
ਜਿ਼ਲ੍ਹਾ ਸੈਨਿਕ ਬੋਰਡ ਦੀ ਤਿਮਾਹੀ ਮੀਟਿੰਗ ਦੌਰਾਨ ਸਾਬਕਾ ਸੈਨਿਕਾਂ ਤੇ ਆਸ਼ਰਿਤਾਂ ਲਈ ਜਾਰੀ ਭਲਾਈ ਯੋਜਨਾਵਾਂ ਦੀ ਸਮੀਖਿਆ
ਡਿਪਟੀ ਕਮਿਸ਼ਨਰ ਨੇ ਸਾਬਕਾ ਸੈਨਿਕਾਂ ਤੇ ਆਸ਼ਰਿਤਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਤੁਰੰਤ ਨਿਪਟਾਰਾ ਕਰਨ ਦੇ ਆਦੇਸ਼
ਫਤਹਿਗੜ੍ਹ ਸਾਹਿਬ, 10 ਦਸੰਬਰ:
ਜਿ਼ਲ੍ਹਾ ਸੈਨਿਕ ਬੋਰਡ ਦੇ ਪ੍ਰਧਾਨ—ਕਮ—ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਅੱਜ ਸੈਨਿਕ ਬੋਰਡ ਦੀ ਤਿਮਾਹੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਿਭਾਗੀ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ। ਇਸ ਦੌਰਾਨ ਜਿ਼ਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਮਾਂਡਰ ਬਲਜਿੰਦਰ ਸਿੰਘ ਵਿਰਕ ਨੇ ਰਾਜ ਤੇ ਕੇਂਦਰ ਸਰਕਾਰ ਦੁਆਰਾ ਸਾਬਕਾ ਸੈਨਿਕਾਂ ਤੇ ਉਨ੍ਹਾਂ ਦੇ ਆਸ਼ਰਿਤਾਂ ਲਈ ਚਲਾਈਆਂ ਜਾ ਰਹੀਆਂ ਵੱਖ ਵੱਖ ਭਲਾਈ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਸਾਬਕਾ ਸੈਨਿਕਾਂ ਤੇ ਪਰਿਵਾਰਾਂ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਯੋਗ ਹੱਲ ਤੁਰੰਤ ਕਰਨ ਦੇ ਆਦੇਸ਼ ਦਿੱਤੇ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਮੂਹ ਸਿੱਖਿਆ ਸੰਸਥਾਵਾਂ, ਉਦਯੋਗਿਕ ਅਦਾਰਿਆਂ ਤੇ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਝੰਡਾ ਫੰਡ ਵਿੱਚ ਆਪੋ ਆਪਣਾ ਯੋਗਦਾਨ ਪਾਉਣ ਕਿਉਂਕਿ ਸਾਡੇ ਸੈਨਿਕ ਸਰਹੱਦਾਂ ਤੇ ਸਾਡੀ ਰੱਖਿਆ ਲਈ ਦਿਨ ਰਾਤ ਡਟੇ ਰਹਿੰਦੇ ਹਨ ਅਤੇ ਲੋੜ ਪੈਣ 'ਤੇ ਦੇਸ਼ ਤੇ ਕੌਮ ਤੋਂ ਜਾਨ ਵਾਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਜਦੋਂ ਸਾਡੇ ਸੂਰਵੀਰਾਂ ਦੇ ਪਰਿਵਾਰਾਂ ਵਿੱਤੀ ਮੁਸ਼ਕਿਲ ਵਿੱਚ ਹੋਣ ਤਾਂ ਅਸੀਂ ਉਨ੍ਹਾਂ ਦੀ ਵੱਧ ਤੋਂ ਵੱਧ ਸਹਾਇਤਾ ਕਰੀਏ।
ਡਿਪਟੀ ਕਮਿਸ਼ਨਰ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਸੈਨਿਕ ਰੱਖਿਆ ਭਲਾਈ ਵਿਭਾਗ ਵਿਖੇ ਚੱਲ ਰਹੇ ਸੈਨਿਕ ਵੋਕੇਸ਼ਨਲ ਸੈਂਟਰ ਵਿੱਚ ਕੰਪਿਊਟਰ ਕੋਰਸ ਅਤੇ ਪ੍ਰੀ ਰਿਕਰੂਟਮੈਂਟ ਤੋਂ ਲਾਭ ਲੈ ਕੇ ਰੁਜਗਾਰ ਦਾ ਸਮਰੱਥ ਬਣਨ। ਉਨ੍ਹਾਂ ਵਿਭਾਗ ਵਿਖੇ ਸਥਾਪਤ ਮੁਫ਼ਤ ਕਾਨੂੰਨੀ ਸਹਾਇਤਾ ਕੇਂਦਰ ਦਾ ਸਾਬਕਾ ਸੈਨਿਕਾਂ ਤੇ ਆਸ਼ਰਿਤਾਂ ਨੂੰ ਲਾਭ ਲੈਣ ਦੀ ਅਪੀਲ ਕੀਤੀ ਅਤੇ ਵਿਸ਼ਵਾਸ ਦਿਵਾਇਆ ਕਿ ਸਾਬਕਾ ਸੈਨਿਕਾਂ ਤੇ ਆਸ਼ਰਿਤਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਪ੍ਰਸਾ਼ਸਨ ਪੂਰੀ ਤਰ੍ਹਾਂ ਵਚਨਬੱਧ ਹੈ।

ਮੀਟਿੰਗ ਦੌਰਾਨ ਉਪ ਮੰਡਲ ਮੈਜਿਸਟਰੇਟ ਸੂਬਾ ਸਿੰਘ ਤੇ ਹੋਰ ਅਧਿਕਾਰੀ ਵੀ ਹਾਜ਼਼ਰ ਸਨ।
——————————
This news is auto published from an agency/source and may be published as received.
