ਉਦੇ ਧੀਮਾਨ, ਬੱਸੀ ਪਠਾਣਾਂ: ਪਿੰਡ ਵਜੀਦਪੁਰ ਦੇ ਵਾਸੀ ਕਿਸਾਨ ਆਗੂ ਸ਼ਿਗਾਰਾ ਸਿੰਘ ਨੇ ਕਿਸਾਨ ਅੰਦੋਲਨ ਦੌਰਾਨ ਹਰਿਆਣਾ ਪੁਲਿਸ ਵੱਲੋਂ ਗੋਲੀ ਲੱਗਣ ਕਾਰਨ ਇੱਕ ਨੌਜਵਾਨ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਹਰਿਆਣਾ ਪੁਲਿਸ ਵਲੋ ਕੀਤੀ ਗਈ ਇਹ ਕਾਰਵਾਈ ਬਰਦਾਸ਼ਤਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਨਿਹੱਥੇ ਕਿਸਾਨਾਂ ਤੇ ਹਰਿਆਣਾ ਪੁਲਿਸ ਦੀ ਇਹ ਕਾਇਰਤਾ ਭਰੀ ਕਾਰਵਾਈ ਹੈ। ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਖਨੌਰੀ ਬਾਰਡਰ ‘ਤੇ ਵਾਪਰੀ ਘਟਨਾ ਦੌਰਾਨ 21 ਸਾਲਾਂ ਨੌਜਵਾਨ ਸ਼ੁੱਭਕਰਨ ਅਤੇ ਹੋਰ ਕਿਸਾਨਾਂ ਦੇ ਜ਼ਖਮੀ ਹੋਣ ਦੀ ਘਟਨਾ ਬੇਹੱਦ ਦੁਖਦਾਈ ਹੈ। ਇਸ ਮੌਕੇ ਸ਼ਿਗਾਰਾ ਸਿੰਘ ਵੱਲੋਂ ਕਿਸਾਨ ਅੰਦੋਲਨ ਚ ਸ਼ਹੀਦ ਹੋਏ ਸ਼ੁੱਭਕਰਨ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ ਤੇ ਕਿਹਾ ਕਿ ਜਿੰਨਾ ਚਿਰ ਕਾਨੂੰਨ ਰੱਦ ਨਹੀਂ ਹੁੰਦੇ, ਸੰਘਰਸ਼ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆ ਰਹੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਲੈ ਕੇ ਪਿੰਡ ਵਜੀਦਪੁਰ ਦੇ ਕਿਸਾਨਾਂ ਵੱਲੋਂ ਰਣਨੀਤੀ ਬਣਾ ਲਈ ਗਈ ਹੈ। ਲੋਕ ਸਭਾ ਚੋਣਾਂ ਵਿੱਚ ਬੀਜੇਪੀ ਦੇ ਬਾਈਕਾਟ ਲਈ ਤੇ ਬੀਜੇਪੀ ਨੂੰ ਵੋਟ ਨਾ ਦੇਣ ਲਈ ਕਿਸਾਨਾਂ ਨੂੰ ਲਾਮਬੰਦ ਕੀਤਾ ਜਾਵੇਗਾ।ਜੇਕਰ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਨਹੀਂ ਕਰਦੀ ਤਾਂ ਇਸ ਦੇ ਨਤੀਜੇ ਬੀਜੇਪੀ ਸਰਕਾਰ ਨੂੰ ਲੋਕਾਂ ਸਭਾ ਦੀਆਂ ਚੋਣਾਂ ਵਿੱਚ ਭੁਗਤਣੇ ਪੈਣਗੇ। ਇਸ ਮੌਕੇ ਲਖਵੀਰ ਸਿੰਘ, ਗਗਨਦੀਪ ਸਿੰਘ, ਸਨਦੀਪ ਸਿੰਘ,ਮੇਜਰ ਸਿੰਘ ਹਾਜ਼ਰ ਸਨ |