
ਫਿਰੋਜ਼ਪੁਰ : ਲਗਭਗ ਸਵਾ ਦੋ ਮਹੀਨੇ ਪਹਿਲਾਂ ਪਿਤਾ ਵੱਲੋਂ ਨਹਿਰ ਵਿੱਚ ਧੱਕਾ ਦੇਣ ਤੋਂ ਬਾਅਦ ‘ਮ੍ਰਿਤਕ’ ਮੰਨੀ ਜਾ ਰਹੀ ਪ੍ਰੀਤ ਕੌਰ ਨੇ ਕੱਲ੍ਹ ਮੀਡੀਆ ਸਾਮ੍ਹਣੇ ਆ ਕੇ ਆਪਣੇ ਜਿਉਂਦੇ ਹੋਣ ਦਾ ਦਾਅਵਾ ਕੀਤਾ ਸੀ। ਅੱਜ ਸਵੇਰੇ ਉਹ ਆਪਣੀ ਭੂਆ ਤੇ ਫੁੱਫੜ ਨਾਲ ਪੁਲਿਸ ਅਧਿਕਾਰੀਆਂ ਸਾਹਮਣੇ ਪੇਸ਼ ਹੋਈ।
ਪੁਲਿਸ ਨੇ ਪ੍ਰੀਤ ਕੌਰ ਦਾ ਮੈਡੀਕਲ ਕਰਵਾਉਣ ਉਪਰੰਤ ਅੱਜ ਦੁਪਹਿਰ ਨੂੰ ਜੁਡੀਸ਼ੀਅਲ ਮਜਿਸਟਰੇਟ ਫਰਸਟ ਕਲਾਸ ਹਰਪ੍ਰੀਤ ਕੌਰ ਦੀ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਉਸ ਦੇ ਬਿਆਨ ਕਲਮਬੱਧ ਕੀਤੇ ਜਾ ਰਹੇ ਹਨ।
ਯਾਦ ਰਹੇ ਕਿ 30 ਦਸੰਬਰ 2024 ਨੂੰ ਪ੍ਰੀਤ ਕੌਰ ਦੇ ਪਿਤਾ ਸੁਰਜੀਤ ਸਿੰਘ ਵੱਲੋਂ ਉਸ ਨੂੰ ਨਹਿਰ ਵਿੱਚ ਧੱਕਾ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਪ੍ਰੀਤ ਕਿਸੇ ਤਰ੍ਹਾਂ ਬਚ ਨਿਕਲੀ, ਪਰ ਪੁਲਿਸ ਨੇ ਸੁਰਜੀਤ ਸਿੰਘ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦਾ ਪਰਚਾ ਦਰਜ ਕਰਕੇ ਉਸ ਨੂੰ ਜੇਲ੍ਹ ਭੇਜ ਦਿੱਤਾ ਸੀ।
ਪ੍ਰੀਤ ਕੌਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਉਹ ਆਪਣੇ ਪਿਤਾ ਨੂੰ ਜੇਲ੍ਹ ਵਿੱਚੋਂ ਛੁਡਵਾਉਣਾ ਚਾਹੁੰਦੀ ਹੈ ਕਿਉਂਕਿ ਉਸ ਦੀਆਂ ਛੋਟੀਆਂ ਭੈਣਾਂ ਦਾ ਸਹਾਰਾ ਕੋਈ ਨਹੀਂ। ਉਸ ਨੇ ਪੁਲਿਸ ਸੁਰੱਖਿਆ ਦੀ ਮੰਗ ਵੀ ਕੀਤੀ ਸੀ। ਹੁਣ ਅਦਾਲਤ ਵਿੱਚ ਪ੍ਰੀਤ ਕੌਰ ਦੇ ਬਿਆਨਾਂ ਤੋਂ ਬਾਅਦ ਮਾਮਲੇ ਵਿੱਚ ਨਵਾਂ ਮੋੜ ਆਉਣ ਦੀ ਸੰਭਾਵਨਾ ਹੈ।
