ਸਥਿਰਤਾ ਨਾਲ ਜੁੜ ਕੇ ਜੀਵਨ ਸਕੂਨ ਅਤੇ ਅਨੰਦਮਈ ਬਣ ਜਾਂਦਾ ਹੈ- ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ
ਜੈਤੋ, ਸਰਹਿੰਦ (ਰੂਪ ਨਰੇਸ਼): ਬ੍ਰਹਮਗਿਆਨ ਰਾਹੀਂ ਹੀ ਮਨੁੱਖੀ ਜੀਵਨ ਵਿਚ ਸਹਿਜ ਅਵਸਥਾ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਸਥਿਰ, ਅਵਿਨਾਸ਼ੀ ਪ੍ਰਮਾਤਮਾ ਨਾਲ ਜੁੜ ਕੇ ਜੀਵਨ ਸਕੂਨ ਅਤੇ ਆਨੰਦਮਈ ਬਣ ਜਾਂਦਾ ਹੈ। ਇਹ ਪ੍ਰਵਚਨ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਅੱਜ ਨਰਾਇਣਗੜ੍ਹ (ਹਰਿਆਣਾ) ਵਿਖੇ ਆਯੋਜਿਤ ਵਿਸ਼ਾਲ ਨਿਰੰਕਾਰੀ ਸੰਤ ਸਮਾਗਮ ਦੌਰਾਨ ਕਹੇ । ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਦਾ ਆਸ਼ੀਰਵਾਦ ਲੈਣ ਲਈ ਹਿਮਾਚਲ, ਚੰਡੀਗੜ੍ਹ ਅਤੇ ਪੰਜਾਬ ਸਮੇਤ ਹਰਿਆਣਾ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚੇ ਹੋਏ ਸਨ।
ਸਤਿਗੁਰੂ ਮਾਤਾ ਜੀ ਨੇ ਕਿਹਾ ਕਿ ਜਿਸ ਤਰ੍ਹਾਂ ਸੂਰਜ ਆਪਣੀ ਰੋਸ਼ਨੀ ਦਿੰਦੇ ਹੋਏ ਕਿਸੇ ਵਿਅਕਤੀ ਵਿਸ਼ੇਸ਼ ਨੂੰ ਦੇਖ ਕੇ ਆਪਣੀ ਰੋਸ਼ਨੀ ਨਹੀਂ ਦਿੰਦਾ, ਉਸੇ ਤਰ੍ਹਾਂ ਕੁਦਰਤ ਵੀ ਕਿਸੇ ਤਰ੍ਹਾਂ ਦਾ ਭੇਦ ਭਾਵ ਨਹੀਂ ਕਰਦੀ। ਇਸੇ ਤਰ੍ਹਾਂ ਸਾਨੂੰ ਇਨਸਾਨਾਂ ਨੂੰ ਵੀ ਜਾਤ-ਪਾਤ, ਈਰਖਾ ਅਤੇ ਨਫ਼ਰਤ ਦੇ ਭੇਦ ਭਾਵ ਤੋਂ ਉੱਪਰ ਉੱਠ ਕੇ ਸਭ ਨਾਲ ਪ੍ਰੇਮ ਪਿਆਰ ਅਤੇ ਏਕਤਾ ਨਾਲ ਰਹਿਣ ਦਾ ਸੱਦਾ ਦਿੱਤਾ।
