
ਸਵ. ਹਰਭਜਨ ਸਿੰਘ ਨਮਿਤ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ਸ਼ਖ਼ਸੀਅਤਾਂ ਵੱਲੋਂ ਵਿਛੜੀ ਰੂਹ ਨੂੰ ਨਿੱਘੀਆਂ ਸ਼ਰਧਾਂਜਲੀਆਂ ਭੇਟ
ਫਤਹਿਗੜ੍ਹ ਸਾਹਿਬ, 7 ਦਸੰਬਰ:
ਫਤਹਿਗੜ੍ਹ ਸਾਹਿਬ ਤੋਂ ਸੀਨੀਅਰ ਪੱਤਰਕਾਰ ਜਗਦੇਵ ਸਿੰਘ ਦੇ ਪਿਤਾ ਅਤੇ ਪੱਤਰਕਾਰ ਹਰਪ੍ਰੀਤ ਕੌਰ ਟਿਵਾਣਾ ਦੇ ਸਹੁਰਾ ਸਵ. ਹਰਭਜਨ ਸਿੰਘ ਦੀ ਆਤਮਿਕ ਸ਼ਾਂਤੀ ਲਈ ਕਰਵਾਏ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ਵਿੱਚ ਸਮਾਜ ਸੇਵੀ, ਧਾਰਮਿਕ, ਸਿਆਸੀ ਸ਼ਖ਼ਸੀਅਤਾਂ, ਪੱਤਰਕਾਰ ਭਾਈਚਾਰੇ, ਪਰਿਵਾਰਕ ਮੈਂਬਰਾਂ ਤੇ ਸਨੇਹੀਆਂ ਨੇ ਵਿਛੜੀ ਰੂਹ ਨੂੰ ਨਿੱਘੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਅਤੇ ਪੀੜਤ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ।
ਜ਼ਿਕਰਯੋਗ ਹੈ ਕਿ ਹਰਭਜਨ ਸਿੰਘ ਦਾ ਬੀਤੀ 28 ਨਵੰਬਰ ਨੂੰ ਸੰਖੇਪ ਬਿਮਾਰੀ ਮਗਰੋਂ ਦਿਹਾਂਤ ਹੋ ਗਿਆ ਸੀ।
ਗੁਰਦੁਆਰਾ ਸਾਹਿਬ ਬਾਬਾ ਮੋਤੀ ਰਾਮ ਮਹਿਰਾ ਜੀ ਵਿਖੇ ਪਾਠ ਦੇ ਭੋਗ ਉਪਰੰਤ ਕੀਰਤਨੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ।
ਇਸ ਉਪਰੰਤ ਵੱਖ-ਵੱਖ ਸ਼ਖ਼ਸੀਅਤਾਂ ਦੇ ਸ਼ੋਕ ਸੁਨੇਹੇ ਪੜ੍ਹ ਕੇ ਸੁਣਾਏ ਗਏ ।
ਇਸ ਦੌਰਾਨ ਵਿਧਾਇਕ ਬੱਸੀ ਪਠਾਣਾ ਰੁਪਿੰਦਰ ਸਿੰਘ ਹੈਪੀ, ਐਸਜੀਪੀਸੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ, ਐਸ.ਸੀ ਵਿੰਗ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਜੀਪੀ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਅਜੇ ਸਿੰਘ ਲਿਬੜਾ, ਚੇਅਰਮੈਨ ਮਾਰਕੀਟ ਕਮੇਟੀ ਸਰਹਿੰਦ ਗੁਰਵਿੰਦਰ ਸਿੰਘ ਢਿੱਲੋਂ, ਚੇਅਰਮੈਨ ਚਨਾਰਥਲ ਕਲਾਂ ਰਸ਼ਪਿੰਦਰ ਸਿੰਘ ਰਾਜਾ, ਲੋਕ ਸੰਪਰਕ ਵਿਭਾਗ ਦੇ ਜੁਆਇੰਟ ਡਾਇਰੈਕਟਰ ਇਸ਼ਵਿੰਦਰ ਸਿੰਘ ਗਰੇਵਾਲ, ਸਾਬਕਾ ਡੀਪੀਆਰਓ ਕੁਲਜੀਤ ਸਿੰਘ, ਪਦਮਸ੍ਰੀ ਜਗਜੀਤ ਸਿੰਘ ਦਰਦੀ, ਵਾਈਸ ਚਾਂਸਲਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਡਾ. ਪ੍ਰਿਤਪਾਲ ਸਿੰਘ, ਪ੍ਰਧਾਨ ਨਗਰ ਕੌਂਸਲ ਮੰਡੀ ਗੋਬਿੰਦਗੜ ਹਰਪ੍ਰੀਤ ਸਿੰਘ ਪ੍ਰਿੰਸ, ਜਗਦੀਪ ਸਿੰਘ ਚੀਮਾ, ਐਡਵੋਕੇਟ ਅਮਰਦੀਪ ਸਿੰਘ ਧਾਰਨੀ ਸਮੇਤ ਹੋਰਾਂ ਸ਼ਖਸ਼ੀਅਤਾਂ ਨੇ ਸਵ. ਹਰਭਜਨ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕਰਦਿਆਂ ਉਨ੍ਹਾਂ ਦੀ ਸਮਾਜਕ ਅਤੇ ਪਰਿਵਾਰਕ ਦੇਣ ਬਾਰੇ ਵਿਚਾਰਾਂ ਕੀਤੀਆਂ। ਬੁਲਾਰਿਆਂ ਨੇ ਕਿਹਾ ਕਿ ਸਵ. ਹਰਭਜਨ ਸਿੰਘ ਨੇ ਜ਼ਿੰਦਗੀ ਵਿੱਚ ਭਾਰੀ ਸੰਘਰਸ਼ ਕੀਤਾ ਅਤੇ ਹੱਡ ਤੋੜਵੀਂ ਮੇਹਨਤ ਕਰਕੇ ਆਪਣੇ ਧੀਆਂ ਪੁੱਤਰਾਂ ਦੇ ਭਵਿੱਖ ਨੂੰ ਰੌਸ਼ਨ ਕਰਨ ਵਿੱਚ ਵਡਮੁੱਲਾ ਯੋਗਦਾਨ ਪਾਇਆ।
ਇਸ ਤੋਂ ਪਹਿਲਾਂ ਜਗਦੇਵ ਸਿੰਘ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ, ਡਿਪਟੀ ਕਮਿਸ਼ਨਰ ਡਾਕਟਰ ਸੋਨਾ ਥਿੰਦ , ਐਸਐਸਪੀ ਸ਼ੁਭਮ ਅਗਰਵਾਲ ਸਮੇਤ ਹੋਰਨਾਂ ਸ਼ਖਸ਼ੀਅਤਾਂ ਨੇ ਹਮਦਰਦੀ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਪਰਿਵਾਰ ਨਾਲ ਵੱਖ -ਵੱਖ ਜ਼ਿਲ੍ਹਿਆਂ ਦੇ ਪੱਤਰਕਾਰ ਸਾਹਿਬਾਨ ਤੇ ਲੋਕ ਸੰਪਰਕ ਵਿਭਾਗ ਦੇ ਅਧਿਕਾਰੀਆਂ ਨੇ ਵੀ ਦੁੱਖ ਸਾਂਝਾ ਕੀਤਾ।
——————————
This news is auto published from an agency/source and may be published as received.
