ਖਟਕੜ ਕਲਾਂ, 29 ਸਤੰਬਰ (ਨਿਊਜ਼ ਟਾਊਨ) : ਸੂਬੇ ਭਰ ਦੇ ਕੰਪਿਊਟਰ ਅਧਿਆਪਕਾਂ ਵੱਲੋਂ ਪਿਛਲੇ 1 ਮਹੀਨੇ ਤੋਂ ਆਪਣੀਆ ਜਾਇਜ ਮੰਗਾਂ ਨੂੰ ਲੈ ਕੇ ਸੰਗਰੂਰ ਦੇ ਡੀ ਸੀ ਦਫਤਰ ਅੱਗੇ ਲਗਾਤਾਰ ਭੁੱਖ ਹੜਤਾਲ ਕੀਤੀ ਜਾ ਰਹੀ ਹੈ ਜਦੋਂ ਕਿ ਸੂਬਾ ਸਰਕਾਰ ਵੱਲੋਂ ਲਗਾਤਾਰ ਉਨ੍ਹਾਂ ਦੀ ਮੰਗਾਂ ਨੂੰ ਅਣਦੇਖਾ ਕਰਨ ਅਤੇ ਸਿੱਖਿਆ ਮੰਤਰੀ ਦੇ ਨਾਲ ਨਾਲ ਵਿੱਤ ਮੰਤਰੀ ਵੱਲੋਂ ਮੀਟਿੰਗ ਦੇ ਕੇ ਐਨ ਮੌਕੇ ਤੇ ਆ ਕੇ ਵਾਰ ਵਾਰ ਮੀਟਿੰਗ ਰੱਦ ਦੇ ਚਲਦੇ ਕੰਪਿਊਟਰ ਅਧਿਆਪਕਾਂ ਵੱਲੋਂ ਆਪਣੇ ਸੰਘਰਸ਼ ਦੀਆਂ ਗਤੀਵਿਧੀਆਂ ਨੂੰ ਤੇਜ਼ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੰਪਿਊਟਰ ਅਧਿਆਪਕ ਭੁੱਖ ਹੜਤਾਲ਼ ਸੰਘਰਸ਼ ਕਮੇਟੀ ਦੇ ਸਥਾਨਕ ਇਕਾਈ ਦੇ ਆਗੂਆਂ ਨੇ ਦੱਸਿਆ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ 27 ਸਤੰਬਰ ਨੂੰ ਕੰਪਿਊਟਰ ਅਧਿਆਪਕਾਂ ਨੂੰ ਮੀਟਿੰਗ ਦੇ ਲਈ ਸੱਦਿਆ ਗਿਆ ਸੀ ਪਰ ਜਦੋਂ ਕਮੇਟੀ ਦੇ ਆਗੂ ਮੀਟਿੰਗ ਦੇ ਲਈ ਚੰਡੀਗੜ੍ਹ ਪਹੁੰਚੇ ਤਾਂ ਉਕਤ ਮੀਟਿੰਗ ਨੂੰ ਬਿਨਾ ਕਿਸੇ ਕਾਰਣ ਤੋਂ ਰੱਦ ਕਰ ਦਿੱਤਾ ਗਿਆ, ਜਿਸ ਦੇ ਰੋਸ ਵੱਜੋਂ ਸੂਬੇ ਭਰ ਦੇ ਕੰਪਿਊਟਰ ਅਧਿਆਪਕਾਂ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਮੌਕੇ ਖਟਕੜ ਕਲਾਂ ਵਿਖੇ ਇੱਕ ਵਿਸ਼ਾਲ ਸੂਬਾ ਪੱਧਰੀ ਰੈਲੀ ਦਾ ਆਯੋਜਨ ਕਰਦੇ ਹੋਏ ਆਪਣੀਆਂ ਜਾਇਜ ਮੰਗਾਂ ਪ੍ਰਤੀ ਆਵਾਜ਼ ਬੁਲੰਦ ਕੀਤੀ ਗਈ। ਇਸ ਮੌਕੇ ਸੂਬੇ ਭਰ ਤੋਂ ਆਏ ਕੰਪਿਊਟਰ ਅਧਿਆਪਕਾਂ ਨੇ ਖਟਕੜ ਕਲਾਂ ਵਿਖੇ ਪੰਜਾਬ ਸਰਕਾਰ ਦੇ ਖਿਲਾਫ ਜਮ ਕੇ ਨਾਅਰੇਬਾਜੀ ਕੀਤੀ।
ਇਸ ਮੌਕੇ ਬੋਲਦੇ ਹੋਏ ਕੰਪਿਊਟਰ ਅਧਿਆਪਕ ਆਗੂ ਪਰਮਵੀਰ ਸਿੰਘ, ਪ੍ਰਦੀਪ ਮਲੂਕਾ, ਰਜਵੰਤ ਕੌਰ, ਲਖਵਿੰਦਰ ਸਿੰਘ, ਗੁਰਬਖਸ਼ ਲਾਲ, ਜਸਪਾਲ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਉਨਾਂ ਨਾਲ ਲਗਾਤਾਰ ਲਾਰੇ ਲੱਪੇ ਵਾਲੇ ਨੀਤੀ ਅਪਣਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਨਾਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਕੰਪਿਊਟਰ ਅਧਿਆਪਕਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰਨ ਅਤੇ ਉਹਨਾਂ ਦੇ ਹੱਕ ਬਹਾਲ ਕਰਨ ਦੇ ਲਈ ਜੋ ਐਲਾਨ ਕੀਤੇ ਗਏ ਸਨ ਉਹ ਸਿਰਫ ਝੂਠੇ ਵਆਦੇ ਹੀ ਸਾਬਿਤ ਹੋਏ ਹਨ। ਉਨ੍ਹਾਂ ਆਪਣੀਆਂ ਮੰਗਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੰਪਿਊਟਰ ਅਧਿਆਪਕਾਂ ਨੇ ਦੱਸਿਆ ਕਿ ਰੈਗੂਲਰ ਹੋਣ ਦੇ ਬਾਵਜੂਦ ਵੀ ਉਹ ਪਿਛਲੇ 19 ਸਾਲਾਂ ਤੋਂ ਲਗਾਤਾਰ ਆਪਣੇ ਹੱਕਾਂ ਦੇ ਸੜਕਾਂ ਤੇ ਉਤਰ ਕੇ ਸੰਘਰਸ਼ ਕਰ ਰਹੇ ਹਨ ਪਰ ਨਾਂ ਉਨ੍ਹਾਂ ਦੀ ਪਹਿਲਾਂ ਕਿਸੇ ਸਰਕਾਰ ਨੇ ਸੁਣੀ ਅਤੇ ਨਾ ਹੀ ਹੁਣ ਮੌਜੂਦਾ ਸਰਕਾਰ ਨੇ ਉਨ੍ਹਾਂ ਦੀ ਬਾਂਹ ਫੜ੍ਹੀ ਹੈ। ਉਨ੍ਹਾਂ ਨੇ ਕਿਹਾ ਕਿ ਸਾਲ 2011 ਵਿੱਚ ਤਤਕਾਲੀਨ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਦੇ ਹੋਏ। ਉਨਾਂ ਨੂੰ ਪੰਜਾਬ ਸਿਵਲ ਸਰਵਿਸਿਸ ਦੇ ਅਧੀਨ ਸਾਰੇ ਲਾਭ ਦੇਣ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਲੇਕਿਨ ਜਿਉਂ ਜਿਉਂ ਸਮਾਂ ਬੀਤਦਾ ਜਾ ਰਿਹਾ ਹੈ ਸੂਬਾ ਸਰਕਾਰ ਵੱਲੋਂ ਉਨਾਂ ਨੂੰ ਦਿੱਤੇ ਹੱਕ ਵੀ ਖੋਹੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਬਾਕੀ ਕਰਮਚਾਰੀਆਂ ਵਾਂਗੂੰ ਉਨਾਂ ਨੂੰ ਹਾਲੇ ਤੱਕ ਛੇਵੇਂ ਪੇ ਕਮਿਸ਼ਨ ਦਾ ਲਾਭ ਨਹੀਂ ਦਿੱਤਾ ਗਿਆ ਜਦੋਂ ਕਿ ਉਨਾਂ ਨੂੰ ਪਹਿਲਾਂ 5ਵੇਂ ਪੇ ਕਮਿਸ਼ਨ ਦੇ ਅਨੁਸਾਰ ਤਨਖਾਹ ਮਿਲ ਰਹੀ ਹੈ। ਕਿਸੇ ਵੀ ਕੰਪਿਊਟਰ ਅਧਿਆਪਕ ਨੂੰ ਅੱਜ ਤੱਕ ਮੈਡੀਕਲ ਰਿੰਬਰਸਮੈਂਟ ਦਾ ਲਾਭ ਨਹੀਂ ਦਿੱਤਾ ਗਿਆ ਹੈ। ਸੂਬੇ ਭਰ ਦੇ ਲਗਭਗ 100 ਦੇ ਕਰੀਬ ਕੰਪਿਊਟਰ ਅਧਿਆਪਕਾਂ ਦੀ ਮੌਤ ਹੋ ਚੁੱਕੀ ਹੈ ਪਰ ਬਾਕੀ ਕਰਮਚਾਰੀਆਂ ਵਾਂਗੂੰ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸੂਬਾ ਸਰਕਾਰ ਵੱਲੋਂ ਕਿਸੇ ਵੀ ਕਿਸਮ ਦਾ ਵਿੱਤੀ ਲਾਭ ਜਾਂ ਸਰਕਾਰੀ ਨੌਕਰੀ ਨਹੀਂ ਦਿੱਤੀ ਗਈ ਜੋ ਕਿ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਉਨਾਂ ਦੀ ਸਿਰਫ ਇੱਕੋ ਇੱਕ ਮੰਗ ਹੈ ਕਿ ਛੇਵੇਂ ਪੇ ਕਮਿਸ਼ਨ ਸਮੇਤ ਉਨਾਂ ਦੇ ਰੈਗੂਲਰ ਆਰਡਰਾਂ ਵਿੱਚ ਦਰਜ ਸਾਰੇ ਲਾਭ ਬਿਨਾਂ ਸ਼ਰਤ ਬਹਾਲ ਕੀਤੇ ਜਾਣ ਅਤੇ ਉਨ੍ਹਾਂ ਨੂੰ ਸਿੱਖਿਆ ਵਿਭਾਗ ਵਿਚ ਮਰਜ ਕੀਤਾ ਜਾਵੇ।