ਚੰਡੀਗੜ੍ਹ/ਨਾਭਾ/ਸਰਹਿੰਦ ( ਰੂਪ ਨਰੇਸ਼): ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਸਤਿਕਾਰਯੋਗ ਨਿਰੰਕਾਰੀ ਰਾਜਪਿਤਾ ਰਮਿਤ ਜੀ ਨੇ ਪੰਜਾਬ ਦੀ ਮਾਨਵ ਕਲਿਆਣ ਯਾਤਰਾ ਦੌਰਾਨ ਪੰਜਾਬ ਦੇ ਅਨੇਕਾਂ ਸ਼ਹਿਰਾਂ ਦੀਆਂ ਵਿਸ਼ਾਲ ਸੰਗਤਾਂ ਨੂੰ ਆਪਣਾ ਪਾਵਨ ਅਸ਼ੀਰਵਾਦ ਪ੍ਰਦਾਨ ਕਰਨ ਉਪਰੰਤ ਇਸ ਯਾਤਰਾ ਦੇ ਆਖ਼ਰੀ ਪੜਾਅ ਨਾਭਾ ਵਿਖੇ ਪਹੁੰਚਣ ਤੇ ਮਾਨਵ ਮਾਤਰ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਫਰਮਾਇਆ ਕਿ ਕੋਈ ਵੀ ਐਸਾ ਭਾਵ ਮਨ ਵਿਚ ਨਾ ਲਈਏ ਜੋ ਇਨਸਾਨੀਅਤ ਤੋਂ ਹਟ ਕੇ ਹੋਵੇ। ਜੇਕਰ ਇਹ ਯਾਦ ਰਹੇਗਾ ਕਿ ਪ੍ਰਮਾਤਮਾ ਨੇ ਇਹ ਸਰੀਰ, ਮਨ ਅਤੇ ਧਨ ਵੀ ਦਿੱਤਾ ਹੈ ਤਾਂ ਇਸਦਾ ਮਨ ਵਿਚ ਹੰਕਾਰ ਵੀ ਨਾ ਹੋਵੇ। ਹਰ ਕੋਈ ਸਮਰਪਤ ਭਾਵ ਮਨ ਵਿਚ ਰਖੇ। ਇਹ ਸਭ ਕੁਝ ਪ੍ਰਮਾਤਮਾ ਦੀ ਦੇਣ ਹੈ, ਅਸੀਂ ਇਸਦੀ ਸੰਭਾਲ ਵੀ ਕਰਨੀ ਹੈ। ਮਨ ਵਿਚ ਕੋਈ ਹੰਕਾਰ ਨਹੀ ਹੋਵਗਾ ਅਤੇ ਕੋਈ ਵੀ ਐਸਾ ਕਰਮ ਨਾ ਹੋਵੇ ਜਿਹੜਾ ਮਾਨਵਤਾ—ਇਨਸਾਨੀਅਤ ਤੋਂ ਹੱਟ ਕੇ ਹੋਵੇ। ਸਾਨੂੰ ਇਹ ਸਰੀਰ ਮਿਲਿਆ ਹੈ ਇਨਸਾਨ ਦਾ, ਇਸ ਲਈ ਅਸਲ ਵਿਚ ਇਨਸਾਨ ਵੀ ਬਣਨਾ ਹੈ। ਮਨ ਵਿਚ ਨਿਮਰਤਾ ਰਖਦੇ ਹੋਏ ਹਰ ਕਿਸੇ ਨਾਲ ਪਿਆਰ ਅਤੇ ਕਰੁਣਾ ਦਾ ਭਾਵ ਰੱਖਣਾ ਹੈ।
