
ਪਟਿਆਲਾ, 20 ਦਸੰਬਰ (ਨਿਊਜ਼ ਟਾਊਨ ਨੈਟਵਰਕ) : ਪੰਜਾਬ ਵਿੱਚ ਵੱਧ ਰਹੀ ਲਗਾਤਾਰ ਠੰਢ ਲੋਕਾਂ ਨੂੰ ਠਾਰਨ ਲੱਗੀ ਹੈ। ਉੱਥੇ ਹੀ ਪੰਜਾਬ ਸਰਕਾਰ ਤੇ ਪਟਿਆਲਾ ਪ੍ਰਸ਼ਾਸਨ ਵੱਲੋਂ ਇਹ ਦਾਅਵੇ ਕੀਤੇ ਜਾਂਦੇ ਹਨ ਕਿ ਜਿਹੜੇ ਲੋਕ ਸੜਕਾਂ ’ਤੇ ਬੇਘਰ ਸੁੱਤੇ ਹੁੰਦੇ ਹਨ, ਉਨਾਂ ਲਈ ਰਹਿਣ-ਬਸੇਰੇ ਬਣਾ ਕੇ ਉਨ੍ਹਾਂ ਨੂੰ ਉੱਥੇ ਠਹਿਰਾਇਆ ਜਾਂਦਾ ਹੈ, ਜਦਕਿ ਹਕੀਕਤ ਕੁਝ ਹੋਰ ਹੀ ਨਜ਼ਰ ਆਈ। ਪਟਿਆਲਾ ਵਿਚ ਇੱਕ ਪਾਸੇ ਸ਼ੈਲਟਰ ਹਾਊਸ ਖਾਲੀ ਪਏ ਨਜ਼ਰ ਆਏ, ਦੂਜੇ ਪਾਸੇ ਸੜਕਾਂ ’ਤੇ ਲੋਕ ਸੁੱਤੇ ਹੋਏ ਦਿੱਖ ਰਹੇ ਸਨ। ਜਦੋਂ ਇਸ ਬਾਰੇ ਜਾਣਨ ਲਈ ਸੜਕਾਂ ’ਤੇ ਸੁੱਤੇ ਲੋਕਾਂ ਨਾਲ ਗੱਲ ਕੀਤੀ ਗਈ ਕਿ ਤੁਸੀਂ ਇੱਥੇ ਕਿਉਂ ਸੋ ਰਹੇ ਹੋ, ਜਦੋਂ ਪ੍ਰਸ਼ਾਸਨ ਵੱਲੋਂ ਤੁਹਾਡੇ ਲਈ ਰਹਿਣ-ਬਸੇਰੇ ਬਣਾਏ ਗਏ ਹਨ ਤਾਂ ਉਹ ਕਹਿੰਦੇ ਨਜ਼ਰ ਆਏ ਕਿ ਉਨ੍ਹਾਂ ਨੂੰ ਰਹਿਣ-ਬਸੇਰਿਆਂ ਵਿੱਚ ਵੜਨ ਨਹੀਂ ਦਿੱਤਾ ਜਾਂਦਾ ਕਿਉਂਕਿ ਉਨ੍ਹਾਂ ਕੋਲ ਕੋਈ ਵੀ ਕਾਗਜ਼ ਨਹੀਂ ਹੁੰਦਾ। ਜਦੋਂ ਇਹ ਪੁੱਛਿਆ ਗਿਆ ਕਿ ਜੇ ਤੁਸੀਂ ਸੜਕਾਂ ’ਤੇ ਸੋ ਰਹੇ ਹੋ ਤਾਂ ਕੀ ਪ੍ਰਸ਼ਾਸਨ ਤੁਹਾਨੂੰ ਇੱਥੋਂ ਹਟਾਉਂਦਾ ਹੈ ਜਾਂ ਨਹੀਂ ਤਾਂ ਉਨ੍ਹਾਂ ਦੱਸਿਆ ਕਿ ਅੱਜ ਤੱਕ ਨਾ ਤਾਂ ਇੱਥੇ ਕੋਈ ਆਇਆ ਹੈ ਅਤੇ ਨਾ ਹੀ ਕਿਸੇ ਨੇ ਉਨ੍ਹਾਂ ਨੂੰ ਇੱਥੋਂ ਹਟਾਇਆ ਹੈ। ਕਦੇ ਉਹ ਮੰਦਰ ਦੇ ਬਾਹਰ ਅਤੇ ਕਦੇ ਗੁਰਦੁਆਰੇ ਦੇ ਬਾਹਰ ਸੌਂ ਜਾਂਦੇ ਹਨ। ਉੱਥੇ ਹੀ ਜਦੋਂ ਇਸ ਬਾਰੇ ਜਾਣਨ ਲਈ ਸ਼ੈਲਟਰ ਹਾਊਸ ਦੇ ਬਾਹਰ ਬੈਠੇ ਸੁਰੱਖਿਆ ਕਰਮੀਆਂ ਦੱਸਿਆ ਕਿ ਹਰ ਉਸ ਵਿਅਕਤੀ ਨੂੰ, ਜੋ ਬੇਘਰ ਹੈ, ਅੰਦਰ ਸੌਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਪਰ ਜਦੋਂ ਐਂਟਰੀ ਪ੍ਰਕਿਰਿਆ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਆਧਾਰ ਕਾਰਡ ਜਾਂ ਮੋਬਾਈਲ ਨੰਬਰ ਰਜਿਸਟਰ ਵਿੱਚ ਦਰਜ ਕੀਤਾ ਜਾਂਦਾ ਹੈ। ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਸੜਕਾਂ ’ਤੇ ਸੁੱਤੇ ਲੋਕ ਜਾਣ-ਬੁੱਝ ਕੇ ਇੱਥੇ ਸੋ ਰਹੇ ਹਨ ਜਾਂ ਫਿਰ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਇਸ ਬਾਰੇ ਕੋਈ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ ਜਾਂ ਉਨ੍ਹਾਂ ’ਤੇ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ।
——————————
This news is auto published from an agency/source and may be published as received.
