
ਸ਼ਿਲਾਂਗ, 16 ਦਸੰਬਰ (ਨਿਊਜ਼ ਟਾਊਨ ਨੈਟਵਰਕ) : ਮੇਘਾਲਿਆ ਦੇ ਕੈਬਨਿਟ ਮੰਤਰੀ ਸਾਂਬੋਰ ਸ਼ੁਲਾਈ ਨੇ ਪੰਜਾਬੀ ਲੇਨ ਦੇ ਸਿੱਖ ਵਸਨੀਕਾਂ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਸੂਬੇ ਦੇ ਲੰਬੇ ਸਮੇਂ ਤੋਂ ਵਸਨੀਕ ਰਹੇ ਇਨ੍ਹਾਂ ਸਿੱਖਾਂ ਦੇ ਅਧਿਕਾਰਾਂ ਦੀ ਰਾਖੀ ਲਈ ਸੂਬਾ ਸਰਕਾਰ ਤੋਂ ਸਹਿਯੋਗ ਦੀ ਮੰਗ ਕੀਤੀ ਸੀ। ਇਹ ਭਰੋਸਾ ਸ਼ੁਲਾਈ ਨੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਖੇ ਇਕ ਮੀਟਿੰਗ ਦੌਰਾਨ ਦਿਤਾ, ਜਿਸ ਵਿਚ ਗਿਆਨੀ ਗੱੜਗੱਜ ਵੀ ਮੌਜੂਦ ਸਨ। ਉਹ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਪ੍ਰਕਾਸ਼ ਪੁਰਬ ਦੇ ਮੌਕੇ ਉਤੇ ਧਾਰਮਕ ਪ੍ਰੋਗਰਾਮਾਂ ਦੇ ਸਬੰਧ ਵਿਚ ਮੇਘਾਲਿਆ ਦੀ ਰਾਜਧਾਨੀ ਦੇ ਦੌਰੇ ਉਤੇ ਹਨ। ਸ਼ੁੱਲਈ ਨੇ ਕਿਹਾ, ‘‘ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਸਰਕਾਰ ਸਿੱਖ ਭਾਈਚਾਰੇ ਦੇ ਨਾਲ ਖੜ੍ਹੀ ਹੈ।’’ ਇਸ ਤੋਂ ਪਹਿਲਾਂ ਕਾਰਜਕਾਰੀ ਜਥੇਦਾਰ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਲੈਤੁਮਖਰਾਹ ਤੋਂ ਸਜਾਏ ਨਗਰ ਕੀਰਤਨ ਵਿਚ ਹਿੱਸਾ ਲਿਆ, ਜੋ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਖੇ ਸਮਾਪਤ ਹੋਇਆ, ਇਸ ਤੋਂ ਬਾਅਦ ਗੁਰਮਤਿ ਸਮਾਗਮ ਹੋਇਆ, ਜਿਸ ਵਿਚ ਮੇਘਾਲਿਆ, ਅਸਾਮ ਅਤੇ ਉੱਤਰ-ਪੂਰਬ ਦੇ ਹੋਰ ਹਿੱਸਿਆਂ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂ ਸ਼ਾਮਲ ਹੋਏ। ਇਕੱਠ ਨੂੰ ਸੰਬੋਧਨ ਕਰਦਿਆਂ ਗਿਆਨੀ ਗੱੜਗੱਜ ਨੇ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨੂੰ ਯਾਦ ਕੀਤਾ, ਜਿਨ੍ਹਾਂ ਨੇ ਧਾਰਮਕ ਆਜ਼ਾਦੀ ਦੀ ਰਾਖੀ ਅਤੇ ਜ਼ੁਲਮ ਵਿਰੁਧ ਖੜ੍ਹੇ ਹੋਣ ਲਈ ਅਪਣੀ ਜਾਨ ਕੁਰਬਾਨ ਕਰ ਦਿਤੀ ਸੀ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰਾ ਇਤਿਹਾਸਕ ਤੌਰ ਉਤੇ ਦੱਬੇ-ਕੁਚਲੇ ਲੋਕਾਂ ਦੇ ਨਾਲ ਖੜ੍ਹਾ ਹੈ ਅਤੇ ਸੱਚ ਅਤੇ ਨਿਆਂ ਦੀਆਂ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਦਾ ਹੈ। ਪੰਜਾਬੀ ਲੇਨ ਬਾਰੇ ਚਿੰਤਾਵਾਂ ਦਾ ਜ਼ਿਕਰ ਕਰਦਿਆਂ ਜਥੇਦਾਰ ਨੇ ਕਿਹਾ ਸੀ ਕਿ ਕੋਈ ਵੀ ਕਦਮ ਜਿਸ ਦੇ ਨਤੀਜੇ ਵਜੋਂ ਲਗਭਗ ਦੋ ਸਦੀਆਂ ਤੋਂ ਸ਼ਿਲਾਂਗ ਵਿਚ ਰਹਿ ਰਹੇ ਸਿੱਖ ਪਰਵਾਰਾਂ ਦੇ ਉਜਾੜੇ ਦਾ ਕਾਰਨ ਬਣਦਾ ਹੈ, ਬੇਇਨਸਾਫੀ ਹੋਵੇਗੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਦੁਨੀਆਂ ਭਰ ਦੇ ਸਿੱਖ ਸ਼ਿਲਾਂਗ ਵਿਚ ਭਾਈਚਾਰੇ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ। ਉਨ੍ਹਾਂ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨਾਲ ਜੁੜੇ ਰਹਿਣ ਅਤੇ ਮਾਪਿਆਂ ਨੂੰ ਬੱਚਿਆਂ ਨੂੰ ਪੰਜਾਬੀ ਅਤੇ ਗੁਰਮੁਖੀ ਸਿਖਾਉਣ ਦੀ ਅਪੀਲ ਕੀਤੀ ਤਾਂ ਜੋ ਉਹ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਰਹਿਣ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗਿਆਨੀ ਗੜਗੱਜ ਨੂੰ ਸਨਮਾਨਿਤ ਕੀਤਾ ਗਿਆ ਅਤੇ ਜਥੇਦਾਰ ਨੇ ਸਿੱਖ ਭਾਈਚਾਰੇ ਲਈ ਉਨ੍ਹਾਂ ਦੀਆਂ ਸੇਵਾਵਾਂ ਲਈ ਕਈ ਸਿੱਖ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਸੀਨੀਅਰ ਸਿੱਖ ਆਗੂ ਅਤੇ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ।
——————————
This news is auto published from an agency/source and may be published as received.
