
ਜ਼ਿਲ੍ਹਾ ਪਰਿਸ਼ਦ ਚੋਣਾਂ ਲਈ 39 ਉਮੀਦਵਾਰ ਅਤੇ ਪੰਚਾਇਤ ਸੰਮਤੀ ਚੋਣਾਂ ਲਈ 261 ਉਮੀਦਵਾਰ ਚੋਣ ਮੈਦਾਨ ਵਿੱਚ
25 ਪੋਲਿੰਗ ਬੂਥ ਹਾਈਪਰ ਸੈਂਸਟਿਵ ਅਤੇ 89 ਪੋਲਿੰਗ ਬੂਥ ਸੈਂਸਟਿਵ ਘੋਸ਼ਿਤ
ਚੋਣ ਅਮਲੇ ਦੀ ਦੂਜੀ ਰਿਹਰਸਲ 10 ਦਸੰਬਰ ਨੂੰ ਹੋਵੇਗੀ
ਫਤਹਿਗੜ੍ਹ ਸਾਹਿਬ, 9 ਦਸੰਬਰ:
ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਜਿ਼ਲ੍ਹਾ ਪਰਿਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ 14 ਦਸੰਬਰ ਨੂੰ ਕਰਵਾਈਆਂ ਜਾਣਗੀਆਂ ਤੇ ਵੋਟਾਂ ਦੀ ਗਿਣਤੀ 17 ਦਸੰਬਰ ਨੂੰ ਹੋਵੇਗੀ।
ਜ਼ਿਲ੍ਹਾ ਚੋਣਕਾਰ ਅਫ਼ਸਰ ਡਾ. ਸੋਨਾ ਥਿੰਦ ਦੇ ਦਿਸ਼ਾ ਨਿਰਦੇਸ਼ ਹੇਠ ਇਹ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਚੋਣ ਅਫ਼ਸਰ—ਕਮ— ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੁਰਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਜ਼ਿਲ੍ਹਾ ਪਰਿਸ਼ਦ ਦੇ 10 ਜ਼ੋਨਾਂ ਲਈ ਕੁੱਲ 39 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਦਕਿ ਪੰਚਾਇਤ ਸੰਮਤੀ ਦੇ ਕੁੱਲ 77 ਜ਼ੋਨਾਂ ਵਿੱਚੋਂ 2 ਜ਼ੋਨਾਂ ਵਿੱਚ 2 ਉਮੀਦਵਾਰ ਨਿਰਵਿਰੋਧ ਜੇਤੂ ਚੁਣੇ ਜਾ ਚੁੱਕੇ ਹਨ ਜਦਕਿ ਬਾਕੀ ਦੇ 75 ਜ਼ੋਨਾਂ ਵਿੱਚ 261 ਉਮੀਦਵਾਰ ਕਿਸਮਤ ਅਜਮਾਉਣਗੇ।
ਵਧੀਕ ਜਿ਼ਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਪੰਚਾਇਤ ਸੰਮਤੀ ਜ਼ੋਨ ਖਮਾਣੋਂ ਵਿਖੇ ਕੁੱਲ 15 ਸੀਟਾਂ ਲਈ 48 ਉਮੀਦਵਾਰ, ਬਸੀ ਪਠਾਣਾ ਵਿਖੇ 15 ਸੀਟਾਂ ਲਈ 49 ਉਮੀਦਵਾਰ, ਸਰਹਿੰਦ ਵਿਖੇ 15 ਸੀਟਾਂ ਲਈ 54 ਉਮੀਦਵਾਰ, ਖੇੜਾ ਵਿਖੇ 13 ਸੀਟਾਂ ਲਈ 49 ਉਮੀਦਵਾਰ ਅਤੇ ਅਮਲੋਹ ਵਿਖੇ 17 ਸੀਟਾਂ ਲਈ 61 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਣਾਂ ਨੂੰ ਨਿਰਪੱਖ, ਸ਼ਾਂਤਮਈ ਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਲਗਭਗ 3000 ਚੋਣ ਅਮਲਾ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ 25 ਪੋਲਿੰਗ ਬੂਥ ਹਾਈਪਰ ਸੈਂਸਟਿਵ ਅਤੇ 89 ਪੋਲਿੰਗ ਬੂਥ ਸੈਂਸਟਿਵ ਘੋਸਿ਼ਤ ਕੀਤੇ ਗਏ ਹਨ ਜਿਥੇ ਸੁਰੱਖਿਆ ਦੇ ਵਧੇਰੇ ਇੰਤਜਾਮ ਕੀਤੇ ਗਏ ਹਨ।
ਵਧੀਕ ਜਿ਼ਲ੍ਹਾ ਚੋਣ ਅਫ਼ਸਰ ਸੁਰਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਚੋਣ ਅਮਲੇ ਦੀ ਪਹਿਲੀ ਰਿਹਰਸਲ ਕਰਵਾਈ ਜਾ ਚੁੱਕੀ ਹੈ ਜਦਕਿ ਦੂਜੀ ਰਿਹਰਸਲ 10 ਦਸੰਬਰ ਨੂੰ ਨਿਰਧਾਰਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰਿਹਰਸਲ ਲਈ ਦੇਸ਼ ਭਗਤ ਯੂਨੀਵਰਸਿਟੀ ਸੌਂਟੀ, ਅਮਲੋਹ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਮਾਣੋਂ, ਪਾਈਨ ਗਰੌਵ ਪਬਲਿਕ ਸਕੂਲ ਬਸੀ ਪਠਾਣਾ, ਭਾਈ ਨੰਦ ਲਾਲ ਆਡੀਟੋਰੀਅਮ ਹਾਲ, ਦੂਜੀ ਮੰਜਿ਼ਲ ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਅਤੇ ਬਾਬਾ ਗੁਰਦਿੱਤ ਸਿੰਘ ਆਡੀਟੋਰੀਅਮ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਹਿਗੜ੍ਹ ਸਾਹਿਬ ਨਿਰਧਾਰਤ ਕੀਤੇੇ ਗਏ ਹਨ।
——————————
This news is auto published from an agency/source and may be published as received.
