ਅਪਣੇ ਦੇਸ਼ ਲਈ ਬ੍ਰਾਂਡ ਅੰਬੈਸਡਰ ਬਣੋ ਤੇ ਕੰਪਨੀਆਂ ਨੂੰ ਪੰਜਾਬ ‘ਚ ਨਿਵੇਸ਼ ਲਈ ਪ੍ਰੇਰਿਤ ਕਰੋ’

ਦੱਖਣੀ ਕੋਰੀਆ ਦੇ ਸਿਓਲ ਦੇ ਪੰਜਾਬੀਆਂ ਨੂੰ ਮੁੱਖ ਮੰਤਰੀ ਦੀ ਅਪੀਲ ਸਿਓਲ/ਚੰਡੀਗੜ੍ਹ, 8 ਦਸੰਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਿਓਲ ਵਿੱਚ ਵਸਦੇ ਪਰਵਾਸੀ ਪੰਜਾਬੀਆਂ ਨੂੰ ਸੂਬੇ ਦੇ ਸਫ਼ੀਰ ਵਜੋਂ ਕੰਮ ਕਰਨ ਦਾ ਸੱਦਾ ਦਿੱਤਾ ਤਾਂ ਜੋ ਕੋਰੀਆਈ ਕੰਪਨੀਆਂ ਨੂੰ ਪੰਜਾਬ, ਜੋ ਹੁਣ ਦੁਨੀਆ ਭਰ ਵਿੱਚ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਵਜੋਂ ਉੱਭਰਿਆ ਹੈ, ਵਿੱਚ ਨਿਵੇਸ਼ ਲਈ ਪ੍ਰੇਰਿਤ ਕੀਤਾ ਜਾ ਸਕੇ। ਦੱਖਣੀ ਕੋਰੀਆ ਦੀ ਆਪਣੀ ਫੇਰੀ ਦੌਰਾਨ ਸਿਓਲ ਵਿੱਚ ਪੰਜਾਬੀ ਭਾਈਚਾਰੇ ਨਾਲ ਵਿਚਾਰ-ਵਟਾਂਦਰਾ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਉਦਯੋਗ-ਪੱਖੀ ਨੀਤੀਆਂ ਕਾਰਨ ਨਿਵੇਸ਼ਕ ਪਹਿਲਾਂ ਹੀ ਪੰਜਾਬ ਵਿੱਚ ਨਿਵੇਸ਼ ਲਈ ਅੱਗੇ ਆ ਰਹੇ ਹਨ ਅਤੇ ਸਿਓਲ ਵਿੱਚ ਪੰਜਾਬੀਆਂ ਨੂੰ ਸੂਬੇ ਦੇ ਬ੍ਰਾਂਡ ਅੰਬੈਸਡਰ ਬਣ ਕੇ ਨਿਵੇਸ਼ ਆਕਰਸ਼ਿਤ ਕਰਨ ਵਿੱਚ ਹੋਰ ਮਦਦ ਕਰਨੀ ਚਾਹੀਦੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬੀ ਜਨਮ ਤੋਂ ਹੀ ਉੱਦਮੀ ਹਨ ਅਤੇ ਸਾਡੇ ਵਿੱਚੋਂ ਹਰੇਕ ਨੂੰ ਸੂਬੇ ਨੂੰ ਉਦਯੋਗਿਕ ਵਿਕਾਸ ਦੇ ਪੈਂਡੇ 'ਤੇ ਪਾਉਣ ਲਈ ਯਤਨ ਕਰਨੇ ਚਾਹੀਦੇ ਹਨ। ਪੰਜਾਬੀਆਂ ਨਾਲ ਭਾਵਨਾਤਮਕ ਸਾਂਝ ਦਰਸਾਉਂਦਿਆਂ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪਹਿਲਾਂ ਹੀ ਸੂਬੇ ਵਿੱਚ ਉਦਯੋਗਾਂ ਲਈ ਅਨੁਕੂਲ ਮਾਹੌਲ ਮੁਹੱਈਆ ਕਰ ਰਹੀ ਹੈ ਅਤੇ ਹੁਣ ਆਪਣੀ ਜਨਮ ਭੂਮੀ ਦੀ ਸੇਵਾ ਕਰਨ ਦੀ ਪਰਵਾਸੀ ਪੰਜਾਬੀਆਂ ਦੀ ਵਾਰੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਸਤੇ ਖੁੱਲ੍ਹਣਗੇ ਅਤੇ ਨਾਲ ਹੀ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ, ਜਿਸ ਨਾਲ ਰੰਗਲਾ ਪੰਜਾਬ ਬਣੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਬਹੁਤ ਮਾਣ ਅਤੇ ਸੰਤੁਸ਼ਟੀ ਦੀ ਗੱਲ ਹੈ ਕਿ ਪੰਜਾਬੀ ਆਲਮੀ ਨਾਗਰਿਕ ਹਨ, ਜਿਨ੍ਹਾਂ ਨੇ ਦੁਨੀਆ ਦੇ ਹਰ ਕੋਨੇ ਵਿੱਚ ਆਪਣੇ ਲਈ ਵੱਖਰਾ ਮੁਕਾਮ ਬਣਾਇਆ ਹੈ ਅਤੇ ਸਖ਼ਤ ਮਿਹਨਤ ਦਾ ਜਜ਼ਬਾ ਪੰਜਾਬੀਆਂ ਦੇ ਖ਼ੂਨ ਵਿੱਚ ਰਚੇ ਹੋਏ ਹਨ। ਮੁੱਖ ਮੰਤਰੀ ਨੇ ਪੰਜਾਬੀ ਭਾਈਚਾਰੇ ਦੀ ਉੱਦਮੀ ਭਾਵਨਾ, ਸੱਭਿਆਚਾਰਕ ਵਚਨਬੱਧਤਾ ਅਤੇ ਲੋਕਾਂ-ਤੋਂ-ਲੋਕਾਂ ਅਤੇ ਕਾਰੋਬਾਰ-ਤੋਂ-ਕਾਰੋਬਾਰ ਵਿਚਾਲੇ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਲਈ ਪ੍ਰਸੰਸਾ ਕੀਤੀ। ਉਨ੍ਹਾਂ ਪੰਜਾਬ ਨੂੰ ਤਰਜੀਹੀ ਨਿਵੇਸ਼ ਸਥਾਨ ਵਜੋਂ ਪੇਸ਼ ਕਰਨ ਲਈ ਕੋਰੀਆਈ ਕੰਪਨੀਆਂ ਦਾ ਮਾਰਗਦਰਸ਼ਨ ਕਰਨ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੀ ਵੀ ਅਪੀਲ ਕੀਤੀ। ਭਗਵੰਤ ਸਿੰਘ ਮਾਨ ਨੇ ਸੂਬੇ ਵਿੱਚ ਰੋਜ਼ਗਾਰ, ਨਵੀਨਤਾ ਅਤੇ ਤਕਨਾਲੋਜੀ ਸਹਿਯੋਗ ਲਈ ਵਧੇਰੇ ਮੌਕੇ ਪੈਦਾ ਕਰਨ ਵਿੱਚ ਮਦਦ ਕਰਨ ਲਈ ਉਨ੍ਹਾਂ ਤੋਂ ਸਮਰਥਨ ਅਤੇ ਸਹਿਯੋਗ ਮੰਗਿਆ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਦ੍ਰਿਸ਼ਟੀਕੋਣ ਸਪੱਸ਼ਟ ਹੈ ਕਿ ਪੰਜਾਬ ਨੂੰ ਨੀਤੀ ਵਿੱਚ ਸਥਿਰਤਾ, ਫੈਸਲੇ ਲੈਣ ਵਿੱਚ ਤੇਜ਼ੀ ਅਤੇ ਨਿਵੇਸ਼ਕਾਂ ਦੇ ਸਮੇਂ ਤੇ ਭਰੋਸੇ ਦਾ ਸਤਿਕਾਰ ਕਰਨ ਵਾਲੀ ਸ਼ਾਸਨ ਪ੍ਰਣਾਲੀ ਦੀ ਪੇਸ਼ਕਸ਼ ਕਰ ਕੇ ਵਿਸ਼ਵ-ਵਿਆਪੀ ਉਦਯੋਗ ਲਈ ਪਸੰਦੀਦਾ ਸਥਾਨ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦਾ ਦ੍ਰਿਸ਼ਟੀਕੋਣ ਸਾਂਝੇਦਾਰੀ ਅਤੇ ਉਦਯੋਗਾਂ ਨਾਲ ਮਿਲ ਕੇ ਕੰਮ ਕਰਨ, ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਸਮਝ ਕੇ ਇਹ ਯਕੀਨੀ ਬਣਾਉਣ 'ਤੇ ਅਧਾਰਤ ਹੈ ਕਿ ਸਰਕਾਰ ਵਿਕਾਸ ਦੀ ਸਹਿਯੋਗੀ ਬਣੇ। ਇਸ ਦੌਰਾਨ ਪਰਵਾਸੀ ਭਾਈਚਾਰੇ ਨੇ ਵਫ਼ਦ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਪੰਜਾਬ ਦੀ ਆਲਮੀ ਪਹੁੰਚ ਅਤੇ ਤਿਉਹਾਰਾਂ, ਭਾਸ਼ਾ, ਪਕਵਾਨਾਂ ਤੇ ਰਹੁ-ਰੀਤਾਂ ਦੇ ਜਸ਼ਨਾਂ ਰਾਹੀਂ ਕੋਰੀਆਈ ਲੋਕਾਂ ਵਿੱਚ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਕੀਤੇ ਜਾ ਰਹੇ ਨਿਰੰਤਰ ਯਤਨਾਂ ਦੀ ਸ਼ਲਾਘਾ ਕੀਤੀ।

——————————
This news is auto published from an agency/source and may be published as received.

Leave a Reply

Your email address will not be published. Required fields are marked *