ਖੇਡਾਂ ਦਾ ਉਦਘਾਟਨੀ ਸਮਾਰੋਹ 06 ਜਨਵਰੀ, 2024 ਨੂੰ ਪੀ.ਏ.ਯੂ ਲੁਧਿਆਣਾ ਵਿਖੇ ਹੋਵੇਗਾ : ਅਮਿਤ ਸਰੀਨ
ਲੁਧਿਆਣਾ, 01 ਜਨਵਰੀ (000) – ਪੰਜਾਬ ਸਰਕਾਰ ਵੱਲੋਂ 67ਵੀਆਂ ਨੈਸ਼ਨਲ ਸਕੂਲ ਖੇਡਾਂ 2023-24 ਲੁਧਿਆਣਾ ਵਿਖੇ 06 ਜਨਵਰੀ ਤੋਂ 11 ਜਨਵਰੀ, 2024 ਤੱਕ ਕਰਵਾਈਆ ਜਾ ਰਹੀਆਂ ਹਨ। ਇਹਨਾਂ ਖੇਡਾਂ ਵਿੱਚ ਭਾਗ ਲੈਣ ਲਈ ਦੇਸ਼ ਭਰ ਤੋਂ ਲਗਭੱਗ 3000 ਖਿਡਾਰੀ ਅਤੇ ਆਫੀਸ਼ੀਅਲ ਪੁੱਜਣਗੇ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਜਗਰਾਉਂ ਮੇਜਰ ਅਮਿਤ ਸਰੀਨ ਨੇ ਆਪਣੇ ਦਫ਼ਤਰ ਮਿੰਨੀ ਸਕੱਤਰੇਤ ਲੁਧਿਆਣਾ ਵਿਖੇ ਇਹਨਾਂ ਖੇਡਾਂ ਦੇ ਪ੍ਰਬੰਧਾਂ ਸਬੰਧੀ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।
ਮੇਜਰ ਅਮਿਤ ਸਰੀਨ ਨੇ ਵਿਸਥਾਰ ਪੂਰਵਿਕ ਜਾਣਕਾਰੀ ਦਿੰਦਿਆ ਦੱਸਿਆ ਕਿ 67ਵੀਆਂ ਨੈਸ਼ਨਲ ਸਕੂਲ ਖੇਡਾਂ ਦਾ ਉਦਘਾਟਨੀ ਸਮਾਰੋਹ 06 ਜਨਵਰੀ, 2024 ਨੂੰ ਐਥਲੈਟਿਕਸ ਟਰੈਕ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਹੋਵੇਗਾ। ਉਹਨਾਂ ਕਿਹਾ ਕਿ ਜੂਡੋ ਖੇਡ ਦੇ ਮੁਕਾਬਲੇ ਬੀ.ਵੀ.ਐਮ ਸਕੂਲ ਕਿਚਲੂ ਨਗਰ ਲੁਧਿਆਣਾ, ਕਰਾਟੇ ਅੰਡਰ-19 ਲੜਕੇ ਅਤੇ ਲੜਕੀਆਂ ਬੀ.ਵੀ.ਐਮ ਸਕੂਲ ਊਧਮ ਸਿੰਘ ਨਗਰ ਲੁਧਿਆਣਾ, ਫੁੱਟਬਾਲ ਅੰਡਰ-19 ਲੜਕੀਆਂ ਫੁੱਟਬਾਲ ਗਰਾਊਂਡ ਪੀ.ਏ.ਯੂ ਲੁਧਿਆਣਾ ਵਿਖੇ ਕਰਵਾਏ ਜਾਣਗੇ।
ਵਧੀਕ ਡਿਪਟੀ ਕਮਿਸ਼ਨਰ ਜਗਰਾਉਂ ਮੇਜਰ ਅਮਿਤ ਸਰੀਨ ਨੇ ਕਿਹਾ ਕਿ 67ਵੀਆਂ ਨੈਸ਼ਨਲ ਸਕੂਲ ਖੇਡਾਂ ਤੇ ਸੁਰੱਖਿਆ ਅਤੇ ਟ੍ਰੈਫਿਕ ਦੇ ਪੁਖਤਾ ਪ੍ਰਬੰਧ ਲੁਧਿਆਣਾ ਪੁਲਿਸ ਵੱਲੋਂ ਕੀਤੇ ਜਾਣਗੇ।