ਉਨ੍ਹਾਂ ਨੇ ਉਦਾਹਰਣ ਦੇ ਕੇ ਸਮਝਾਇਆ ਕਿ ਜੇਕਰ ਇੱਕ ਵਿਦਿਆਰਥੀ ਦੇ ਹੱਥ ਵਿੱਚ ਪੈੱਨ ਹੋਵੇ ਤਾਂ ਇਹ ਇਮਤਿਹਾਨਾਂ ਲਈ ਲਾਭਦਾਇਕ ਹੈ, ਜੇਕਰ ਪਰਿਵਾਰ ਵਿੱਚ ਹੋਵੇ ਤਾਂ ਇਹ ਕਈ ਕੰਮ ਕਰਨ ਲਈ ਲਾਭਦਾਇਕ ਹੈ। ਇਸੇ ਤਰ੍ਹਾਂ ਲੇਖਕਾਂ ਅਤੇ ਕਹਾਣੀਕਾਰਾਂ ਲਈ ਕਲਪਨਾ ਆਧਾਰਿਤ ਲਿਖਣ ਦੇ ਕੰਮ ਵਿੱਚ ਪੈੱਨ ਉਪਯੋਗੀ ਹੈ। ਪੈੱਨ ਕਿਸੇ ਵੀ ਤਰ੍ਹਾਂ ਨਾਲ ਵਿਤਕਰਾ ਨਹੀਂ ਕਰਦਾ। ਇਸੇ ਤਰ੍ਹਾਂ ਮਨੁੱਖ ਨੂੰ ਆਪਣੀ ਮਨੁੱਖਤਾ ਨੂੰ ਨਹੀਂ ਛੱਡਣਾ ਚਾਹੀਦਾ | ਮਨੁੱਖੀ ਗੁਣਾਂ ਨੂੰ ਪੂਰਨ ਤੌਰ ‘ਤੇ ਅਪਣਾਉਣਾ ਕਰਨਾ ਹੀ ਜੀਵਨ ਦਾ ਉਦੇਸ਼ ਹੋਣਾ ਚਾਹੀਦਾ ਹੈ।
ਸਤਿਗੁਰੂ ਮਾਤਾ ਜੀ ਨੇ ਕਿਹਾ ਕਿ ਹਰ ਹਾਲਤ ਵਿੱਚ ਇੱਕੋ ਜਿਹਾ ਰਹਿਣਾ ਤਾਂ ਹੀ ਸੰਭਵ ਹੈ ਜਦੋਂ ਅਸੀਂ ਸਥਿਰ ਪ੍ਰਭੂ ਪ੍ਰਮਾਤਮਾ ਨਾਲ ਰਿਸ਼ਤਾ ਜੋੜ ਲੈਂਦੇ ਹਾਂ। ਸਥਿਰਤਾ ਨਾਲ ਜੁੜ ਕੇ ਜੀਵਨ ਸਕੂਨ ਅਤੇ ਅਨੰਦਮਈ ਬਣ ਜਾਂਦਾ ਹੈ। ਸਤਿਗੁਰੂ ਮਾਤਾ ਜੀ ਨੇ ਅੱਗ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਅੱਗ ਦਾ ਕੰਮ ਹੈ ਜਲਾਉਣਾ ਪਰ ਜੇਕਰ ਅੱਗ ਜਲਾ ਕੇ ਤਵਾ ਰੱਖਿਆ ਜਾਵੇ ਤਾਂ ਉਸ ‘ਤੇ ਰੋਟੀ ਬਣਾਈ ਜਾ ਸਕਦੀ ਹੈ। ਅੱਗ ਨੇ ਆਪਣੇ ਨਵੇਂ ਰੂਪ ਦੁਆਰਾ ਆਪਣੇ ਆਪ ਨੂੰ ਦੂਜਿਆਂ ਨੂੰ ਫਾਇਦਾ ਦੇਣ ਵਾਲੀ ਬਣਾ ਲਿਆ | ਇਸੇ ਤਰ੍ਹਾਂ ਸੰਤਾਂ ਨੂੰ ਕ੍ਰੋਧ ਨਿਯੰਤਰਣ ਕਰਨ ਦੀ ਗੱਲ ਕੀਤੀ ਹੈ। ਬ੍ਰਹਮਗਿਆਨ ਦੁਆਰਾ ਆਪਣੇ ਕ੍ਰੋਧ ਅਤੇ ਹੰਕਾਰ ਨੂੰ ਕਾਬੂ ਕਰਕੇ ਇਨਸਾਨ ਆਪਣੇ ਜਜ਼ਬਾਤਾਂ ਨੂੰ ਦਇਆ ਅਤੇ ਕਰੁਣਾ ਨਾਲ ਭਰਪੂਰ ਕਰ ਸਕਦਾ ਹੈ ਅਤੇ ਮਨਮਤ ਵਾਲੇ ਵਿਚਾਰਾਂ ਨੂੰ ਤਿਆਗ ਕੇ ਸੰਤ ਮਤਿ ਵਾਲੇ ਵਿਚਾਰਾਂ ਨੂੰ ਅਪਣਾ ਸਕਦਾ ਹੈ। ਕਿਸੇ ਨੂੰ ਨੁਕਸਾਨ ਪਹੁੰਚਾਉਣ ਦੀ ਭਾਵਨਾ ਰੱਖਣ ਦੀ ਬਜਾਏ ਦੂਜਿਆਂ ਨੂੰ ਸਹਿਯੋਗ ਦੇਣ ਦੀ ਭਾਵਨਾ ਵਾਲਾ ਜੀਵਨ ਬਣ ਜਾਂਦਾ ਹੈ। ਨਿਰੰਕਾਰ ਦਾ ਸਹਾਰਾ ਲੈਣ ਨਾਲ ਜੀਵਨ ਲਾਭਦਾਇਕ ਬਣ ਜਾਂਦਾ ਹੈ।
