ਸਰਹਿੰਦ/ਫਤਿਹਗੜ੍ਹ ਸਾਹਿਬ (ਰੂਪ ਨਰੇਸ਼): ਬਾਬਾ ਸਾਹਿਬ ਡਾਕਟਰ. ਭੀਮ ਰਾਓ ਅੰਬੇਦਕਰ ਜੀ ਦੇ 134ਵੇਂ ਜਨਮ ਦਿਨ ਨੂੰ ਸਮਰਪਿਤ ਪੰਜਾਬ ਭਰ ਤੋਂ ਇਕੱਠੇ ਹੋਏ ਲੋਕਾਂ ਨੇ ਸਮਾਜਿਕ ਪਰਿਵਰਤਨ ਦੀ ਇੱਕ ਸ਼ਕਤੀਸ਼ਾਲੀ ਯਾਤਰਾ ਕੱਢੀ। ਇਸ ਵਿਸ਼ਾਲ ਰੈਲੀ ਦਾ ਮੁੱਖ ਉਦੇਸ਼ ਵਿਦਿਅਕ ਚੇਤਨਾ,ਆਰਥਿਕਤਾ ਚੇਤਨਾ, ਸਮਾਜਕ ਚੇਤਨਾ, ਅਤੇ ਰਾਜਨੀਤਕ ਖੇਤਰਾਂ ਵਿੱਚ ਚੇਤਨਾ ਦੀ ਇੱਕ ਨਵੀਂ ਲਹਿਰ ਪੈਦਾ ਕਰਨਾ ਸੀ, ਤਾਂ ਜੋ ਬਾਬਾ ਸਾਹਿਬ ਦੇ ਸੁਪਨਿਆਂ ਦਾ ਸਮਾਜ ਸਿਰਜਿਆ ਜਾ ਸਕੇ।
ਇਸ ਇਤਿਹਾਸਕ ਯਾਤਰਾ ਵਿੱਚ ਵੱਖ-ਵੱਖ ਖੇਤਰਾਂ ਦੇ ਪ੍ਰਮੁੱਖ ਬੁਲਾਰਿਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਡਾ. ਐਮ.ਐਸ ਰੋਹਟਾ ਨੇ ਵਿੱਦਿਆ ਦੇ ਮਹੱਤਵ ‘ਤੇ ਜ਼ੋਰ ਦਿੱਤਾ, ਜਦੋਂ ਕਿ ਐਡਵੋਕੇਟ ਸਾਹਿਬ ਸਿੰਘ ਖੰਨਾ ਨੇ ਸੰਵਿਧਾਨ ਦੁਆਰਾ ਪ੍ਰਦਾਨ ਕੀਤੇ ਗਏ ਕਾਨੂੰਨੀ ਹੱਕਾਂ ਬਾਰੇ ਜਾਣਕਾਰੀ ਦਿੱਤੀ। ਰਵੀ ਮੱਟੂ ਪਟਿਆਲਾ ਨੇ ਨੌਜਵਾਨਾਂ ਨੂੰ ਬਾਬਾ ਸਾਹਿਬ ਦੇ ਸੰਘਰਸ਼ ਤੋਂ ਪ੍ਰੇਰਨਾ ਲੈਣ ਦਾ ਸੱਦਾ ਦਿੱਤਾ। ਵਿੱਕੀ ਰਾਏ, ਸ਼ਿਵ ਕੁਮਾਰ, ਸੂਰਜ ਕੁਮਾਰ ਬੱਸੀ ਅਤੇ ਹੋਰ ਬੁਲਾਰਿਆਂ ਨੇ ਵੀ ਆਪੋ-ਆਪਣੇ ਵਿਚਾਰਾਂ ਨਾਲ ਲੋਕਾਂ ਨੂੰ ਜਾਗਰੂਕ ਕੀਤਾ। ਗੁਰਵਿੰਦਰ ਸਿੰਘ ਗੋਵਿੰਦਾ, ਕ੍ਰਿਸ਼ਨ ਸਿੰਘ ਗੁਰਪ੍ਰੀਤ ਸਿੰਘ ਸੰਗਤਪੁਰ ਸੋਢੀਆਂ, ਪ੍ਰਕਾਸ਼ ਸਿੰਘ ਜਿੰਦਲਪੁਰ, ਹਰਜਿੰਦਰ ਸਿੰਘ ਪੱਪੂ ਸਾਨੀਪੁਰ, ਸੋਨੀ ਸਹੋਤਾ ਸਤਨਾਮ ਸਿੰਘ ਬਧੌਛੀ, ਮਨਦੀਪ ਸਿੰਘ ਮਾਮੂਪੁਰ, ਬਲਕਾਰ ਸਿੰਘ ਅੰਮ੍ਰਿਤ ਮੱਟੂ ਜਸਪ੍ਰੀਤ ਸਿੰਘ ਗੁਰੂ ਗੁਰਮੀਤ ਸਿੰਘ ਫੌਜੀ ਅਜਾਇਬ ਸਿੰਘ ਗੁਰੂ ਨੈਬ ਸਿੰਘ ਗੁਰੂ ਡਾਕਟਰ ਜਸਬੀਰ ਸਿੰਘ ਰਾਮਧਨ ਸੁਖਵਿੰਦਰ ਸਿੰਘ ਸਾਬਕਾ ਸਰਪੰਚ ਦਿਲਬਾਗ ਸਿੰਘ ਹੁਸੈਨਪੁਰਾ ਅਤੇ ਅਮਰਿੰਦਰ ਸਿੰਘ ਬਾਗੜੀਆਂ, ਜਗਦੀਪ ਸਿੰਘ ਗੁਰਦਾਸ ਲਟੋਰ ਆਗੂਆਂ ਨੇ ਵੀ ਸੰਬੋਧਨ ਕੀਤਾ ਅਤੇ ਬਾਬਾ ਸਾਹਿਬ ਦੇ ਜੀਵਨ ਅਤੇ ਸੰਘਰਸ਼ ‘ਤੇ ਰੌਸ਼ਨੀ ਪਾਈ।
ਇਹ ਯਾਤਰਾ ਪਿੰਡ ਹੁਸੈਨਪੁਰਾ ਤੋਂ ਸ਼ੁਰੂ ਹੋਈ ਅਤੇ ਸੰਗਤਪੁਰ ਸੋਢੀਆਂ, ਖੋਜੇ ਮਾਜਰਾ, ਸਾਨੀਪੁਰ, ਰਾਮਦਾਸ ਨਗਰ (ਬਾੜਾ ਸਰਹੰਦ), ਸਰਹਿੰਦ ਜੀ ਟੀ ਰੋਡ, ਸਰਹਿੰਦ ਅਨਾਜ ਮੰਡੀ ਅਤੇ ਮੁੱਖ ਬਾਜ਼ਾਰ ਵਿੱਚੋਂ ਲੰਘਦੀ ਹੋਈ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਡੀ ਸੀ ਦਫ਼ਤਰ ਕੰਪਲੈਕਸ ਤੱਕ ਪਹੁੰਚੀ। ਇਸ ਮੌਕੇ ‘ਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦੀ ਸਥਾਪਿਤ ਪ੍ਰਤਿਮਾ ‘ਤੇ ਫੁੱਲ ਮਾਲਾਵਾਂ ਅਰਪਣ ਕੀਤੀਆਂ ਗਈਆਂ।
ਪੰਜਾਬ ਦੇ ਕੋਨੇ-ਕੋਨੇ ਤੋਂ ਵਿਦਿਆਰਥੀਆਂ, ਮਜ਼ਦੂਰਾਂ, ਕਿਸਾਨਾਂ, ਡਾਕਟਰਾਂ, ਪ੍ਰੋਫੈਸਰਾਂ ਅਤੇ ਵਕੀਲਾਂ ਸਮੇਤ ਹਜ਼ਾਰਾਂ ਲੋਕ ਸਕੂਟਰਾਂ, ਮੋਟਰਸਾਈਕਲਾਂ, ਟਰੈਕਟਰਾਂ ਅਤੇ ਗੱਡੀਆਂ ਦੇ ਵੱਡੇ ਕਾਫਲੇ ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ ਆਪਣੇ ਵਾਹਨਾਂ ‘ਤੇ ਬਾਬਾ ਸਾਹਿਬ ਦੀਆਂ ਤਸਵੀਰਾਂ ਵਾਲੇ ਨੀਲੇ ਝੰਡੇ ਲਹਿਰਾਏ ਅਤੇ ਹੱਥਾਂ ਵਿੱਚ ਸਮਾਜਿਕ ਪਰਿਵਰਤਨ ਦੇ ਸੰਦੇਸ਼ ਵਾਲੀਆਂ ਤਖਤੀਆਂ ਫੜੀਆਂ ਹੋਈਆਂ ਸਨ।
ਸਮਾਜਿਕ ਪਰਿਵਰਤਨ ਯਾਤਰਾ ਦੇ ਪੂਰੇ ਰਸਤੇ ਵਿੱਚ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਲੋਕਾਂ ਨੇ ਭਰਵਾਂ ਉਤਸ਼ਾਹ ਦਿਖਾਇਆ ਅਤੇ ਯਾਤਰਾ ਦਾ ਨਿੱਘਾ ਸਵਾਗਤ ਕੀਤਾ। ਕਈ ਥਾਵਾਂ ‘ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਪ੍ਰਬੰਧਕਾਂ ਦਾ ਸਨਮਾਨ ਕੀਤਾ ਗਿਆ।
ਜ਼ਿਲ੍ਹਾ ਪ੍ਰਸ਼ਾਸਨ ਨੇ ਯਾਤਰਾ ਦੀ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਸਨ, ਜਿਸ ਨਾਲ ਇਹ ਯਾਤਰਾ ਸ਼ਾਂਤੀਪੂਰਵਕ ਨੇਪਰੇ ਚੜ੍ਹੀ। ਸਮਾਪਤੀ ਸਮਾਰੋਹ ਵਿੱਚ (ਭਾਰਤੀ ਕਿਰਤੀ ਲੋਕ ਦਲ) ਦੇ ਪ੍ਰੋਫੈਸਰ ਡਾਕਟਰ ਦਵਿੰਦਰ ਸਿੰਘ ਜੀ ਨੇ ਪਹੁੰਚੇ ਹੋਏ ਸਾਰੇ ਸਾਥੀਆਂ ਅਤੇ ਭਰਾਤਰੀ ਜਥੇਬੰਦੀਆਂ ਦਾ ਦਿਲੋਂ ਧੰਨਵਾਦ ਕੀਤਾ ਅਤੇ ਇਸ ਸਮਾਜਿਕ ਪਰਿਵਰਤਨ ਦੀ ਲਹਿਰ ਨੂੰ ਅੱਗੇ ਵਧਾਉਣ ਦਾ ਸੰਕਲਪ ਲਿਆ। ਇਸ ਵਿਸ਼ਾਲ ਯਾਤਰਾ ਨੇ ਬਾਬਾ ਸਾਹਿਬ ਦੇ ਵਿਚਾਰਾਂ ਨੂੰ ਘਰ-ਘਰ ਪਹੁੰਚਾਉਣ ਅਤੇ ਸਮਾਜਿਕ ਬਰਾਬਰੀ ਲਈ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਸੰਦੇਸ਼ ਦਿੱਤਾ।