ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦੌਰਾਨ 01-01-2025 ਨੂੰ 18 ਸਾਲ ਦੀ ਉਮਰ ਦੇ ਹੋਣ ਵਾਲੇ ਨੌਜਵਾਨਾਂ ਦੀਆਂ ਬਣਾਈਆਂ ਜਾਣਗੀਆਂ ਵੋਟਾਂ

ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਵੱਲੋਂ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਤੇ ਪੋਲਿੰਗ ਸਟੇਸ਼ਨਾਂ ਦੀ ਰੈਸਨਲਾਈਜੇਸ਼ਨ ਸਬੰਧੀ ਸਿਆਸੀ ਪਾਰਟੀਆਂ ਨਾਲ ਮੀਟਿੰਗ

ਫ਼ਤਹਿਗੜ੍ਹ ਸਾਹਿਬ, ਰੂਪ ਨਰੇਸ਼:

ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਮਿਤੀ 30 ਸਤੰਬਰ ਤੱਕ ਪੋਲਿੰਗ ਸਟੇਸ਼ਨਾਂ ਦੀ ਹੋਣ ਵਾਲੀ ਰੈਸ਼ਨੇਲਾਈਜੇਸ਼ਨ ਸਬੰਧੀ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ, ਜਿਸ ਵਿੱਚ ਉਨ੍ਹਾਂ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਇੱਕ ਪੋਲਿੰਗ ਸਟੇਸ਼ਨ ‘ਤੇ 1500 ਵੋਟਾਂ ਹੋਣੀਆਂ ਨਿਸ਼ਚਿਤ ਕੀਤਾ ਗਿਆ ਹੈ। ਪਰ ਫਤਹਿਗੜ੍ਹ ਸਾਹਿਬ ਦੇ ਕਿਸੇ ਵੀ ਚੋਣ ਹਲਕੇ ਵਿੱਚ 1500 ਤੋਂ ਵੱਧ ਵੋਟਰਾਂ ਵਾਲਾ ਕੋਈ ਵੀ ਪੋਲਿੰਗ ਸਟੇਸ਼ਨ ਨਹੀਂ ਹੈ। ਇਸ ਲਈ ਕਿਸੇ ਵੀ ਹਲਕੇ ਵਿੱਚ ਕੋਈ ਵੀ ਨਵੀਂ ਪੋਲਿੰਗ ਸਟੇਸ਼ਨ ਨਹੀਂ ਬਣਾਇਆ ਜਾ ਰਿਹਾ ਹੈ। ਰੈਸ਼ਨੇਲਾਈਜੇਸ਼ਨ ਸਬੰਧੀ ਰਾਜਨੀਤਿਕ ਪਾਰਟੀਆਂ ਵੱਲੋਂ ਸਹਿਮਤੀ ਪ੍ਰਗਟ ਕੀਤੀ ਗਈ।

ਡਾ.ਥਿੰਦ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 54-ਬੱਸੀ ਪਠਾਣਾ (ਅ.ਜ) ਦੇ ਬੂਥ ਨੰ. 143 ਗਿਆਨੀ ਦਿੱਤ ਸਿੰਘ, ਸੀਨੀਅਰ ਸੈਕੰਡਰੀ ਸਕੂਲ, ਕਲੌੜ ਦੀ ਥਾਂ ‘ਤੇ ਸਰਕਾਰੀ ਐਲੀਮੈਂਟਰੀ ਸਕੂਲ, ਕਲੌੜ ਦੀ ਤਜਵੀਜ ਰੱਖੀ ਗਈ ਹੈ, ਕਿਉਂਕਿ ਸੀਨੀਅਰ ਸੈਕੰਡਰੀ ਸਕੂਲ ਉਚਾਈ ਉੱਤੇ ਬਣਾਇਆ ਹੋਣ ਕਰ ਕੇ ਕਈ ਵੋਟਰਾਂ ਨੂੰ ਉੱਥੇ ਪੁੱਜਣ ਵਿੱਚ ਦਿੱਕਤ ਦਰਪੇਸ਼ ਹੁੰਦੀ ਹੈ।

ਇਸ ਦੇ ਨਾਲ ਹੀ ਪੋਲਿੰਗ ਬੂਥ ਦੀ ਇਮਾਰਤ ਦੀ ਹਾਲਤ ਦੇ ਮੱਦੇਨਜ਼ਰ ਬੂਥ ਨੰ.11 ਸਰਕਾਰੀ ਐਲੀਮੈਂਟਰੀ ਸਕੂਲ, ਖੇੜੀ ਦੀ ਥਾਂ ‘ਤੇ ਸਰਕਾਰੀ ਮਿਡਲ ਸਕੂਲ, ਖੇੜੀ ਦੀ ਤਜਵੀਜ਼ ਰੱਖੀ ਗਈ ਹੈ।

