
ਜ਼ਿਲ੍ਹਾ ਤੇ ਸੈਸ਼ਨ ਜੱਜ ਅਰੁਣ ਗੁਪਤਾ ਵੱਲੋਂ ਫਤਹਿਗੜ੍ਹ ਸਾਹਿਬ ਤੋਂ ਜ਼ਿਲ੍ਹਾ ਪੱਧਰੀ " ਨਸ਼ਿਆਂ ਵਿਰੁੱਧ ਨੌਜਵਾਨ " ਮੁਹਿੰਮ ਦਾ ਆਗਾਜ਼
ਦ੍ਰਿੜ ਇਰਾਦੇ ਨਾਲ ਨਸ਼ਿਆਂ ਨੂੰ ਛੱਡਣਾ ਸੰਭਵ: ਅਰੁਣ ਕੁਮਾਰ ਗੁਪਤਾ
6 ਜਨਵਰੀ ਤੱਕ ਰੋਜ਼ਾਨਾ ਹੋਣਗੀਆਂ ਜਾਗਰੂਕਤਾ ਗਤੀਵਿਧੀਆਂ
ਪ੍ਰਸ਼ਾਸਨ ਤੇ ਪੁਲਿਸ ਦੇ ਸਹਿਯੋਗ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਦੇ ਸਮਰੱਥ ਬਣਾ ਕੇ ਸਮਾਜ ਦੀ ਮੁੱਖ ਧਾਰਾ ਵਿੱਚ ਕੀਤਾ ਜਾ ਰਿਹਾ ਹੈ ਸ਼ਾਮਿਲ
ਫਤਹਿਗੜ੍ਹ ਸਾਹਿਬ, 7 ਦਸੰਬਰ:
ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸਏਐਸ ਨਗਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਜ਼ਿਲ੍ਹਾ ਤੇ ਸੈਸ਼ਨ ਜੱਜ -ਕਮ- ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਰੁਣ ਕੁਮਾਰ ਗੁਪਤਾ ਨੇ ਨਸ਼ਾ ਮੁਕਤੀ ਕੇਂਦਰ ਬ੍ਰਾਹਮਣ ਮਾਜਰਾ, ਫਤਹਿਗੜ੍ਹ ਸਾਹਿਬ ਤੋਂ "ਨਸ਼ਿਆਂ ਵਿਰੁੱਧ ਨੌਜਵਾਨ" ਨਾਮ ਹੇਠ ਜ਼ਿਲ੍ਹਾ ਪੱਧਰੀ ਮੁਹਿੰਮ ਦਾ ਆਗਾਜ਼ ਕੀਤਾ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਇੱਕ ਤੰਦਰੁਸਤ ਸਮਾਜ ਦੀ ਸਿਰਜਣਾ ਦੇ ਉਦੇਸ਼ ਨਾਲ ਚਲਾਈ ਗਈ ਹੈ ਜਿਸ ਦੀ ਸ਼ੁਰੂਆਤ ਬੀਤੀ ਰਾਤ ਮਾਨਯੋਗ ਚੀਫ ਜਸਟਿਸ ਆਫ ਇੰਡੀਆ ਜਸਟਿਸ ਸੂਰਯਾ ਕਾਂਤ ਵੱਲੋਂ ਗੁੜਗਾਉਂ ਤੋਂ ਕੀਤੀ ਗਈ ਹੈ।
ਮੁਹਿੰਮ ਦੇ ਸ਼ੁਭ ਆਰੰਭ ਮੌਕੇ, ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਜ਼ੋਰ ਦੇ ਕੇ ਕਿਹਾ ਕਿ ਨਸ਼ਿਆਂ ਦਾ ਮੁੱਦਾ ਸਿਰਫ਼ ਕਾਨੂੰਨ ਅਤੇ ਵਿਵਸਥਾ ਦਾ ਮਾਮਲਾ ਨਹੀਂ, ਸਗੋਂ ਇਹ ਸਾਡੇ ਦੇਸ਼ ਦੇ ਭਵਿੱਖ ਦੀ ਰੱਖਿਆ ਦਾ ਸਵਾਲ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਸਾਡੇ ਦੇਸ਼ ਦੀ ਰੀੜ੍ਹ ਦੀ ਹੱਡੀ ਹਨ ਅਤੇ ਜਦੋਂ ਇਹ ਰੀੜ੍ਹ ਦੀ ਹੱਡੀ ਕਮਜ਼ੋਰ ਹੁੰਦੀ ਹੈ, ਤਾਂ ਪੂਰਾ ਸਮਾਜ ਦੁੱਖ ਭੋਗਦਾ ਹੈ। ਸਾਡਾ ਨਿਆਂ ਪ੍ਰਣਾਲੀ ਦੇਸ਼ ਨੂੰ ਸਹੀ ਰਾਹ ਦਿਖਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ। ਇਹ ਮੁਹਿੰਮ ਅਦਾਲਤਾਂ, ਕਾਨੂੰਨੀ ਸੇਵਾਵਾਂ ਅਥਾਰਟੀਆਂ, ਅਤੇ ਨੌਜਵਾਨਾਂ ਵਿਚਕਾਰ ਇੱਕ ਪੁਲ ਬਣਾਏਗੀ ਤਾਂ ਜੋ ਉਹ ਆਪਣੇ ਹੱਕਾਂ ਅਤੇ ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕ ਹੋ ਸਕਣ।
