ਉਦੇ ਧੀਮਾਨ, ਬਸੀ ਪਠਾਣਾਂ: ਤਰਕਸ਼ੀਲ ਸੁਸਾਇਟੀ ਪੰਜਾਬ ਦੀ ਬਸੀ ਪਠਾਣਾਂ ਇਕਾਈ ਦੇ ਮੁਖੀ ਸੰਦੀਪ ਸਿੰਘ ਤੇ ਹੋਰ ਆਗੂਆਂ ਨੇ ਹਲਕਾ ਬਸੀ ਪਠਾਣਾਂ ਦੇ ਵਿਧਾਇਕ ਸ੍ਰੀ ਰੁਪਿੰਦਰ ਸਿੰਘ ਹੈਪੀ ਨੂੰ ਮੰਗ ਪੱਤਰ ਸੌਂਪਿਆ। ਇਸ ਵਿੱਚ ਮੰਗ ਕੀਤੀ ਗਈ ਹੈ ਕਿ ਪੰਜਾਬ ਸਰਕਾਰ ਅੰਧ ਵਿਸ਼ਵਾਸ ਵਿਰੋਧੀ ਕਾਨੂੰਨ ਬਣਾਵੇ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਆਰਥਿਕ, ਮਾਨਸਿਕ ਅਤੇ ਸਰੀਰਕ ਨੁਕਸਾਨ ਤੋਂ ਬਚਾਇਆ ਜਾ ਸਕੇ। ਸੁਸਾਇਟੀ ਕਈ ਸਾਲਾਂ ਤੋਂ ਇਸ ਕਾਨੂੰਨ ਬਣਾਉਣ ਦੀ ਮੰਗ ਕਰਦੀ ਰਹੀ ਹੈ ਤੇ ਇਸ ਸਬੰਧ ਵਿੱਚ ਪ੍ਰਸਤਾਵਿਤ ਕਾਨੂੰਨ ਬਣਾਉਣ ਲਈ ਬਿਲ ਦਾ ਖਰੜਾ ਵੀ ਦਿੱਤਾ ਜਾ ਚੁੱਕਾ ਹੈ। ਇਸ ਕਾਨੂੰਨ ਬਨਾਉਣ ਦਾ ਮਕਸਦ ਲੋਕਾਂ ਨੂੰ ਅਖੌਤੀ ਬਾਬਿਆਂ, ਤਾਂਤਰਿਕਾ, ਜੋਤਸ਼ੀਆਂ ਤੇ ਪਰਜੀਵੀ ਕਿਸਮ ਦੇ ਵਿਅਕਤੀਆਂ ਵਲੋਂ ਜਾਦੂ ਮੰਤਰ, ਕਾਲਾ ਇਲਮ ਅਤੇ ਗੈਬੀ ਸ਼ਕਤੀਆਂ, ਵੱਸ ਕਰਨ ਤੇ ਸਮੱਸਿਆਵਾਂ ਹੱਲ ਕਰਨ ਦੇ ਕੁਫਰ ਤਹਿਤ ਆਮ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਦੀ ਆਰਥਿਕ, ਸਰੀਰਕ ਅਤੇ ਮਾਨਸਿਕ ਲੁੱਟ ਤੋਂ ਬਚਾਉਣਾ ਹੈ । ਇਹਨਾਂ ਸਮਾਜ ਵਿਰੋਧੀ ਅਨਸਰਾਂ ਵੱਲੋਂ ਲੋਕਾਂ ਨੂੰ ਜਾਦੂ ਮੰਤਰ, ਟੂਣੇ ਤੇ ਕਾਲੇ ਇਲਮ ਦੇ ਨਾਮ ਉੱਤੇ ਇਸ ਕਦਰ ਗੁਮਰਾਹ ਕੀਤਾ ਜਾਂਦਾ ਹੈ ਕਿ ਪੰਜਾਬ ਸੂਬੇ ਵਿੱਚ ਮਨੁੱਖੀ ਬਲੀ ਦੀਆਂ 4-5 ਘਟਨਾਵਾਂ ਹੋ ਚੁੱਕੀਆਂ ਹਨ। ਰੋਜ਼ਾਨਾ ਹੀ ਇਹ ਵਿਅਕਤੀ ਇਸ਼ਤਿਹਾਰ ਛਪਵਾ ਕੇ, ਇਲੈਕਟ੍ਰਾਨਿਕ ਤੇ ਪ੍ਰਿੰਟ ਮੀਡੀਆ ਰਾਹੀਂ ਲੋਕਾਂ ਵਿੱਚ ਗੁਮਰਾਹ ਕਰੂ ਮਸ਼ਹੂਰੀ ਪਰਚਾਰ ਕਰ ਰਹੇ ਹਨ। ਜਿਸ ਨਾਲ ਲੋਕ ਡਾਕਟਰੀ ਵਿਗਿਆਨ ਦੀ ਸਹੂਲਤ ਲੈਣ ਅਤੇ ਨਿਆਂ ਪ੍ਰਣਾਲੀ ਦੇ ਸਿਸਟਮ ਨੂੰ ਛੱਡ ਕੇ ਆਪਣੀਆਂ ਜਾਨਾਂ ਗੁਆ ਰਹੇ ਹਨ ਅਤੇ ਸਮਾਜ ਵਿੱਚ ਝਗੜੇ ਪੈਦਾ ਹੋ ਰਹੇ ਹਨ। ਮਹਾਰਾਸ਼ਟਰ ਸਰਕਾਰ ਨੇ ਇਹਨਾਂ ਹਾਲਤਾਂ ਦਾ ਨੋਟਿਸ ਲੈ ਕੇ ਬਲੈਕ ਮੈਜਿਕ ਐਕਟ 2013 ਬਣਾਇਆ ਹੈ ਜਿਹੜਾ ਲੋਕਾਂ ਲਈ ਬਹੁਤ ਲਾਹੇਵੰਦ ਸਾਬਤ ਹੋਇਆ ਹੈ। ਕੁਝ ਹੋਰ ਸੂਬਿਆਂ ਵਿੱਚ ਵੀ ਅਜਿਹਾ ਕਾਨੂੰਨ ਬਣਾਇਆ ਗਿਆ ਹੈ। ਮੰਗ ਪੱਤਰ ਦੇਣ ਸਮੇਂ ਪ੍ਰਿੰਸੀਪਲ (ਸੇਵਾ ਮੁਕਤ) ਕਰਨੈਲ ਸਿੰਘ, ਕੁਲਵੰਤ ਸਿੰਘ, ਐਡਵੋਕੇਟ ਕੰਵਲਜੀਤ ਸਿੰਘ, ਮਾਸਟਰ ਕੌਰ ਸਿੰਘ, ਹਰਨੇਕ ਸਿੰਘ ਵੀ ਹਾਜ਼ਰ ਸਨ।