ਕਾਂਗਰਸ ਪਾਰਟੀ ਦੇ ਵਿੱਚ ਸੰਗਠਨ ਦੀ ਕੋਈ ਕਦਰ ਨਹੀਂ ਕਰਦਾ – ਸੁਭਾਸ਼ ਸੂਦ

ਪਿਛਲੇ 45 ਸਾਲਾਂ ਤੋਂ ਕਾਂਗਰਸ ਪਾਰਟੀ ਵਿੱਚ ਸੇਵਾ ਕਰ ਰਹੇ ਸਾਬਕਾ ਪ੍ਰਧਾਨ ਸੁਭਾਸ਼ ਸੂਦ ਨੇ ਦਿੱਤਾ ਪਾਰਟੀ ਤੋਂ ਅਸਤੀਫਾ

138 ਸਾਲਾਂ ਬਾਅਦ ਵੀ ਪਾਰਟੀ ਆਪਣੀ ਹਾਰ ਦੇ ਕਾਰਨਾਂ ਤੇ ਮੰਥਨ ਨਹੀਂ ਕਰ ਰਹੀ

ਫ਼ਤਹਿਗੜ੍ਹ ਸਾਹਿਬ, ਰੂਪ ਨਰੇਸ਼:

ਪਿਛਲੇ 45 ਸਾਲਾਂ ਤੋਂ ਕਾਂਗਰਸ ਪਾਰਟੀ ਵਿੱਚ ਵੱਖ ਵੱਖ ਅਹੁਦਿਆਂ ਤੇ ਸੇਵਾ ਕਰ ਰਹੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸੀਨੀਅਰ ਲੀਡਰ ਅਤੇ ਸਾਬਕਾ ਪ੍ਰਧਾਨ ਸੁਭਾਸ਼ ਸੂਦ ਨੇ ਅੱਜ ਅਚਾਨਕ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ। ਅੱਜ ਸਾਬਕਾ ਪ੍ਰਧਾਨ ਨੇ ਸਰਹਿੰਦ ਵਿਖੇ ਆਪਣੇ ਘਰ ਵਿੱਚ ਪ੍ਰੈਸ ਕਾਨਫਰੰਸ ਕਰਕੇ ਕਾਂਗਰਸ ਪਾਰਟੀ ਤੋਂ ਆਪਣੇ ਅਸਤੀਫੇ ਦੀ ਘੋਸ਼ਣਾ ਕੀਤੀ।

ਇਸ ਮੌਕੇ ਉਨ੍ਹਾਂ ਦੇ ਸਪੁੱਤਰ ਨਿਤਿਨ ਸੂਦ, ਭਰਾ ਪ੍ਰੋਫੈਸਰ ਐਨ ਕੇ ਸੂਦ,ਭਰਾ ਸਤੀਸ਼ ਸੂਦ, ਜ਼ਿਲ੍ਹਾ ਕਾਂਗਰਸ ਕਮੇਟੀ ਫ਼ਤਹਿਗੜ੍ਹ ਸਾਹਿਬ ਦੇ ਸਾਬਕਾ ਅਹੁਦੇਦਾਰ ਅਤੇ ਉਨ੍ਹਾਂ ਦੇ ਨਜਦੀਕੀ ਸਾਥੀ ਰਾਮਨੀਲ ਸ਼ਰਮਾ,ਪੰਡਿਤ ਪਵਨ ਕਪਿਲ,ਵਿਨੋਦ ਸੂਦ,ਕ੍ਰਿਸ਼ਨ ਕੁਮਾਰ,ਭਾਵੁਕ ਸੂਦ,ਰਾਜਿੰਦਰ ਕਪਲਿਸ਼ ਨੇ ਵੀ ਸਾਬਕਾ ਪ੍ਰਧਾਨ ਸੁਭਾਸ਼ ਸੂਦ ਨਾਲ ਕਾਂਗਰਸ ਪਾਰਟੀ ਨੂੰ ਛੱਡਣ ਦਾ ਐਲਾਨ ਕੀਤਾ।