ਜ਼ਿਲ੍ਹਾ ਤੇ ਸੈਸ਼ਨ ਜੱਜ ਅਰੁਣ ਗੁਪਤਾ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਬਹੁ ਪੱਖੀ ਪ੍ਰਤਿਭਾ ਦੇ ਮਾਲਕ ਹਨ ਅਤੇ ਆਪਣੇ ਸਿਰੜ ਅਤੇ ਮਿਹਨਤ ਸਦਕਾ ਅਕਾਦਮਿਕ ਖੇਤਰ, ਰਾਸ਼ਟਰੀ ਤੇ ਅੰਤਰਰਾਸ਼ਟਰੀ ਖੇਡਾਂ, ਸੱਭਿਆਚਾਰਕ ਗਤੀਵਿਧੀਆਂ, ਭਾਰਤੀ ਫੌਜ ਸਮੇਤ ਹਰ ਖੇਤਰ ਵਿੱਚ ਨਾਮਣਾ ਖੱਟ ਰਹੇ ਹਨ। ਉਹਨਾਂ ਕਿਹਾ ਕਿ ਪਰ ਜਿਹੜੇ ਨੌਜਵਾਨ ਗਲਤ ਸੰਗਤ ਵਿੱਚ ਪੈ ਕੇ ਨਸ਼ਿਆਂ ਦੀ ਲੱਤ ਦਾ ਸ਼ਿਕਾਰ ਹੋ ਚੁੱਕੇ ਹਨ ਉਹਨਾਂ ਨੂੰ ਤੰਦਰੁਸਤ ਕਰਕੇ ਜਿੱਥੇ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਿਲ ਕਰਨਾ ਸਾਡਾ ਮਕਸਦ ਹੈ ਉਥੇ ਹੀ ਰੁਜ਼ਗਾਰ ਦੇ ਸੁਨਹਿਰੀ ਮੌਕੇ ਦਿਵਾਉਣ ਲਈ ਵੀ ਸਰਗਰਮ ਕਦਮ ਪੁੱਟੇ ਜਾਣਾ ਸਮੇਂ ਦੀ ਅਹਿਮ ਲੋੜ ਹੈ। ਅਰੁਣ ਕੁਮਾਰ ਗੁਪਤਾ ਨੇ ਨਸ਼ਾ ਮੁਕਤੀ ਕੇਂਦਰ ਵਿੱਚ ਜੇਰੇ ਇਲਾਜ ਨੌਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਕਿਹਾ ਕਿ ਉਹ ਦ੍ਰਿੜ ਇਰਾਦੇ ਨਾਲ ਆਪਣੇ ਮਨ ਉੱਤੇ ਕਾਬੂ ਪਾ ਸਕਦੇ ਹਨ ਅਤੇ ਨਸ਼ਿਆਂ ਦੀ ਭੈੜੀ ਆਦਤ ਨੂੰ ਹਮੇਸ਼ਾਂ ਲਈ ਛੱਡ ਸਕਦੇ ਹਨ। ਉਨ੍ਹਾਂ ਨੇ ਮੌਕੇ ਉੱਤੇ ਹੀ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਨਸ਼ਾ ਮੁਕਤੀ ਕੇਂਦਰ ਵਿੱਚੋ ਸਿਹਤਯਾਬ ਹੋਣ ਵਾਲੇ ਵਿਅਕਤੀਆਂ ਨੂੰ ਉਨ੍ਹਾਂ ਦੇ ਹੁਨਰ ਮੁਤਾਬਕ ਉਦਯੋਗਾਂ, ਪ੍ਰਾਈਵੇਟ ਕੰਪਨੀਆਂ ਵਿਚ ਰੁਜ਼ਗਾਰ ਦਿਵਾਉਣ ਲਈ ਢੁਕਵੇਂ ਕਦਮ ਚੁੱਕੇ ਜਾਣ।
ਇਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਅਸ਼ੋਕ ਕੁਮਾਰ ਚੌਹਾਨ ਨੇ ਜਿਥੇ ਸਾਰਿਆਂ ਨੂੰ ਸ਼ਹੀਦਾਂ ਦੀ ਪਵਿੱਤਰ ਧਰਤੀ ਸ਼੍ਰੀ ਫਤਹਿਗੜ੍ਹ ਸਾਹਿਬ ਤੋਂ ਨਸ਼ਾ ਨਾ ਕਰਨ ਦੀ ਸਹੁੰ ਚੁਕਾਈ ਓਥੇ ਹੀ ਜ਼ਿਲ੍ਹਾ ਕਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਉਲੀਕੀਆਂ ਗਈਆਂ ਗਤੀਵਿਧੀਆਂ ਬਾਰੇ ਵੀ ਦਸਿਆ। ਉਨ੍ਹਾਂ ਦੱਸਿਆ ਕਿ ਅੱਜ ਆਰੰਭ ਹੋਈ ਮੁਹਿੰਮ 6 ਜਨਵਰੀ 2026 ਤੱਕ ਜਾਰੀ ਰਹੇਗੀ ਜਿਸ ਵਿੱਚ ਹਰ ਵਰਗ, ਹਰ ਨਾਗਰਿਕ ਨੂੰ ਭਰਪੂਰ ਸਹਿਯੋਗ ਦੇਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਰਲ ਮਿਲ ਕੇ ਹੀ ਇਸ ਨਾ ਮੁਰਾਦ ਬਿਮਾਰੀ ਦਾ ਖਾਤਮਾ ਸੰਭਵ ਹੈ।

ਇਸ ਮੌਕੇ ਐਸ.ਪੀ (ਪੀ.ਬੀ.ਆਈ) ਜਸਕੀਰਤ ਸਿੰਘ, ਪੁਲਿਸ ਅਧਿਕਾਰੀ ਕੁਲਵੰਤ ਸਿੰਘ ਅਤੇ ਮਨੋ ਰੋਗ ਮਾਹਿਰ ਡਾ. ਸਨਪ੍ਰੀਤ ਕੌਰ ਨੇ ਵੀ ਸੰਬੋਧਨ ਕੀਤਾ।
——————————
This news is auto published from an agency/source and may be published as received.
