
ਕਿਹਾ, ਇੰਝ ਲੱਗ ਰਿਹਾ ਜਿਵੇਂ ਆਖ਼ਰੀ ਓਵਰਾਂ 'ਚ ਬੱਲੇਬਾਜ਼ ਛੱਕੇ ਮਾਰ ਰਿਹਾ ਹੋਵੇ ਨਵੀਂ ਦਿੱਲੀ, 19 ਦਸੰਬਰ (ਨਿਊਜ਼ ਟਾਊਨ ਨੈਟਵਰਕ): ਸੁਪਰੀਮ ਕੋਰਟ ਨੇ ਸੇਵਾਮੁਕਤੀ ਤੋਂ ਠੀਕ ਪਹਿਲਾਂ ‘‘ਬਹੁਤ ਸਾਰੇ ਹੁਕਮ’’ ਜਾਰੀ ਕਰਨ ਦੇ ਜੱਜਾਂ ਦੇ ‘‘ਵੱਧ ਰਹੇ ਰੁਝਾਨ’’ ’ਤੇ ਇਤਰਾਜ਼ ਜਤਾਇਆ ਅਤੇ ਇਸ ਦੀ ਤੁਲਨਾ ਮੈਚ ਦੇ ਆਖ਼ਰੀ ਓਵਰਾਂ ਵਿਚ ਬੱਲੇਬਾਜ਼ ਦੁਆਰਾ ‘ਛੱਕੇ ਮਾਰੇ ਜਾਣ’ ਨਾਲ ਕੀਤੀ। ਚੀਫ਼ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਵਾਲਾ ਬੈਂਚ ਮੱਧ ਪ੍ਰਦੇਸ਼ ਦੇ ਪ੍ਰਿੰਸੀਪਲ ਜ਼ਿਲ੍ਹਾ ਜੱਜ ਦੁਆਰਾ ਦਾਇਰ ਪਟੀਸ਼ਨ ’ਤੇ ਸੁਣਵਾਈ ਕਰ ਰਿਹਾ ਸੀ, ਜਿਸ ਵਿਚ ਜੱਜ ਨੇ ਅਪਣੀ ਸੇਵਾਮੁਕਤੀ ਤੋਂ 10 ਦਿਨ ਪਹਿਲਾਂ ਉਨ੍ਹਾਂ ਨੂੰ ਮੁਅੱਤਲ ਕਰਨ ਦੇ ਹਾਈ ਕੋਰਟ ਦੇ ਹੁਕਮ ਨੂੰ ਚੁਨੌਤੀ ਦਿਤੀ ਸੀ। ਉਨ੍ਹਾਂ ਉਪਰ ਦੋਸ਼ ਹਨ ਕਿ ਉਨ੍ਹਾਂ ਨੇ ਕੁਝ ਸ਼ੱਕੀ ਹੁਕਮ ਪਾਸ ਕੀਤੇ ਸਨ। ਜਸਟਿਸ ਜੋਇਮਲਿਆ ਬਾਗਚੀ ਅਤੇ ਵਿਪੁਲ ਐਮ. ਪੰਚੋਲੀ ਵੀ ਬੈਂਚ ਵਿਚ ਸ਼ਾਮਲ ਸਨ। ਬੈਂਚ ਨੇ ਕਿਹਾ, ‘‘ਪਟੀਸ਼ਨਕਰਤਾ ਨੇ ਰਿਟਾਇਰਮੈਂਟ ਤੋਂ ਠੀਕ ਪਹਿਲਾਂ ਛੱਕੇ ਮਾਰਨੇ ਸ਼ੁਰੂ ਕਰ ਦਿਤੇ ਹਨ। ਇਹ ਇਕ ਮੰਦਭਾਗਾ ਰੁਝਾਨ ਹੈ। ਮੈਂ ਇਸ ਬਾਰੇ ਵਿਸਥਾਰ ਵਿਚ ਚਰਚਾ ਨਹੀਂ ਕਰਨਾ ਚਾਹੁੰਦਾ।’’ ਚੀਫ਼ ਜਸਟਿਸ ਨੇ ਕਿਹਾ, ‘‘ਜੱਜਾਂ ਵਲੋਂ ਰਿਟਾਇਰਮੈਂਟ ਤੋਂ ਠੀਕ ਪਹਿਲਾਂ ਕਈ ਹੁਕਮ ਜਾਰੀ ਕਰਨ ਦਾ ਰੁਝਾਨ ਵਧ ਰਿਹਾ ਹੈ।’’ ਮੱਧ ਪ੍ਰਦੇਸ਼ ਦੇ ਨਿਆਂਇਕ ਅਧਿਕਾਰੀ 30 ਨਵੰਬਰ ਨੂੰ ਸੇਵਾਮੁਕਤ ਹੋਣ ਵਾਲੇ ਸਨ ਅਤੇ ਉਨ੍ਹਾਂ ਨੂੰ ਕਥਿਤ ਤੌਰ ’ਤੇ ਉਨ੍ਹਾਂ ਦੁਆਰਾ ਪਾਸ ਕੀਤੇ ਗਏ ਦੋ ਨਿਆਂਇਕ ਆਦੇਸ਼ਾਂ ਕਾਰਨ 19 ਨਵੰਬਰ ਨੂੰ ਮੁਅੱਤਲ ਕਰ ਦਿਤਾ ਗਿਆ ਸੀ।
——————————
This news is auto published from an agency/source and may be published as received.