ਦਾਤਾਰ ਹਰ ਕਿਸੇ ਨੂੰ ਭਗਤੀ ਬਖਸ਼ੇ, ਹਰ ਕੋਈ ਨਿਰੰਕਾਰ ਦੇ ਇਸ ਅਸਲੀ ਰੂਪ ਤੋਂ, ਇਸ ਸੱਚਾਈ ਤੋਂ ਵਾਕਿਫ਼ ਹੋਵੇ ਜੋ ਹਮੇਸ਼ਾ ਤੋਂ ਹੀ ਸੱਚ ਹੈ, ਅਤੇ ਸੱਚ ਰਹੇਗਾ। ਭਾਵੇਂ ਇਸ ਨਿਰੰਕਾਰ ਦਾ ਕੋਈ ਰੰਗ ਰੂਪ ਨਹੀਂ ਪਰ ਫਿਰ ਵੀ ਇਹ ਸਭ ਰੂਪਾਂ ਵਿਚ ਬਿਰਾਜਮਾਨ ਹੈ। ਕਣ—ਕਣ ਵਿਚ ਪ੍ਰਮਾਤਮਾ ਮੌਜੂਦ ਹੈ ਭਗਤ ਇਸਨੂੰ ਚੌਵੀ ਘੰਟੇ ਵੇਖਦੇ ਰਹਿੰਦੇ ਹਨ ਅਤੇ ਹਰ ਇਨਸਾਨ ਇਸ ਪ੍ਰਮਾਤਮਾ ਨੂੰ ਵੇਖ ਸਕਦਾ ਹੈ।
ਪਟਿਆਲਾ ਜੋਨ ਦੇ ਜੋਨਲ ਇੰਚਾਰਜ ਸ਼੍ਰੀ ਰਾਧੇ ਸ਼ਾਮ ਜੀ ਨੇ ਸਮੂਹ ਸਾਧਸੰਗਤ ਵੱਲੋਂ ‘ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ’ ਅਤੇ ਸਤਿਕਾਰਯੋਗ ‘ਨਿਰੰਕਾਰੀ ਰਾਜਪਿਤਾ ਰਮਿਤ ਜੀ’ ਦਾ ਨਾਭਾ ਵਿਖੇ ਪਹੁੰਚਣ ਤੇ ਦਿਲਾਂ ਦੀ ਗਹਿਰਾਈਆਂ ਤੋਂ ਸਵਾਗਤ ਅਤੇ ਧੰਨਵਾਦ ਕੀਤਾ। ਨਾਭਾ ਬ੍ਰਾਂਚ ਦੇ ਸੰਯੋਜਕ ਸ੍ਰੀ ਬਲਵੰਤ ਸਿੰਘ ਜੀ ਨੇ ਇਸ ਸਮਾਗਮ ਵਿਚ ਪਹੁੰਚੇ ਸ਼ਹਿਰ ਦੇ ਅਨੇਕਾਂ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ। ਇਸ ਦੇ ਨਾਲ ਸਿਵਲ ਪ੍ਰਸ਼ਾਸ਼ਨ, ਪੁਲਿਸ ਪ੍ਰਸ਼ਾਸ਼ਨ, ਆਨਾਜ਼ ਮੰਡੀ ਦੇ ਆੜ੍ਹਤੀਆ ਐਸੋਸੀਏਸ਼ਨ ਅਤੇ ਹੋਰ ਸਾਰੇ ਵਿਭਾਗਾਂ ਵੱਲੋਂ ਦਿਤੇ ਗਏ ਸਹਿਯੋਗ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਵੱਲੋਂ ਸਮੂਹ ਸੰਯੋਜਕਾਂ, ਮੁਖੀਆਂ, ਸੇਵਾਦਲ ਦੇ ਅਧਿਕਾਰੀਆਂ ਅਤੇ ਸਮੂਹ ਸੇਵਾਦਲ, ਜਿਨ੍ਹਾਂ ਵੱਲੋਂ ਸਮਾਗਮ ਨੂੰ ਸਫਲ ਬਨਾਉਣ ਲਈ ਆਪਣਾ ਅਹਿਮ ਯੋਗਦਾਨ ਪਾਇਆ ਗਿਆ।