ਇਸ ਮੌਕੇ ਇਸ ਮੌਕੇ ਰਾਜਿੰਦਰ ਸੂਦ,ਸਤੀਸ਼ ਕੁਮਾਰ,ਸੰਦੀਪ ਸੂਦ ਸਿੱਪਾ,ਸਚਿਨ ਮੜਕਨ,ਯਾਦਵ ਕੁਮਾਰ,ਜੋਗਿੰਦਰ ਸਿੰਘ ਜਿਓਂਨਪੁਰਾ,ਬਰਜੇਸ਼ ਕੁਮਾਰ ਨੇ ਵੀ ਉਨ੍ਹਾਂ ਦਾ ਸਾਥ ਦੇਣ ਦਾ ਐਲਾਨ ਕੀਤਾ।

ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਉਹ ਬਹੁਤ ਹੀ ਦੁਖੀ ਮਨ ਨਾਲ ਇਹ ਕਹਿਣ ਨੂੰ ਮਜਬੂਰ ਹੋ ਗਏ ਹਨ ਕਿ ਹੁਣ ਕਾਂਗਰਸ ਪਾਰਟੀ ਪਹਿਲੇ ਵਰਗੀ ਪਾਰਟੀ ਨਹੀਂ ਰਹਿ ਗਈ ਹੈ।ਅੱਜ ਦੀ ਕਾਂਗਰਸ ਵਿੱਚ ਸਿਰਫ ਤੇ ਸਿਰਫ ਚਾਪਲੂਸਾਂ ਦੀ ਪੁੱਛ ਹੈ।ਪਾਰਟੀ ਵਿੱਚ ਟਕਸਾਲੀ ਲੀਡਰਸ਼ਿਪ ਅਤੇ ਵਰਕਰਾਂ ਨੂੰ ਕੋਈ ਨਹੀਂ ਪੁੱਛਦਾ।ਇਸ ਲਈ ਅਜਿਹੇ ਆਗੂ ਹੁਣ ਪਾਰਟੀ ਛੱਡਣ ਨੂੰ ਜਾਂ ਘਰ ਬੈਠਣ ਨੂੰ ਮਜਬੂਰ ਹੋ ਗਏ ਹਨ।ਅੱਜ ਉਨ੍ਹਾਂ ਨੂੰ ਵੀ ਇਹ ਮਹਿਸੂਸ ਹੋ ਰਿਹਾ ਹੈ ਕਿ ਸਨ 1979 ਵਿੱਚ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਹਿਲੇ ਕਾਂਗਰਸ ਪ੍ਰਧਾਨ ਵੈਦ ਪੰਡਿਤ ਹਰਿਕ੍ਰਿਸ਼ਨ ਵੱਲੋਂ ਲਗਾਏ ਗਏ ਸੰਘਣੇ ਬੂਟੇ ਰੂਪੀ ਕੱਟੜ ਕਾਂਗਰਸੀ ਪਰਿਵਾਰ ਨੂੰ ਵੀ ਪਾਰਟੀ ਨੇ ਪਿਛਲੇ ਕੁਝ ਸਾਲਾਂ ਤੋਂ ਦਰਕਿਨਾਰ ਕਰ ਦਿੱਤਾ ਹੈ।ਇਸ ਲਈ ਉਨ੍ਹਾਂ ਨੇ ਵੀ ਅੱਜ, ਆਪਣੇ ਆਤਮ ਸਨਮਾਨ ਨੂੰ ਮੁੱਖ ਰੱਖਦੇ ਹੋਏ, ਕਾਂਗਰਸ ਪਾਰਟੀ ਨੂੰ ਛੱਡਣ ਦਾ ਮਨ ਬਣਾ ਲਿਆ ਹੈ।

ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਉਹ ਮਹਿਸੂਸ ਕਰ ਰਹੇ ਹਨ ਕਿ ਹੁਣ ਪਾਰਟੀ ਵਿੱਚ ਚੰਗੇ ਵਰਕਰਾਂ ਦੀ ਕੋਈ ਕਦਰ ਨਹੀਂ ਹੈ।ਪਾਰਟੀ ਵਿੱਚ ਵਰਕਰਾਂ ਨੂੰ ਅਹੁਦੇ ਦੇ ਕੇ ਤਾਂ ਨਵਾਜਿਆ ਜਾਂਦਾ ਹੈ ਪਰ ਅਹੁਦਿਆਂ ਮੁਤਾਬਕ ਉਨ੍ਹਾਂ ਨੂੰ ਕੰਮ ਕਰਨ ਨਹੀਂ ਦਿੱਤਾ ਜਾਂਦਾ।ਉਨ੍ਹਾਂ ਕਿਹਾ ਕਿ ਉਨ੍ਹਾਂ ਖੁਦ ਨੇ ਪਿਛਲੇ 45 ਸਾਲਾਂ ਤੋਂ ਕਾਂਗਰਸ ਪਾਰਟੀ ਵਿੱਚ ਬਲਾਕ ਪੱਧਰ ਤੋਂ ਸ਼ੁਰੂ ਹੋ ਕੇ ਜਿਲ੍ਹਾ ਪੱਧਰ ਦੇ ਹਰ ਅਹੁਦੇ ਤੇ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਰਹਿੰਦੇ ਹੋਏ ਆਪਣੀ ਜਿੰਮੇਵਾਰੀਆਂ ਨਿਭਾਉਂਦੇ ਹੋਏ ਪਾਰਟੀ ਦੀ ਸੇਵਾ ਕੀਤੀ ਹੈ।ਉਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਜਨਵਰੀ 2019 ਵਿੱਚ, ਉਨ੍ਹਾਂ ਦੀ ਪਿਛਲੇ 40 ਸਾਲਾਂ ਤੋਂ ਪਾਰਟੀ ਪ੍ਰਤੀ ਵਫਾਦਾਰੀ,ਸੇਵਾ ਭਾਵਨਾ ਨੂੰ ਦੇਖਦਿਆਂ, ਜ਼ਿਲ੍ਹਾ ਕਾਂਗਰਸ ਕਮੇਟੀ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਵੱਜੋਂ ਸੇਵਾ ਕਰਨ ਦਾ ਮੌਕਾ ਦੇ ਕੇ ਸਨਮਾਨਿਤ ਕੀਤਾ। ਇਸ ਜ਼ਿੰਮੇਵਾਰੀ ਨੂੰ ਉਨ੍ਹਾਂ ਨੇ ਬਹੁਤ ਹੀ ਇਮਾਨਦਾਰੀ ਅਤੇ ਜਿੰਮੇਦਾਰੀ ਨਾਲ ਨਿਭਾਉਂਦਿਆਂ ਹੋਇਆਂ ਤਨ ਮਨ ਧਨ ਨਾਲ ਪਾਰਟੀ ਦੀ ਸੇਵਾ ਕੀਤੀ। ਪਾਰਟੀ ਪ੍ਰਧਾਨ ਵੱਜੋਂ ਸੇਵਾ ਕਰਦਿਆਂ ਉਨ੍ਹਾਂ ਨੂੰ ਇਹ ਮਹਿਸੂਸ ਹੋਇਆ ਕਿ ਕਾਂਗਰਸ ਪਾਰਟੀ ਵਿੱਚ ਸੰਗਠਨ ਦੀ ਕੋਈ ਕਦਰ ਨਹੀਂ ਕਰਦਾ। ਲੀਡਰਸ਼ਿਪ ਵੱਲੋਂ ਵੱਡੀਆਂ ਵੱਡੀਆਂ ਗੱਲਾਂ ਕਰਕੇ ਆਪਣੇ ਵਰਕਰਾਂ ਨੂੰ ਉਤਸਾਹਿਤ ਕਰਨ ਦਾ ਕੰਮ ਤਾਂ ਕੀਤਾ ਜਾਂਦਾ ਹੈ ਪਰ ਉਹ ਵਰਕਰਾਂ ਨੂੰ ਸੱਚਾਈ ਨਾ ਦਿਖਾ ਕੇ ਸਿਰਫ ਗੱਲਾਂ ਨਾਲ ਭਰਮਾਉਣ ਦਾ ਕੰਮ ਕਰਦੇ ਹਨ।ਲੀਡਰਸ਼ਿਪ ਵੱਲੋਂ ਵਰਕਰਾਂ ਨੂੰ ਸੰਗਠਨ ਦੇ ਨਾਂ ਤੇ ਵੱਡੇ ਵੱਡੇ ਸੁਪਨੇ ਤਾਂ ਦਿਖਾਏ ਜਾਂਦੇ ਹਨ ਪਰ ਹਕੀਕਤ ਇਹ ਹੈ ਕਿ ਪਾਰਟੀ ਵਿੱਚ ਸੰਗਠਨ ਨਾਂ ਦੀ ਕੋਈ ਚੀਜ਼ ਨਹੀਂ ਹੈ।ਇਸ ਦਾ ਖਮਿਆਜ਼ਾ ਪਾਰਟੀ ਅੱਜ ਭੁਗਤ ਰਹੀ ਹੈ।

ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਅਜਾਦੀ ਤੋਂ ਬਾਅਦ ਜਿਆਦਾਤਰ ਸਮਾਂ ਕੇਂਦਰ ਅਤੇ ਰਾਜਾਂ ਵਿੱਚ ਸੱਤਾ ਵਿੱਚ ਰਹੀ।ਸੱਤਾ ਵਿੱਚ ਰਹਿਣ ਮੌਕੇ ਲੀਡਰਾਂ ਵੱਲੋਂ ਵਰਕਰਾਂ ਨੂੰ ਵੱਡੇ ਵੱਡੇ ਸੁਪਨੇ ਦਿਖਾਏ ਜਾਂਦੇ ਸਨ ਪਰ ਉਸ ਨੂੰ ਕਦੇ ਵੀ ਪੂਰਾ ਕਰਨ ਦਾ ਕੰਮ ਨਹੀਂ ਕੀਤਾ ਗਿਆ। ਵਰਕਰਾਂ ਨੂੰ ਹਮੇਸ਼ਾ ਦਰੀਆਂ ਬਿਛਾਉਣ ਅਤੇ ਨਾਰੇ ਮਾਰਨ ਤੱਕ ਹੀ ਸੀਮਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਪ੍ਰਦੇਸ਼ ਪੱਧਰ,ਜ਼ਿਲ੍ਹਾ ਪੱਧਰ ਅਤੇ ਬਲਾਕ ਪੱਧਰ ਤੇ ਚਾਹੇ ਸੰਗਠਨ ਬਣਾ ਕੇ ਵਰਕਰਾਂ ਨੂੰ ਜਿੰਮੇਵਾਰੀਆਂ ਸੌਪੀਆਂ ਜਾਂਦੀਆਂ ਹਨ ਪਰ ਹਕੀਕਤ ਇਹ ਹੈ ਕਿ ਇਸ ਲੈਵਲ ਦੇ ਵਰਕਰਾਂ ਨੂੰ ਬਸ ਨਾਮ ਦੇ ਅਹੁਦੇ ਦੇ ਕੇ ਖੁਸ਼ ਕਰ ਦਿੱਤਾ ਜਾਂਦਾ ਹੈ ਅਤੇ ਅਸਲ ਤਾਕਤ ਸਿਰਫ ਤੇ ਸਿਰਫ ਚੁਣੇ ਹੋਏ ਨੁਮਾਇੰਦਿਆਂ ਤੱਕ ਹੀ ਸੀਮਿਤ ਹੁੰਦੀ ਹੈ।

ਉਨ੍ਹਾਂ ਕਿਹਾ ਕਿ 138 ਸਾਲਾਂ ਬਾਅਦ ਵੀ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ, ਦੇਸ਼ ਭਰ ਵਿੱਚ ਪਾਰਟੀ ਦੀ ਹੋ ਰਹੀ ਹਾਰਾਂ ਤੋਂ ਕੁਝ ਵੀ ਸਿੱਖ ਨਹੀਂ ਰਹੀ ਹੈ।ਕੁਝ ਚੁਨਿੰਦਾ ਚਾਪਲੂਸਾਂ ਵੱਲੋਂ ਲੀਡਰਸ਼ਿਪ ਨੂੰ ਗ਼ਲਤ ਤਸਵੀਰ ਪੇਸ਼ ਕੀਤੀ ਜਾ ਰਹੀ ਹੈ।ਜਿਸ ਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਦੇਸ਼ ਦੇ ਲੋਕ ਪਾਰਟੀ ਤੋਂ ਦੂਰ ਹੁੰਦੇ ਜਾ ਰਹੇ ਹਨ।ਲੀਡਰਸ਼ਿਪ ਵੱਲੋਂ ਵੀ ਹਾਰ ਦੇ ਕਾਰਨਾਂ ਤੇ ਅਸਲ ਮੰਥਨ ਕਰਨ ਦੀ ਥਾਂ ਤੇ ਸਿਰਫ ਤੇ ਸਿਰਫ ਖ਼ਾਨਾਪੂਰਤੀ ਕਰ ਕੇ ਇੱਕ ਦੂਜੇ ਨੂੰ ਖੁਸ਼ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ।