ਇਸ ਤੋਂ ਪਹਿਲਾਂ ਨਿਰੰਕਾਰੀ ਰਾਜਪਿਤਾ ਰਮਿਤ ਜੀ ਆਪਣੇ ਪ੍ਰਵਚਨਾਂ ਵਿੱਚ ਬਾਬਾ ਹਰਦੇਵ ਸਿੰਘ ਜੀ ਦੇ ਕਥਨ ”ਧਰਮ ਜੋੜਦਾ ਹੈ, ਤੋੜਦਾ ਨਹੀਂ” ‘ਤੇ ਕਿਹਾ ਕਿ ਧਰਮ ਨੇ ਹਮੇਸ਼ਾ ਏਕਤਾ ਦਾ ਕੰਮ ਕੀਤਾ ਹੈ। ਸਿਰਫ਼ ਆਪਣੇ ਹੀ ਵਿਸ਼ਵਾਸ, ਹਨੇਰੇ ਅਤੇ ਭਰਮ-ਭੁਲੇਖੇ ਹੀ ਧਰਮ ਨੂੰ ਤੋੜਨ ਦਾ ਕਾਰਨ ਬਣਦੇ ਹਨ।
ਉਨ੍ਹਾਂ ਕਿਹਾ ਕਿ ਬ੍ਰਹਮਗਿਆਨ ਤੋਂ ਬਾਅਦ ਜਦੋਂ ਏਕਤਤਵ ਦਾ ਅਹਿਸਾਸ ਹੁੰਦਾ ਹੈ ਤਾਂ ਨਫ਼ਰਤ ਅਤੇ ਵੈਰ-ਵਿਰੋਧ ਦੀਆਂ ਕੰਧਾਂ ਨਹੀਂ ਖੜ੍ਹਦੀਆਂ। ਉਨ੍ਹਾਂ ਕਿਹਾ ਕਿ ਸ਼ਰਧਾ ਨਾਲ ਹੀ ਮਹਾਨਤਾ ਦਾ ਗੁਣ ਵਧਦਾ ਹੈ ਫਿਰ ਮਨ ਛੋਟੀਆਂ-ਛੋਟੀਆਂ ਗੱਲਾਂ ਤੋਂ ਭਟਕਦਾ ਨਹੀਂ।
ਉਨ੍ਹਾਂ ਨਰਾਇਣਗੜ੍ਹ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਿਸ ਵਿਅਕਤੀ ਦੇ ਜੀਵਨ ਵਿੱਚ ਨਰਾਇਣ (ਬ੍ਰਹਮਗਿਆਨ) ਅਤੇ ਪ੍ਰੇਮ ਆ ਜਾਂਦਾ ਹੈ ਉਹ ਖ਼ੁਦ ਨਰਾਇਣ ਦੇ ਘਰ ਦਾ ਮੈਂਬਰ ਬਣ ਜਾਂਦਾ ਹੈ।
ਸਮਾਗਮ ਵਿੱਚ ਸ਼ਾਹਬਾਦ ਜ਼ੋਨ ਦੇ ਜ਼ੋਨਲ ਇੰਚਾਰਜ ਸ੍ਰੀ ਸੁਰਿੰਦਰ ਪਾਲ ਅਤੇ ਸਥਾਨਕ ਮੁਖੀ ਉਰਮਿਲਾ ਵਰਮਾ ਨੇ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ, ਸਮੂਹ ਸ਼ਰਧਾਲੂਆਂ ਅਤੇ ਪਤਵੰਤਿਆਂ ਨੂੰ ਨਰਾਇਣਗੜ੍ਹ ਪਹੁੰਚਣ ‘ਤੇ ਵਧਾਈ ਦਿੱਤੀ। ਉਨ੍ਹਾਂ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ, ਨਗਰ ਪਾਲਿਕਾ, ਮਾਰਕੀਟ ਐਸੋਸੀਏਸ਼ਨ ਅਤੇ ਸਮੂਹ ਵਿਭਾਗਾਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ।