
ਜਗਰਾਓਂ (ਲੁਧਿਆਣਾ), 5 ਦਸੰਬਰ : ਬੀਤੀ ਦੇਰ ਰਾਤ ਜਗਰਾਓਂ ਨੇੜੇ ਪੈਂਦੇ ਪਿੰਡ ਕੋਕੇਂ ਕਲਾਂ ਵਿਖੇ ਬਾਬਾ ਰੋਡੂ ਜੀ ਦੇ ਸਥਾਨ ’ਤੇ ਮੱਥਾ ਟੇਕਣ ਆਏ ਨੌਜਵਾਨਾਂ ਦੇ ਇੱਕ ਗੁੱਟ ’ਤੇ ਵਿਰੋਧੀ ਗੁੱਟ ਦੇ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ’ਚ ਇੱਕ ਨੌਜਵਾਨ ਲਵਕਰਨ ਸਿੰਘ ਜ਼ਖ਼ਮੀ ਹੋ ਗਿਆ ਜਦਕਿ ਹਮਲਾਵਰ ਸਕਾਰਪੀਓ ਗੱਡੀ ’ਚ ਫਰਾਰ ਹੋ ਗਏ।
ਜ਼ਖ਼ਮੀ ਲਵਕਰਨ ਸਿੰਘ ਨੂੰ ਸਾਥੀਆਂ ਨੇ ਤੁਰੰਤ ਸਿਵਲ ਹਸਪਤਾਲ ਜਗਰਾਓਂ ਪਹੁੰਚਾਇਆ, ਜਿੱਥੋਂ ਉਸ ਦੀ ਹਾਲਤ ਨਾਜ਼ੁਕ ਦੇਖਦਿਆਂ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਡਾਕਟਰਾਂ ਮੁਤਾਬਕ ਗੋਲੀ ਉਸ ਦੇ ਮੋਢੇ ਦੇ ਪਿਛਲੇ ਪਾਸੇ ਲੱਗੀ ਹੈ ਪਰ ਉਹ ਖ਼ਤਰੇ ਤੋਂ ਬਾਹਰ ਤੇ ਪੂਰੀ ਹੋਸ਼ ’ਚ ਹੈ।
ਜ਼ਖ਼ਮੀ ਲਵਕਰਨ ਸਿੰਘ ਨੇ ਦੱਸਿਆ ਕਿ ਉਹ ਬਾਬਾ ਰੋਡੂ ਜੀ ਦੇ ਸਥਾਨ ’ਤੇ ਮੱਥਾ ਟੇਕ ਕੇ ਵਾਪਸ ਆ ਰਿਹਾ ਸੀ ਕਿ ਅਚਾਨਕ ਸਕਾਰਪੀਓ ’ਚ ਸਵਾਰ ਕੁਝ ਨੌਜਵਾਨਾਂ ਨੇ ਉਸ ’ਤੇ ਤੇ ਉਸ ਦੇ ਸਾਥੀਆਂ ’ਤੇ ਗੋਲੀਆਂ ਚਲਾ ਦਿੱਤੀਆਂ। ਕੁਝ ਗੋਲੀਆਂ ਗੱਡੀ ’ਤੇ ਵੱਜੀਆਂ ਤੇ ਇੱਕ ਗੋਲੀ ਉਸ ਨੂੰ ਵੱਜ ਗਈ।
ਸੂਤਰਾਂ ਮੁਤਾਬਕ ਇਹ ਝੜਪ ਪੁਰਾਣੀ ਰੰਜਿਸ਼ ਦਾ ਨਤੀਜਾ ਹੈ। ਕੱਲ੍ਹ ਲੁਧਿਆਣਾ ਅਦਾਲਤ ’ਚ ਦੋਵੇਂ ਗੁੱਟਾਂ ਦੇ ਨੌਜਵਾਨਾਂ ਦੀ ਪੇਸ਼ੀ ਸੀ ਤੇ ਉਥੇ ਹੀ ਉਨ੍ਹਾਂ ’ਚ ਤਿੱਖੀ ਬਹਿਸ ਹੋਈ ਸੀ। ਇਸੇ ਗੁੱਸੇ ’ਚ ਇੱਕ ਗੁੱਟ ਨੇ ਅੱਜ ਰਾਤ ਨੂੰ ਬਦਲਾ ਲੈਣ ਦੀ ਨੀਅਤ ਨਾਲ ਫਾਇਰਿੰਗ ਕੀਤੀ।
ਥਾਣਾ ਸਦਰ ਜਗਰਾਓਂ ਦੇ ਐੱਸਐੱਚਓ ਸੁਰਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਜ਼ਖ਼ਮੀ ਦੇ ਬਿਆਨ ਦਰਜ ਕਰ ਲਏ ਗਏ ਹਨ ਤੇ ਸੀਸੀਟੀਵੀ ਫੁਟੇਜ ਤੇ ਹੋਰ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।ਘਟਨਾ ਤੋਂ ਬਾਅਦ ਇਲਾਕੇ ’ਚ ਸਹਿਮ ਦਾ ਮਾਹੌਲ ਹੈ ਤੇ ਲੋਕਾਂ ਨੇ ਪੁਲਿਸ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
This news is auto published from an agency/source and may be published as received.
