ਜਿ਼ਲ੍ਹਾ ਤੇ ਸੈਸ਼ਨ ਜੱਜ ਅਰੁਣ ਗੁਪਤਾ ਤੇ ਐਸ.ਐਸ.ਪੀ ਸ਼ੁਭਮ ਅਗਰਵਾਲ ਦੀ ਅਗਵਾਈ ਹੇਠ ਵਿਸ਼ਾਲ ਵਾਕਾਥੌਨ ਦਾ ਆਯੋਜਨ

ਜਿ਼ਲ੍ਹਾ ਤੇ ਸੈਸ਼ਨ ਜੱਜ ਅਰੁਣ ਗੁਪਤਾ ਤੇ ਐਸ.ਐਸ.ਪੀ ਸ਼ੁਭਮ ਅਗਰਵਾਲ ਦੀ ਅਗਵਾਈ ਹੇਠ ਵਿਸ਼ਾਲ ਵਾਕਾਥੌਨ ਦਾ ਆਯੋਜਨ

ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ "ਨਸ਼ਿਆਂ ਵਿਰੁੱਧ ਨੌਜਵਾਨ" ਮੁਹਿੰਮ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ

ਜੁਡੀਸ਼ੀਅਲ, ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ ਦੇ ਨਾਲ ਨਾਲ ਵਕੀਲ, ਅਧਿਆਪਕ ਤੇ ਵਿਦਿਆਰਥੀ ਵੀ ਹੋਏ ਵਾਕਾਥੌਨ ਵਿੱਚ ਸ਼ਾਮਲ

ਫਤਹਿਗੜ੍ਹ ਸਾਹਿਬ, 10 ਦਸੰਬਰ:

ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿ਼ਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਅੱਜ ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ "ਮੁਹਿੰਮ: ਨਸ਼ਿਆਂ ਵਿਰੁੱਧ ਨੌਜਵਾਨ" ਅਧੀਨ ਵਿਸ਼ਾਲ ਵਾਕਾਥੌਨ ਕਰਵਾਈ ਗਈ ਜਿਸ ਦੀ ਅਗਵਾਈ ਜਿ਼ਲ੍ਹਾ ਤੇ ਸੈਸ਼ਨ ਜੱਜ ਸ਼੍ਰੀ ਅਰੁਣ ਕੁਮਾਰ ਗੁਪਤਾ ਅਤੇ ਐਸ.ਐਸ.ਪੀ ਸ਼੍ਰੀ ਸ਼ੁਭਮ ਅਗਰਵਾਲ ਨੇ ਕੀਤੀ। ਲਗਭਗ ਇੱਕ ਕਿਲੋਮੀਟਰ ਲੰਬੀ ਇਸ ਵਾਕਾਥੌਨ ਵਿੱਚ ਜੁਡੀਸ਼ੀਅਲ ਅਧਿਕਾਰੀ ਸਾਹਿਬਾਨ ਦੇ ਨਾਲ ਨਾਲ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ, ਵਕੀਲਾਂ, ਅਧਿਆਪਕਾਂ ਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਤੇ ਸਮਾਜ ਵਿੱਚ ਨਸਿ਼ਆਂ ਦਾ ਮੁਕੰਮਲ ਸਫਾਇਆ ਕਰਨ ਵਿੱਚ ਆਪੋ ਆਪਣਾ ਸਰਗਰਮ ਯੋਗਦਾਨ ਪਾਉਣ ਦਾ ਪ੍ਰਣ ਲਿਆ।