ਉਨ੍ਹਾਂ ਪਾਰਟੀ ਨੂੰ ਰਾਏ ਦਿੰਦਿਆਂ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਆਉਣ ਵਾਲੇ ਸਮੇਂ ਵਿੱਚ ਦੇਸ਼ ਵਿੱਚ ਆਪਣੇ ਆਪ ਨੂੰ ਮਜਬੂਤ ਕਰਨਾ ਚਾਹੁੰਦੀ ਹੈ ਤਾਂ ਉਹ ਪਹਿਲਾਂ ਦੂਸਰੀ ਰਾਸ਼ਟਰੀ ਪਾਰਟੀ ਦੀ ਤਰ੍ਹਾਂ ਆਪਣੇ ਸੰਗਠਨ ਨੂੰ ਮਜਬੂਤ ਕਰਨ ਦਾ ਕੰਮ ਕਰੇ ਅਤੇ ਅਸਲ ਤਾਕਤ ਆਪਣੇ ਸੰਗਠਨ ਨੂੰ ਦੇ ਕੇ ਜਮੀਨੀ ਪੱਧਰ ਦੇ ਵਰਕਰਾਂ ਦੇ ਹੱਥ ਮਜਬੂਤ ਕਰੇ। ਜਦੋਂ ਤੱਕ ਜਮੀਨੀ ਪੱਧਰ ਤੇ ਸੰਗਠਨ ਮਜਬੂਤ ਨਹੀਂ ਹੋਵੇਗਾ ਉਸ ਸਮੇਂ ਤੱਕ ਪਾਰਟੀ ਦੋਬਾਰਾ ਸੱਤਾ ਵਿੱਚ ਨਹੀਂ ਆ ਸਕਦੀ।

ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਕੋਲ ਹਮੇਸ਼ਾ ਤੋਂ ਹੀ ਲੀਡਰਸ਼ਿਪ ਦੀ ਕੋਈ ਕਮੀਂ ਨਹੀਂ ਰਹੀ ਹੈ ਪਰ ਅਫਸੋਸ ਦੀ ਗੱਲ ਇਹ ਹੈ ਕਿ ਪਿਛਲੇ 10 ਸਾਲਾਂ ਵਿੱਚ ਫ਼ਤਹਿਗੜ੍ਹ ਸਾਹਿਬ ਦਾ ਜਮੀਨੀ ਪੱਧਰ ਦਾ ਵਰਕਰ ਇਨ੍ਹਾਂ ਲੀਡਰਾਂ ਤੋਂ ਮਾਯੂਸ ਹੋ ਕੇ ਜਾਂ ਤਾਂ ਘਰ ਬੈਠ ਗਿਆ ਹੈ ਜਾਂ ਫਿਰ ਦੂਸਰੀ ਪਾਰਟੀਆਂ ਵਿੱਚ ਜਾਣ ਨੂੰ ਮਜਬੂਰ ਹੋ ਗਿਆ ਹੈ।ਇਸ ਲਈ ਅੱਜ ਉਨ੍ਹਾਂ ਨੇ ਵੀ ਇਹ ਮਹਿਸੂਸ ਕੀਤਾ ਹੈ ਕਿ ਜੇਕਰ ਪੰਜਾਬ ਅਤੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਲੀਡਰਸ਼ਿਪ ਨੇ ਆਪਣੇ ਵਰਕਰ ਦੀ ਪੁੱਛ ਹੀ ਨਹੀਂ ਲੈਣੀ ਉਸਦੇ ਦੁੱਖ ਸੁੱਖ ਵਿੱਚ ਸ਼ਾਮਿਲ ਹੀ ਨਹੀਂ ਹੋਣਾ ਤਾਂ ਉਨ੍ਹਾਂ ਨੇ ਵੀ ਅੱਜ ਬਾਕੀ ਵਰਕਰਾਂ ਦੀ ਤਰ੍ਹਾਂ ਪਾਰਟੀ ਛੱਡਣ ਦਾ ਫੈਸਲਾ ਲਿਆ ਹੈ।ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਕਾਂਗਰਸ ਪਾਰਟੀ ਦੀ ਪ੍ਰਾਇਮਰੀ ਮੈਂਬਰਸ਼ਿਪ ਤੋਂ ਆਪਣਾ ਅਸਤੀਫਾ ਈ-ਮੇਲ ਰਾਹੀਂ ਭੇਜ ਦਿੱਤਾ ਹੈ।

Leave a Reply

Your email address will not be published. Required fields are marked *