ਪੰਜਾਬ ਸਰਕਾਰ ਵਲੋਂ ਬਿਨਾਂ ਵਜ੍ਹਾ ਕੇਂਦਰ ਨੂੰ ਬਦਨਾਮ ਕੀਤਾ ਜਾ ਰਿਹਾ ਹੈ- ਸਿੱਧੂਪੁਰ

ਬੱਸੀ ਪਠਾਣਾ, ਉਦੇ ਧੀਮਾਨ: ਭਾਰਤੀਯ ਜਨਤਾ ਪਾਰਟੀ ਐਸੀ ਮੋਰਚਾ ਪੰਜਾਬ ਦੇ ਸੂਬਾ ਸਪੋਕਸਪਰਸਨ (ਬੁਲਾਰਾ) ਅਤੇ ਹਲਕਾ ਬੱਸੀ ਪਠਾਣਾਂ ਦੇ ਮੁੱਖ ਸੇਵਾਦਾਰ ਕੁਲਦੀਪ ਸਿੰਘ ਸਿੱਧੂਪੁਰ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫ਼ਰੰਟ ’ਤੇ ਫ਼ੇਲ੍ਹ ਸਾਬਤ ਹੋਈ ਹੈ, ਜਿਸ ਤੋਂ ਸਾਰੇ ਵਰਗਾਂ ਦੇ ਲੋਕ ਪਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਕੀਤੇ ਵਾਅਦਿਆਂ ’ਤੇ ਯਕੀਨ ਕਰ ਕੇ ਸੂਬੇ ਦੇ ਲੋਕਾਂ ਨੇ ਵੱਡੀ ਗਿਣਤੀ ’ਚ ਸੀਟਾਂ ਦੇਕੇ ਬਹੁਮਤ ਨਾਲ ‘ਆਪ’ ਦੀ ਸਰਕਾਰ ਬਣਾਈ, ਪਰ ਸਰਕਾਰ ਬਣਨ ਮਗਰੋਂ ਇਸ ਪਾਰਟੀ ਨੇ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਜਿਸ ਕਾਰਨ ਹਰ ਵਰਗ ਦੇ ਲੋਕ ਖ਼ੁਦ ਨੂੰ ਠਗਿਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਾਲਾਤ ਦਿਨੋਂ-ਦਿਨ ਖ਼ਰਾਬ ਹੁੰਦੇ ਜਾ ਰਹੇ ਹਨ ਤੇ ਸੂਬੇ ’ਚ ਅਮਨ ਕਾਨੂੰਨ ਦੀ ਸਥਿਤੀ ਬਿਲਕੁੱਲ ਭੰਗ ਹੋ ਚੁੱਕੀ ਹੈ। ਉਨਾਂ ਨੇ ਕਿਹਾ ਕਿ ‘ਆਪ’ ਸਰਕਾਰ ਜਿਸ ਕੰਮ ’ਚ ਅਸਫ਼ਲ ਹੋ ਜਾਂਦੀ ਹੈ, ਉਸ ਦਾ ਠੀਕਰਾ ਉਹ ਕੇਂਦਰ ਸਰਕਾਰ ’ਤੇ ਭੰਨ੍ਹ ਦਿੰਦੀ ਹੈ, ਜਦਕਿ ਫ਼ਸਲ ਦੀ ਲਿਫ਼ਟਿੰਗ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੀ ਹੁੰਦੀ ਹੈ। ‘ਆਪ’ ਸਰਕਾਰ ਵਲੋਂ ਬਿਨਾਂ ਵਜ੍ਹਾ ਕੇਂਦਰ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੀਆਂ ਚਾਰ ਸੀਟਾਂ ’ਤੇ ਹੋ ਰਹੀਆਂ ਜ਼ਿਮਨੀ ਚੋਣਾਂ ’ਚ ਲੋਕ ਭਾਜਪਾ ਦਾ ਸਾਥ ਦੇਕੇ ‘ਆਪ’ ਸਰਕਾਰ ਨੂੰ ਚੁਣੌਤੀ ਦੇਣ ਕਿ ਹੁਣ ਆਮ ਆਦਮੀ ਪਾਰਟੀ ਦੀ ਧੋਖੇਬਾਜ਼ੀ ਇੱਥੇ ਨਹੀਂ ਚੱਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ’ਚ ਭਾਰਤੀ ਜਨਤਾ ਪਾਰਟੀ ਦਾ ਵੋਟ ਬੈਂਕ ਲਗਾਤਾਰ ਵੱਧ ਰਿਹਾ ਹੈ ਤੇ ਸੂਬੇ ਦੇ ਲੋਕ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਲਗਾਤਾਰ ਭਾਜਪਾ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਲੰਘੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਦਾ ਵੋਟ ਸ਼ੇਅਰ ਸ਼੍ਰੋਮਣੀ ਅਕਾਲੀ ਦਲ ਨਾਲੋਂ ਵੀ ਵੱਧ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸਾਰੀਆਂ ਪਾਰਟੀਆਂ ਨੂੰ ਮੌਕਾ ਦੇ ਕੇ ਦੇਖ ਚੁੱਕੇ ਹਨ ਤੇ ਹੁਣ ਉਨ੍ਹਾਂ ਨੇ ਭਾਜਪਾ ਨੂੰ ਮੌਕਾ ਦੇਣ ਦਾ ਮਨ ਬਣਾ ਲਿਆ ਹੈ।

Leave a Reply

Your email address will not be published. Required fields are marked *