ਖਿਡਾਰੀਆਂ ਅਤੇ ਆਫੀਸ਼ੀਅਲ ਦੀ ਰਿਹਾਇਸ਼ ਅਤੇ ਖੇਡਾਂ ਦੇ ਵੱਖ-ਵੱਖ ਸਥਾਨਾਂ ਤੇ ਸਾਫ਼-ਸਫਾਈ ਦੇ ਪ੍ਰਬੰਧ ਨਗਰ ਨਿਗਮ ਲੁਧਿਆਣਾ ਵੱਲੋ ਕੀਤੇ ਜਾਣਗੇ। ਖਿਡਾਰੀਆਂ ਅਤੇ ਆਫੀਸ਼ੀਅਲ ਦੀ ਰਿਹਾਇਸ਼ ਅਤੇ ਖੇਡਾਂ ਦੇ ਵੱਖ-ਵੱਖ ਸਥਾਨਾਂ ਤੇ ਡਾਕਟਰੀ ਟੀਮਾਂ ਅਤੇ ਐਂਬੂਲੈਂਸ ਦੀ ਸਹੂਲਤ ਦੇ ਪ੍ਰਬੰਧ ਸਿਵਲ ਸਰਜਨ ਲੁਧਿਆਣਾ ਵੱਲੋਂ ਕੀਤੇ ਜਾਣਗੇ। ਖਿਡਾਰੀਆਂ ਅਤੇ ਆਫੀਸ਼ੀਅਲ ਲਈ ਬਾਹਰਲੇ ਰਾਜਾਂ ਤੋਂ ਆਉਣ ਵਾਲੀਆਂ ਟੀਮਾਂ ਨੂੰ ਵੱਖ-ਵੱਖ ਸਥਾਨਾਂ ਤੇ ਪਹੁੰਚਾਉਣ ਅਤੇ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਤੋਂ ਰਿਹਾਇਸ਼ ਸਥਾਨ ਤੇ ਪਹੁੰਚਾਉਣ ਲਈ ਟਰਾਂਸਪੋਰਟ ਪ੍ਰਬੰਧ ਵਿੱਚ ਰਿਜ਼ਨਲ ਟਰਾਂਸਪੋਰਟ ਅਥਾਰਟੀ ਸਹਿਯੋਗ ਕਰੇਗੀ।
ਸ੍ਰੀ ਸਰੀਨ ਨੇ ਕਿਹਾ ਕਿ ਇਸੇ ਤਰ੍ਹਾਂ ਖਿਡਾਰੀਆਂ ਅਤੇ ਆਫੀਸ਼ੀਅਲ ਨੂੰ ਵੱਖ-ਵੱਖ ਖੇਡ ਸਥਾਨਾਂ, ਕਾਮਨ ਮੈੱਸ ਅਤੇ ਰਿਹਾਇਸ਼ ਤੇ ਲਿਆਉਣ ਅਤੇ ਲਿਜਾਣ ਲਈ ਬੱਸਾਂ ਦੀ ਐਟਰੀ ਸਬੰਧੀ ਟ੍ਰੈਫਿਕ ਪੁਲਿਸ ਵੱਲੋ ਪ੍ਰਬੰਧ ਕੀਤੇ ਜਾਣਗੇ। ਆਫੀਸ਼ੀਅਲ ਅਤੇ ਬਾਹਰੋ ਆਏ ਰਾਜਾਂ ਦੀਆਂ ਟੀਮਾਂ ਦੇ ਖਾਣੇ ਦੇ ਪ੍ਰਬੰਧ ਲਈ ਲੋੜੀਦੇ ਸਮਾਨ ਦੀ ਸਪਲਾਈ ਸਬੰਧੀ ਪ੍ਰਬੰਧ ਜ਼ਿਲ੍ਹਾ ਖੁਰਾਕ ਤੇ ਸਪਲਾਈ ਅਫ਼ਸਰ ਦੇਖਣਗੇ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਇਨ੍ਹਾਂ ਖੇਡਾਂ ਦੇ ਵੱਖ-ਵੱਖ ਪ੍ਰਬੰਧ ਨੂੰ ਨੇਪਰੇ ਚਾੜ੍ਹਨ ਲਈ ਹੋਰ ਵੀ ਵਿਭਾਗਾਂ ਨੂੰ ਡਿਊਟੀਆਂ ਸੌਪੀਆਂ ਗਈਆਂ ਹਨ, ਤਾਂ ਜੋ ਇਹ ਖੇਡਾਂ ਸੁਚੱਜੇ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹੀਆ ਜਾ ਸਕਣ। ਉਨ੍ਹਾਂ ਅਧਿਕਾਰੀਆਂ ਨੂੰ ਵੀ ਕਿਹਾ ਕਿ ਇਨ੍ਹਾਂ ਖੇਡਾਂ ਦੇ ਪ੍ਰਬੰਧਾਂ ਸਬੰਧੀ ਉਹ ਆਪਣੀ-ਆਪਣੀ ਡਿਊਟੀ ਇਮਾਨਦਾਰੀ, ਮਿਹਨਤ ਅਤੇ ਲਗਨ ਨਾਲ ਨਿਭਾਉਣ।