ਜਿ਼ਲ੍ਹਾ ਤੇ ਸੈਸ਼ਨ ਕੋਰਟ ਤੋਂ ਆਰੰਭ ਹੋਈ ਵਾਕਾਥੌਨ ਤੋਂ ਪਹਿਲਾਂ ਸੰਬੋਧਨ ਕਰਦਿਆਂ ਜਿ਼ਲ੍ਹਾ ਤੇ ਸੈਸ਼ਨ ਜੱਜ ਸ਼੍ਰੀ ਅਰੁਣ ਕੁਮਾਰ ਗੁਪਤਾ ਨੇ ਕਿਹਾ ਕਿ ਸਾਰਿਆਂ ਨੇ ਇੱਕਜੁਟ ਹੋ ਕੇ ਇਸ ਵੱਡੀ ਸਮਾਜਕ ਕੁਰੀਤੀ ਦਾ ਖਾਤਮਾ ਕਰਨਾ ਹੈ ਅਤੇ ਹਰ ਘਰ ਵਿੱਚ ਇਹ ਸੁਨੇਹਾ ਪਹੁੰਚਾਉਣ ਲਈ ਅਜਿਹੇ ਉਦਮ ਸਮੇਂ ਦੀ ਅਹਿਮ ਲੋੜ ਹਨ। ਉਨ੍ਹਾਂ ਕਿਹਾ ਕਿ ਹਰ ਉਹ ਕਦਮ ਚੁੱਕਿਆ ਜਾਣਾ ਜ਼ਰੂਰੀ ਹੈ ਜਿਸ ਨਾਲ ਨਸਿ਼ਆਂ ਦੇ ਪਾਸਾਰ ਨੂੰ ਰੋਕਿਆ ਜਾ ਸਕੇ। ਸ਼੍ਰੀ ਗੁਪਤਾ ਨੇ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਜਿਸ ਨੂੰ ਨਸ਼ਾ ਮੁਕਤ ਕਰਨ ਲਈ ਹੁਣ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਇੱਕ ਮਹੀਨਾ ਲੰਬੀ ਜਾਗਰੁਕਤਾ ਮੁਹਿੰਮ ਨੂੰ ਆਰੰਭਿਆ ਹੈ ਤਾਂ ਜੋ ਹਰ ਪਿੰਡ ਹਰ ਵਾਰਡ ਵਿੱਚ ਇਹ ਜਾਗਰੂਕਤਾ ਪੈਦਾ ਕੀਤੀ ਜਾ ਸਕੇ ਕਿ ਨਸਿ਼ਆਂ ਦੀ ਵਰਤੋਂ ਨੂੰ ਛੱਡ ਕੇ ਸਮਾਜ ਵਿੱਚ ਚੰਗੇ ਨਾਗਰਿਕ ਵਜੋਂ ਵਿਚਰਿਆ ਜਾਵੇ।

ਇਸ ਮੌਕੇ ਐਸ.ਐਸ.ਪੀ ਸ਼੍ਰੀ ਸੁਭਮ ਅਗਰਵਾਲ ਨੇ ਕਿਹਾ ਕਿ ਪੁਲਿਸ, ਪ੍ਰਸ਼ਾਸਨ ਤੇ ਜੁਡੀਸ਼ਰੀ ਸਾਂਝੇ ਤੌਰ 'ਤੇ ਨਸਿ਼ਆਂ ਦੇ ਖਾਤਮੇ ਲਈ ਇਕਜੁਟ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜਿਥੇ ਜਿ਼ਲ੍ਹਾ ਪੁਲਿਸ ਨਸ਼ਾ ਤਸਕਰਾਂ ਨੂੰ ਸਲਾਖਾਂ ਪਿੱਛੇ ਪਹੁੰਚਾ ਰਹੀ ਹੈ ਉਥੇ ਹੀ ਨਸਿ਼ਆਂ ਦੇ ਕਾਲੇ ਕਾਰੋਬਾਰ ਨਾਲ ਬਣਾਈਆਂ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਵੀ ਢਾਹਿਆ ਜਾ ਰਿਹਾ ਹੈ। ਉਨ੍ਹਾਂ ਉਮੀਦ ਪ੍ਰਗਟਾਉਂਦਿਆਂ ਕਿਹਾ ਕਿ ਇਕਜੁਟਤਾ ਨਾਲ ਨਸਿ਼ਆਂ ਦਾ ਖਾਤਮਾ ਸੰਭਵ ਹੈ ਅਤੇ ਜਲਦੀ ਹੀ ਇਸ ਟੀਚੇ ਨੂੰ ਸਾਕਾਰ ਕੀਤਾ ਜਾਵੇਗਾ।

ਵਧੀਕ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਸ਼੍ਰੀ ਜਗਬੀਰ ਸਿੰਘ ਮਹਿੰਦੀਰੱਤਾ ਨੇ ਕਿਹਾ ਕਿ ਨਸਿ਼ਆਂ ਦੇ ਖਾਤਮੇ ਲਈ ਚੱਲ ਰਹੀ ਮੁਹਿੰਮ ਨੂੰ ਸਮੂਹਿਕ ਜਿੰਮੇਵਾਰੀ ਵਜੋ਼ ਉਭਾਰਿਆ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਇੱਕ ਜਾਗਰੂਕ ਨਾਗਰਿਕ ਬਣ ਕੇ ਆਪਣੇ ਆਂਢ ਗੁਆਂਢ ਵਿੱਚ ਨਸਿ਼ਆਂ ਦੀ ਵਿਕਰੀ ਅਤੇ ਵਰਤੋਂ ਬਾਰੇ ਬਿਨਾਂ ਡਰ ਭੇਦ ਖੋਲ੍ਹਣ ਲਈ ਅੱਗੇ ਆਉਣਾ ਚਾਹੀਦਾ ਹੈ।

ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਸ਼੍ਰੀ ਅਸੋ਼ਕ ਕੁਮਾਰ ਚੌਹਾਨ ਨੇ ਕਿਹਾ ਕਿ ਬਾਣੀ ਵਿੱਚ ਦਰਜ ਸਲੋਕਾਂ ਵਿੱਚ ਗੁਰੂ ਸਾਹਿਬਾਨ ਨੇ ਨਸਿ਼ਆਂ ਜਿਹੀਆਂ ਅਲਾਮਤਾਂ ਤੋਂ ਦੂਰ ਰਹਿਣ ਦਾ ਉਪਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਮਨਾਉਂਦੇ ਹੋਏ ਇਹੀ ਸੱਚੀ ਸ਼ਰਧਾਂਜਲੀ ਹੋਵੇਗੀ ਕਿ ਆਪਾਂ ਜਿਥੇ ਖੁਦ ਨਸਿ਼ਆਂ ਦੀ ਦਲਦਲ ਤੋਂ ਬਚ ਕੇ ਰਹੀਏ ਉਥੇ ਹੀ ਆਪਣੇ ਆਲੇ ਦੁਆਲੇ ਇਸ ਸੁਨੇਹੇ ਨੂੰ ਤਨ ਤੇ ਮਨ ਨਾਲ ਲਾਗੂ ਕਰੀਏ ਤਾਂ ਜੋ ਪੰਜਾਬ ਨੂੰ ਨਸਿ਼ਆਂ ਦੇ ਕੋਹੜ ਤੋਂ ਬਚਾਇਆ ਜਾ ਸਕੇ।ਉਨ੍ਹਾਂ ਇਹ ਵੀ ਕਿਹਾ ਕਿ ਸ਼ਹੀਦਾਂ ਦੀ ਪਵਿੱਤਰ ਧਰਤੀ ਸ਼੍ਰੀ ਫਤਹਿਗੜ੍ਹ ਸਾਹਿਬ ਤੋਂ ਇਸ ਮੁਹਿੰਮ ਨੂੰ ਸਫਲਤਾ ਦਾ ਜਾਮਾ ਪਹਿਨਾਉਣ ਵਿੱਚ ਹਰ ਨਾਗਰਿਕ ਨੂੰ ਡਟ ਕੇ ਜੁੜਨਾ ਚਾਹੀਦਾ ਹੈ ਕਿਉਂਕਿ ਨਸਿ਼ਆਂ ਦੇ ਖਾਤਮੇ ਨਾਲ ਹੀ ਸਾਡੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਸੁਰੱਖਿਅਤ ਕੀਤਾ ਜਾ ਸਕਦਾ ਹੈ।

ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਰਿਤਾ ਨੇ ਸਿਹਤ ਵਿਭਾਗ ਦੀ ਤਰਫੋ ਇਸ ਮੁਹਿੰਮ ਨੂੰ ਸਹਿਯੋਗ ਦਾ ਭਰੋਸਾ ਦਿੰਦਿਆਂ ਕਿਹਾ ਕਿ ਨਸ਼ਾ ਮੁਕਤੀ ਤੇ ਮੁੜ ਵਸੇਬਾ ਕੇਂਦਰ ਬ੍ਰਾਹਮਣਮਾਜਰਾ ਵਿਖੇ ਨਸ਼ਾ ਪੀੜਤਾਂ ਦਾ ਮਿਆਰੀ ਇਲਾਜ ਕਰਵਾਇਆ ਜਾ ਰਿਹਾ ਹੈ ਅਤੇ ਪ੍ਰਸ਼ਾਸਨਕ ਤੇ ਪੁਲਿਸ ਦੇ ਸਹਿਯੋਗ ਨਾਲ ਤੰਦਰੁਸਤ ਹੋਏ ਵਿਅਕਤੀਆਂ ਨੂੰ ਸਵੈ ਰੁਜ਼ਗਾਰ ਦੇ ਸਮਰੱਥ ਬਣਾਉਣ ਲਈ ਵੱਖ ਵੱਖ ਉਦਯੋਗਾਂ ਤੇ ਕੰਪਨੀਆਂ ਵਿੱਚ ਰੁ਼ਜਗ਼ਾਰ ਵੀ ਦਿਵਾਇਆ ਜਾ ਰਿਹਾ ਹੈ।

ਇਸ ਮੌਕੇ ਜਿ਼ਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗਗਨਦੀਪ ਸਿੰਘ ਵਿਰਕ ਨੇ ਵਕੀਲ ਭਾਈਚਾਰੇ ਦੀ ਤਰਫੋ਼ ਇਸ ਮੁਹਿੰਮ ਵਿੱਚ ਭਰਪੂਰ ਸਹਿਯੋਗ ਦਾ ਭਰੋਸਾ ਦਿੱਤਾ।

——————————
This news is auto published from an agency/source and may be published as received.

Leave a Reply

Your email address will not be published. Required fields are marked *