– ਮੁੱਢਲੀ ਜਾਂਚ ‘ਚ ਤੇਲ ਟੈਂਕਰ ਦੇ ਡਿਵਾਈਡਰ ਨਾਲ ਟਕਰਾਉਣ ਕਾਰਨ ਵਾਪਰਿਆ ਹਾਦਸਾ – ਐਸ.ਐਸ.ਪੀ. ਖੰਨਾ
– ਅੱਗ ਬੁਝਾਉਣ ਲਈ ਪੰਜ ਫਾਇਰ ਟੈਂਡਰ ਕੀਤੇ ਗਏ ਸਨ ਤਾਇਨਾਤ; ਐਨ.ਐਚ.ਏ.ਆਈ. ਦੀ ਟੀਮ ਨੇ ਪੁਲ ਦੇ ਨੁਕਸਾਨ ਦਾ ਵੀ ਲਿਆ ਜਾਇਜ਼ਾ
– ਘਟਨਾ ਦੇ ਕੁਝ ਘੰਟਿਆਂ ਬਾਅਦ ਆਵਾਜਾਈ ਬਹਾਲ, ਭਾਰੀ ਵਾਹਨਾਂ ਦੀ ਆਵਾਜਾਈ ਲਈ ਬਦਲਵਾਂ ਰਸਤਾ ਬਣਾਇਆ – ਅਮਨੀਤ ਕੋਂਡਲ
ਖੰਨਾ, 3 ਜਨਵਰੀ (ਰੂਪ ਨਰੇਸ਼) – ਖੰਨਾ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਦੀ ਤੁਰੰਤ ਕਾਰਵਾਈ ਨਾਲ ਅੱਜ ਦੁਪਹਿਰ ਕਰੀਬ 12:30 ਵਜੇ ਨੈਸ਼ਨਲ ਹਾਈਵੇ (ਮੇਨ ਜੀ.ਟੀ. ਰੋਡ) ‘ਤੇ 6000 ਲੀਟਰ ਡੀਜ਼ਲ ਅਤੇ 6000 ਲੀਟਰ ਪੈਟਰੋਲ ਲੈ ਕੇ ਜਾ ਰਿਹਾ ਇੱਕ ਤੇਲ ਟੈਂਕਰ ਪਲਟ ਗਿਆ।
ਇਸ ਹਾਦਸੇ ਦਾ ਪਤਾ ਲੱਗਦਿਆਂ ਹੀ ਐਸ.ਐਸ.ਪੀ. ਅਮਨੀਤ ਕੋਂਡਲ ਅਤੇ ਐਸ.ਡੀ.ਐਮ. ਬਲਜਿੰਦਰ ਸਿੰਘ ਦੀ ਅਗਵਾਈ ਵਿੱਚ ਖੰਨਾ ਪੁਲਿਸ ਮੌਕੇ ‘ਤੇ ਪੁੱਜੀ ਅਤੇ ਸਥਿਤੀ ਨੂੰ ਸੰਭਾਲਿਆ।
ਐਸ.ਐਸ.ਪੀ. ਖੰਨਾ ਅਮਨੀਤ ਕੋਂਡਲ ਆਈ.ਪੀ.ਐਸ. ਨੇ ਦੱਸਿਆ ਕਿ ਹਾਦਸੇ ਦੀ ਮੁੱਢਲੀ ਜਾਂਚ ਅਨੁਸਾਰ, ਲੁਧਿਆਣਾ ਵਾਲੇ ਪਾਸੇ ਤੋਂ ਮੰਡੀ ਗੋਬਿੰਦਗੜ੍ਹ ਵੱਲ ਜਾ ਰਹੇ ਤੇਲ ਟੈਂਕਰ ਦਾ ਡਰਾਈਵਰ ਟਾਇਰ ਪੈਂਚਰ ਹੋਣ ਕਾਰਨ ਵਾਹਨ ਦਾ ਸੰਤੁਲਨ ਗੁਆ ਬੈਠਾ ਅਤੇ ਟੈਂਕਰ ਡਿਵਾਈਡਰ ਨਾਲ ਟਕਰਾ ਕੇ ਪਲਟ ਗਿਆ ਅਤੇ ਉਸ ਵਿੱਚ ਅੱਗ ਲੱਗ ਗਈ। ਸ਼ੁਕਰ ਹੈ ਕਿ ਡਰਾਈਵਰ ਅਤੇ ਉਸ ਦਾ ਸਾਥੀ ਦੋਵੇਂ ਖਤਰੇ ਤੋਂ ਬਾਹਰ ਹਨ ਅਤੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਐਸ.ਐਸ.ਪੀ. ਕੌਡਲ ਨੇ ਦੱਸਿਆ ਕਿ 5-6 ਫਾਇਰ ਟੈਂਡਰਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ ਗਿਆ। ਉਨ੍ਹਾਂ ਕਿਹਾ ਕਿ ਅੱਗ ਬੁਝਾਉਣ ਤੋਂ ਬਾਅਦ, ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (ਐਨ.ਐਚ.ਏ.ਆਈ.) ਦੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਸੀ, ਜੋ ਇਹ ਮੁਲਾਂਕਣ ਕਰ ਰਹੇ ਹਨ ਕਿ ਜਿੱਥੇ ਇਹ ਹਾਦਸਾ ਵਾਪਰਿਆ ਸੀ, ਉਸ ਜਗ੍ਹਾ ਪੁਲ ਨੂੰ ਕੋਈ ਨੁਕਸਾਨ ਹੋਇਆ ਹੈ ਜਾਂ ਨਹੀਂ।
ਅੱਗ ਬੁਝਾਉਣ ਤੋਂ ਕੁਝ ਘੰਟਿਆਂ ਬਾਅਦ, ਭਾਰੀ ਵਾਹਨਾਂ ਨੂੰ ਛੱਡ ਕੇ, ਹਰ ਕਿਸਮ ਦੇ ਹਲਕੇ ਵਾਹਨਾਂ ਲਈ ਆਵਾਜਾਈ ਬਹਾਲ ਕਰ ਦਿੱਤੀ ਗਈ ਅਤੇ ਜਦੋਂ ਤੱਕ ਐਨ.ਐਚ.ਏ.ਆਈ. ਦੇ ਅਧਿਕਾਰੀ ਨੁਕਸਾਨ ਬਾਰੇ ਆਪਣੀ ਰਿਪੋਰਟ ਪੇਸ਼ ਨਹੀਂ ਕਰਦੇ, ਉਦੋਂ ਤੱਕ ਭਾਰੀ ਵਾਹਨਾਂ ਨੂੰ ਬਦਲਵੇਂ ਰਸਤੇ ਰਾਹੀਂ ਭੇਜਿਆ ਜਾਵੇਗਾ।