ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਨੋਡਲ ਅਫਸਰ ਐਕਸਪੈਂਡੀਚਰ ਮੌਨੀਟਰਿੰਗ ਦੇ ਦਫਤਰ ਵਿਖੇ ਰੋਜ਼ਾਨਾ ਬਾਅਦ ਦੁਪਹਿਰ 3:00 ਵਜੇ ਬੈਠਦੀ ਹੈ ਸ਼ਿਕਾਇਤ ਨਿਵਾਰਣ ਕਮੇਟੀ
ਫ਼ਤਹਿਗੜ੍ਹ ਸਾਹਿਬ, ਰੂਪ ਨਰੇਸ਼:
ਲੋਕ ਸਭਾ ਚੋਣਾਂ-2024 ਦੌਰਾਨ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜੇਕਰ ਕਿਸੇ ਵੀ ਵਿਅਕਤੀ ਦੀ ਚੈਕਿੰਗ ਦੌਰਾਨ ਜ਼ਬਤ ਕੀਤੀ ਗਈ ਰਕਮ ਨੂੰ ਰਲੀਜ਼ ਕਰਵਾਉਣ ਸਬੰਧੀ ਉਸ ਨੂੰ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਸਬੰਧਤ ਵਿਅਕਤੀ ਵਧੀਕ ਡਿਪਟੀ ਕਮਿਸ਼ਨਰ (ਜ) ਫਤਹਿਗੜ੍ਹ ਸਾਹਿਬ-ਕਮ-ਨੋਡਲ ਅਫਸਰ ਐਕਸਪੈਂਡੀਚਰ ਮੌਨੀਟਰਿੰਗ ਦੇ ਦਫਤਰ ਵਿਖੇ ਰੋਜ਼ਾਨਾ ਬਾਅਦ ਦੁਪਹਿਰ 3:00 ਵਜੇ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਅੱਗੇ ਪੁਖਤਾ ਸਬੂਤ/ਦਸਤਾਵੇਜ਼ ਅਤੇ ਹਲਫੀਆ ਬਿਆਨ ਪੇਸ਼ ਕਰ ਸਕਦਾ ਹੈ ਤਾਂ ਜੋ ਦਰਪੇਸ਼ ਮੁਸ਼ਕਿਲਾਂ ਦਾ ਹੱਲ ਹੋ ਸਕੇ।
ਇਹ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ 50 ਹਜ਼ਾਰ ਰੁਪਏ ਤਕ ਦੀ ਨਕਦ ਰਾਸ਼ੀ ਦੀ ਹੱਦ ਉਮੀਦਵਾਰ, ਏਜੰਟ, ਪਾਰਟੀ ਵਰਕਰ ਤੇ ਪਾਰਟੀ ਸਮੱਗਰੀ ਦੇ ਸੰਦਰਭ ਵਿੱਚ ਤੈਅ ਕੀਤੀ ਗਈ ਤਾਂ ਜੋ ਨਕਦੀ ਦੀ ਚੋਣ ਪ੍ਰਕਿਰਿਆ ਵਿੱਚ ਨਾਜਾਇਜ਼ ਵਰਤੋਂ ਨਾ ਹੋ ਸਕੇ।
ਕਮਿਸ਼ਨ ਦੀ ਇਹ ਪਹੁੰਚ ਹੈ ਕਿ ਆਮ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਦਿਕੱਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦੇ ਮੱਦੇਨਜ਼ਰ ਹੀ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਬਣਾਈ ਗਈ ਹੈ। ਜੇਕਰ ਮੌਕੇ ਉੱਤੇ ਹੀ ਨਕਦੀ ਸਬੰਧੀ ਕਾਗਜ਼ਾਤ ਪੇਸ਼ ਕਰ ਦਿੱਤੇ ਜਾਂਦੇ ਹਨ ਤਾਂ ਨਕਦੀ ਜ਼ਬਤ ਨਹੀਂ ਕੀਤੀ ਜਾਂਦੀ। ਜੇਕਰ ਮੌਕੇ ਉੱਤੇ ਕਾਗਜ਼ਾਤ ਨਹੀਂ ਹਨ ਤਾਂ ਬਾਅਦ ਵਿੱਚ ਕਮੇਟੀ ਨੂੰ ਕਾਗਜ਼ਾਤ ਦਿਖਾ ਕੇ ਨਕਦੀ ਰਲੀਜ਼ ਕਰਵਾਈ ਜਾ ਸਕਦੀ ਹੈ।
ਸ਼੍ਰੀਮਤੀ ਸ਼ੇਰਗਿਲ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਜੇਕਰ ਜ਼ਬਤੀ ਸਬੰਧੀ ਕੋਈ ਐਫ.ਆਈ.ਆਰ. ਜਾਂ ਸ਼ਿਕਾਇਤ ਦਰਜ ਨਹੀਂ ਹੈ ਜਾਂ ਨਕਦੀ ਕਿਸੇ ਉਮੀਦਵਾਰ, ਸਿਆਸੀ ਪਾਰਟੀ ਜਾਂ ਚੋਣ ਮੁਹਿੰਮ ਆਦਿ ਨਾਲ ਸਬੰਧਤ ਨਹੀਂ ਹੈ ਤਾਂ ਕਮੇਟੀ ਫੌਰੀ ਕਾਰਵਾਈ ਕਰਦਿਆਂ ਨਕਦੀ ਰਲੀਜ਼ ਕਰੇ। ਜੇਕਰ ਰਾਸ਼ੀ 10 ਲੱਖ ਤੋਂ ਵੱਧ ਹੈ ਤਾਂ ਇਸ ਸਬੰਧੀ ਕਮੇਟੀ ਨਕਦੀ ਜਾਰੀ ਕਰਨ ਤੋਂ ਪਹਿਲਾਂ ਆਮਦਨ ਕਰ ਦੇ ਨੋਡਲ ਅਫ਼ਸਰ ਨੂੰ ਜਾਣਕਾਰੀ ਦੇਵੇਗੀ।
ਨਕਦੀ ਜ਼ਬਤ ਕਰਨ ਵਾਲੀਆਂ ਟੀਮਾਂ ਲਈ ਇਹ ਲਾਜ਼ਮੀ ਹੈ ਕਿ ਨਕਦੀ ਜ਼ਬਤ ਕਰਨ ਦੇ ਕਾਗਜ਼ ਵਿੱਚ ਅਤੇ ਜਿਸ ਵਿਅਕਤੀ ਕੋਲੋਂ ਨਕਦੀ ਜ਼ਬਤ ਕੀਤੀ ਗਈ ਹੈ, ਨੂੰ ਅਪੀਲ ਦੀ ਪ੍ਰਕਿਰਿਆ ਬਾਬਤ ਜਾਣਕਾਰੀ ਦਿੱਤੀ ਜਾਵੇ।
ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦੇ ਫੋਨ ਨੰਬਰ
01763-232216 ਉੱਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।