕੰਮ ਕਰਦੇ ਸਮੇਂ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਦਾ ਆਰੋਪ ਹੈ ਕਿ ਜੇ.ਈ. ਹਰਪ੍ਰੀਤ ਸਿੰਘ ਨੇ ਪਰਮਿਟ ਲਏ ਬਗੈਰ ਬਿਜਲੀ ਮੁਲਾਜ਼ਮ ਸੰਜੀਵ ਸ਼ਰਮਾ ਨੂੰ ਕੰਮ ਕਰਨ ਲਈ ਟਰਾਂਸਫਾਰਮਰ ਉੱਪਰ ਚੜ੍ਹਾ ਦਿੱਤਾ ਅਤੇ ਉਸ ਦੀ ਮੌਤ ਹੋ ਗਈ। ਪਰਿਵਾਰ ਨੇ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਹੈ।
——————————
This news is auto published from an agency/source and may be published as received.