ਜ਼ਿਲ੍ਹੇ ਅੰਦਰ 01-01-2025 ਦੀ ਯੋਗਤਾ ਦੇ ਆਧਾਰ ‘ਤੇ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ। ਇਸ ਦੌਰਾਨ ਬੀ.ਐਲ.ਓਜ਼ 01 ਜਨਵਰੀ, 2025 ਨੂੰ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹੋਣ ਵਾਲੇ ਵੋਟਰਾਂ ਦੀਆਂ ਨਵੀਂਆਂ ਵੋਟਾਂ ਬਣਾਉਣ ਲਈ ਫਾਰਮ ਨੰਬਰ 6 ਪ੍ਰਾਪਤ ਕਰਨਗੇ।

ਉਨ੍ਹਾਂ ਦੱਸਿਆ ਕਿ ਨਵੀਂ ਵੋਟ ਬਣਵਾਉਣ ਲਈ ਫਾਰਮ ਨੰ; 6, ਵੋਟ ਕਟਵਾਉਣ ਲਈ ਫਾਰਮ ਨੰਬਰ 7, ਕਿਸੇ ਵੀ ਪ੍ਰਕਾਰ ਦੀ ਦਰੁਸਤਗੀ, ਪਤਾ ਬਦਲਣ, ਡੁਪਲੀਕੇਟ ਸ਼ਨਾਖਤੀ ਕਾਰਡ ਬਨਵਾਉਣ, ਪੀ. ਡਬਲਯੂ.ਡੀ. ਮਾਰਕਿੰਗ ਲਈ ਫਾਰਮ ਨੰਬਰ 8 ਭਰਿਆ ਜਾਵੇਗਾ। ਇਸ ਤੋਂ ਇਲਾਵਾ ਐਨ.ਆਰ.ਆਈ. ਨਾਗਰਿਕ ਆਪਣੀ ਵੋਟ ਬਨਵਾਉਣ ਲਈ ਫਾਰਮ ਨੰਬਰ 6-ਏ ਵੀ ਭਰ ਕੇ ਦੇ ਸਕਦੇ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਸਬੰਧੀ 9 ਨਵੰਬਰ, 10 ਨਵੰਬਰ, 23 ਨਵੰਬਰ ਤੇ 24 ਨਵੰਬਰ ਨੂੰ ਵਿਸ਼ੇਸ਼ ਕੈਂਪ ਵੀ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ 29 ਅਕਤੂਬਰ, 2024 ਨੂੰ ਵੋਟਰ ਸੂਚੀਆਂ ਦੇ ਡਰਾਫਟ ਦੀ ਪ੍ਰਕਾਸ਼ਨਾ ਹੋਵੇਗੀ ਅਤੇ 29 ਅਕਤੂਬਰ ਤੋਂ 28 ਨਵੰਬਰ ਤੱਕ ਦਾਅਵੇ ਤੇ ਇਤਰਾਜਜ਼ ਦਾਖਲ ਕਰਵਾਏ ਜਾ ਸਕਦੇ ਹਨ। ਉਨ੍ਹਾਂ ਹੋਰ ਦੱਸਿਆ ਕਿ 06 ਜਨਵਰੀ, 2025 ਨੂੰ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਕਰਵਾਈ ਜਾਵੇਗੀ।         

ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ(ਜ) ਸ੍ਰੀਮਤੀ ਇਸ਼ਾ ਸਿੰਗਲ, ਤਹਿਸੀਲਦਾਰ ਚੋਣਾਂ ਸ੍ਰੀਮਤੀ ਨਿਰਮਲਾ ਰਾਣੀ, ਆਮ ਆਦਮੀ ਪਾਰਟੀ ਦੇ ਰਜਵੰਤ ਸਿੰਘ, ਕਾਂਗਰਸ ਤੋਂ ਅਸ਼ੋਕ ਕੁਮਾਰ ਗੌਤਮ, ਬਹੁਜਨ ਸਮਾਜ ਪਾਰਟੀ ਤੋਂ ਮੋਹਣ ਸਿੰਘ ਭੱਟਮਾਜਰਾ ਹਾਜ਼ਰ ਸਨ।

Leave a Reply

Your email address will not be published. Required fields are marked *