
ਸ਼ਹੀਦੀ ਸਭਾ ਦੌਰਾਨ ਦੇਸ਼ ਵਿਦੇਸ਼ ਤੋਂ ਨਤਮਸਤਕ ਹੋਣ ਲਈ ਪਹੁੰਚਣ ਵਾਲੀਆਂ ਸੰਗਤਾਂ ਲਈ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਸਮੁੱਚੇ ਪ੍ਰਬੰਧ ਮੁਕੰਮਲ
ਇੰਟੇਗਰੇਟਿਡ ਕੰਟਰੋਲ ਰੂਮ ਸਥਾਪਤ, 3 ਹੈਲਪਲਾਈਨ ਨੰਬਰ ਜਾਰੀ
ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਤੇ ਐਸ.ਐਸ.ਪੀ ਸ਼ੁਭਮ ਅਗਰਵਾਲ ਵੱਲੋਂ ਪ੍ਰੈਸ ਕਾਨਫਰੰਸ ਦਾ ਆਯੋਜਨ
ਫਤਹਿਗੜ੍ਹ ਸਾਹਿਬ, 23 ਦਸੰਬਰ:
ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਭਾ ਦੌਰਾਨ ਦੇਸ਼ ਵਿਦੇਸ਼ ਤੋਂ ਨਤਮਸਤਕ ਹੋਣ ਲਈ ਪਹੁੰਚਣ ਵਾਲੇ ਲੱਖਾਂ ਸ਼ਰਧਾਲੂਆਂ ਦੀ ਸੁਵਿਧਾ ਲਈ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਵਿਆਪਕ ਪ੍ਰਬੰਧ ਕੀਤੇ ਗਏ ਹਨ। ਇਹ ਪ੍ਰਗਟਾਵਾ ਅੱਜ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਅਤੇ ਐਸ.ਐਸ.ਪੀ ਸ਼੍ਰੀ ਸ਼ੁਭਮ ਅਗਰਵਾਲ ਨੇ ਗੁਰਦੁਆਰਾ ਸਾਹਿਬ ਨਜ਼ਦੀਕ ਟਿੱਲੇ ਵਿਖੇ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਕੀਤਾ।
ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਟਿੱਲੇ ਤੇ ਪੁਲਿਸ ਪ੍ਰਸ਼ਾਸਨ ਦੀ ਤਰਫੋਂ ਇੱਕ ਇੰਟੇਗਰੇਟਿਡ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ ਜਿਥੇ ਪੁਲਿਸ ਅਧਿਕਾਰੀਆਂ ਦੇ ਨਾਲ ਨਾਲ ਪ੍ਰਸ਼ਾਸਨ ਦੀ ਤਰਫੋ਼ ਪੀਐਸਪੀਸੀਐਲ, ਸਿਹਤ, ਜਲ ਸਪਲਾਈ ਤੇ ਸੈਨੀਟੇਸ਼ਨ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ 27 ਦਸੰਬਰ ਤੱਕ 24 ਘੰਟੇ ਐਮਰਜੈਂਸੀ ਸੇਵਾਵਾਂ ਪ੍ਰਦਾਨ ਕਰਨਗੇ ਅਤੇ ਕਿਸੇ ਵੀ ਲੋੜ ਸਮੇਂ ਤੁਰੰਤ ਕਾਰਵਾਈ ਨੂੰ ਅਮਲ ਵਿੱਚ ਲਿਆਉਣਗੇ।ਉਨ੍ਹਾਂ ਦੱਸਿਆ ਕਿ ਕੰਟਰੋਲ ਰੂਮ ਦੇ ਸੰਪਰਕ ਨੰਬਰ 01763232838 ਉਤੇ ਕੋਈ ਵੀ ਸ਼ਰਧਾਲੂ ਸੰਪਰਕ ਕਰ ਸਕਦਾ ਹੈ ਜਿਸ ਦੀ ਸਮੱਸਿਆ ਦਾ ਫੌਰੀ ਹੱਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਿਹਤ ਸੁਵਿਧਾਵਾਂ ਵਿੱਚ ਵੀ ਵੱਡੇ ਪੱਧਰ ਤੇ ਵਾਧਾ ਕੀਤਾ ਗਿਆ ਹੈ ਜਿਸ ਤਹਿਤ 7 ਡਿਸਪੈਂਸਰੀਆਂ ਦੇ ਨਾਲ ਨਾਲ 20 ਆਮ ਆਦਮੀ ਕਲੀਨਿਕ ਸੰਗਤਾਂ ਦੀ ਸੁਵਿਧਾ ਲਈ ਸੇਵਾਵਾਂ ਪ੍ਰਦਾਨ ਕਰਨਗੇ ਜਿਸ ਵਿੱਚ ਵੱਖ ਵੱਖ ਜਿ਼ਲਿ੍ਹਆਂ ਤੋਂ ਰੋਗ ਮਾਹਿਰ ਸ਼ਾਮਲ ਹੋਣਗੇ। ਇਸ ਤੋਂ ਇਲਾਵਾ 60 ਐਂਬੂਲੈਂਸ ਵੀ ਕਾਰਜਸ਼ੀਲ ਰਹਿਣਗੀਆਂ ਤੇ ਡੀ.ਸੀ ਕੰਪਲੈਕਸ ਵਿਖੇ 25 ਤੇ 26 ਦਸੰਬਰ ਨੂੰ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 25 ਤੇ 26 ਦਸੰਬਰ ਨੂੰ ਆਮ ਖਾਸ ਬਾਗ ਸਰਹਿੰਦ ਵਿਖੇ ਸ਼ਾਮ 6 ਵਜੇ ਤੋ਼ ਲੈ ਕੇ 7 ਵਜੇ ਤੱਕ ਸਿੱਖ ਕੌਮ ਦੇ ਗੌਰਵਮਈ ਇਤਿਹਾਸ ਨੂੰ ਦਰਸਾਉਂਦੇ ਨਾਟਕ ਸਰਬੰਸਦਾਨੀ ਦਾ ਮੰਚਨ ਕੀਤਾ ਜਾਵੇਗਾ ਜਿਸ ਵਿੱਚ ਸੰਗਤਾਂ ਨੂੰ ਵਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਹੀਦੀ ਸਭਾ ਦੌਰਾਨ ਤਿੰਨ ਕਿਲੋਮੀਟਰ ਦੇ ਘੇਰੇ ਵਿੱਚ ਸਾਫ਼ ਸਫਾਈ ਦੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਜਿਥੇ 200 ਡਸਟਬਿਨ ਲਗਾਏ ਗਏ ਹਨ ਉਥੇ ਹੀ ਸਵੀਪਿੰਗ ਤੇ ਹੋਰ ਸਫਾਈ ਮਸ਼ੀਨਾਂ ਤੇ ਵੱਡੀ ਗਿਣਤੀ ਵਲੰਟੀਅਰ ਵੀ ਸਫਾਈ ਵਿੱਚ ਜੁਟੇ ਹੋਏ ਹਨ।ਉਨ੍ਹਾਂ ਨੇ ਸੰਗਤਾਂ ਅਤੇ ਲੰਗਰ ਦੀ ਸੇਵਾ ਕਰ ਰਹੀਆਂ ਕਮੇਟੀਆਂ ਨੂੰ ਵੀ ਅਪੀਲ ਕੀਤੀ ਕਿ ਆਪਣਾ ਆਲਾ ਦੁਆਲਾ ਸਾਫ ਰੱਖਣ ਵਿੱਚ ਸਹਿਯੋਗ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਵੀ ਇਹ ਸਖਤ ਹਦਾਇਤ ਕੀਤੀ ਗਈ ਹੈ ਕਿ ਟੀਮਾਂ 24 ਘੰਟੇ ਮੁਸਤੈਦੀ ਨਾਲ ਸਫਾਈ ਅਭਿਆਨ ਨੂੰ ਜਾਰੀ ਰੱਖਣ।
ਡਾ. ਸੋਨਾ ਥਿੰਦ ਨੇ ਦੱਸਿਆ ਕਿ ਪੱਤਰਕਾਰ ਸਾਹਿਬਾਨ ਲਈ ਤਹਿਸੀਲ ਕੰਪਲੈਕਸ ਵਿਖੇ ਮੀਡੀਆ ਸੈਂਟਰ ਸਥਾਪਤ ਕੀਤਾ ਗਿਆ ਹੈ ਜਿਥੇ ਉਹ ਇੰਟਰਨੈਟ ਤੇ ਕੰਪਿਊਟਰ ਸੇਵਾਵਾਂ ਦਾ ਲਾਭ ਉਠਾ ਸਕਣਗੇ। ਇਸ ਤੋਂ ਇਲਾਵਾ ਜਿ਼ਲ੍ਹੇ ਦੇ ਪਿੰਡਾਂ ਵਿੱਚ ਆਉਣ ਵਾਲੀ ਸੰਗਤ ਦੀ ਸਹੂਲਤ ਲਈ 200 ਸ਼ਟਲ ਬੱਸਾਂ ਤੇ ਫਤਹਿਗੜ੍ਹ ਸਾਹਿਬ ਦੇ ਸ਼ਹਿਰੀ ਖੇਤਰ ਵਿੱਚ 100 ਈ ਰਿਕਸਿ਼ਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਸ਼ਹੀਦੀ ਸਭਾ ਦੌਰਾਨ ਨਤਮਸਤਕ ਹੋਣ ਲਈ ਪਹੁੰਚਣ ਵਾਲੇ ਸ਼ਰਧਾਲੂਆਂ ਲਈ ਹਰ ਸੁਵਿਧਾ ਨੂੰ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਵਚਨਬੱਧ ਹੈ।
ਇਸ ਮੌਕੇ ਐਸ.ਐਸ.ਪੀ ਸ਼ੁਭਮ ਅਗਰਵਾਲ ਨੇ ਜਿ਼ਲ੍ਹੇ ਵਿੱਚ ਸੁਰੱਖਿਆ ਪ੍ਰਬੰਧਾਂ, ਆਵਾਜਾਈ ਵਿਵਸਥਾ, ਨਾਕਾਬੰਦੀ, ਡਰੋਨ ਤੇ ਸੀਸੀਟੀਵੀ ਰਾਹੀਂ ਹੋ ਰਹੀ ਨਿਗਰਾਨੀ, ਸੰਗਤ ਦੀ ਸੁਵਿਧਾ ਲਈ ਬਣਾਈਆਂ ਛੋਟੀਆਂ ਵੱਡੀਆਂ ਪਾਰਕਿੰਗਾਂ, ਸ਼ਹੀਦੀ ਸਭਾ ਨੂੰ ਸਮਰਪਿਤ 2 ਸੋ਼ਸਲ ਮੀਡੀਆ ਚੈਨਲ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੂਰੇ ਖੇਤਰ ਨੂੰ 6 ਸੈਕਟਰਾਂ ਵਿੱਚ ਵੰਡਿਆ ਗਿਆ ਹੈ ਅਤੇ 79 ਥਾਵਾਂ ਤੇ ਨਾਕਾਬੰਦੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਮਨ ਤੇ ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣ ਲਈ ਅਧਿਕਾਰੀਆਂ ਤੇ ਫੋਰਸ ਦੀ ਤਾਇਨਾਤੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੰਟਰੋਲ ਰੂਮ ਲਈ ਤਿੰਨ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ ਜਿਸ ਵਿੱਚ 01763233309, 01763232838, 8558822309 ਸ਼ਾਮਲ ਹਨ।

ਐਸ.ਐਸ.ਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ 6 ਸਹਾਇਤਾ ਕੇਂਦਰ ਪੁਲਿਸ ਨੇ ਸਥਾਪਤ ਕੀਤੇ ਗਏ ਹਨ ਜਿਨ੍ਹਾਂ ਵਿੱਚ ਵੱਡੀਆਂ ਐਲਈਡੀ ਲਗਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ 200 ਮੀਟਰ ਦਾ ਏਰੀਆ ਨੋ ਵਹੀਕਲ ਜੋਨ ਘੋਸਿ਼ਤ ਕੀਤਾ ਗਿਆ ਹੈ ਪਰ ਉਥੇ ਸ਼ਟਲ ਤੇ ਈ ਰਿਕਸ਼ਾ ਮੁਫ਼ਤ ਚੱਲਦੇ ਰਹਿਣਗੇ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋ ਵੀ 5 ਐਂਬੂਲੈਸ ਲਗਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਗੂਗਲ ਮੈਪ, ਮੈਪ ਮਾਈ ਇੰਡੀਆ, ਮੈਪਲਸ ਐਪ ਦੇ ਨਾਲ ਪਾਰਕਿੰਗ ਰੂਟਾਂ ਦੀ ਜੀਓ ਟੈਗਿੰਗ ਕੀਤੀ ਹੈ।ਉਨ੍ਹਾਂ ਦੱਸਿਆ ਕਿ ਮੋਬਾਇਲ ਕੰਪਨੀਆਂ ਨਾਲ ਤਾਲਮੇਲ ਕੀਤਾ ਗਿਆ ਅਤੇ ਜਦੋਂ ਵੀ ਕੋਈ ਨਾਗਰਿਕ ਫਤਹਿਗੜ੍ਹ ਸਾਹਿਬ ਦੇ ਮੋਬਾਇਲ ਟਾਵਰਾਂ ਨਜ਼ਦੀਕ ਦਾਖਲ ਹੋਵੇਗਾ ਤਾਂ ਸਬੰਧਤ ਮੋਬਾਇਲ ਕੰਪਨੀ ਵੱਲੋਂ ਇੱਕ ਲਿੰਕ ਮੈਸੇਜ ਫਲੈਸ਼ ਹੋਵੇਗਾ ਜਿਸ ਉਤੇ ਕਲਿੱਕ ਕਰਕੇ ਰੂਟ ਪਾਰਕਿੰਗ ਆਦਿ ਨਾਲ ਸਬੰਧਤ ਜ਼ਰੂਰੀ ਜਾਣਕਾਰੀਆਂ ਉਪਲਬਧ ਹੋਣਗੀਆਂ।
——————————
This news is auto published from an agency/source and may be published as received.
