
ਪੱਤਰਕਾਰ ਸਮਾਜ ਦਾ ਚੌਥਾ ਥੰਮ੍ਹ, ਸੱਚਾਈ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ
ਮੰਡੀ ਗੋਬਿੰਦਗੜ੍ਹ, 8 ਅਗਸਤ( ਜਗਦੀਸ਼ ਅਰੋੜਾ ) ਗੋਲ ਮਾਰਕੀਟ ਵਿਖੇ ਗੋਬਿੰਦਗੜ੍ਹ ਦੁਕਾਨਦਾਰ ਐਸੋਸੀਏਸ਼ਨ ਰਜਿ. ਵੱਲੋਂ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਭਾਟੀਆ ਦੀ ਪ੍ਰਧਾਨਗੀ ਹੇਠ ਪ੍ਰੈਸ ਕਲੱਬ ਮੰਡੀ ਗੋਬਿੰਦਗੜ੍ਹ ਦੇ ਨਵ-ਨਿਯੁਕਤ ਅਹੁਦੇਦਾਰਾਂ ਦੇ ਸਨਮਾਨ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਪ੍ਰੈਸ ਕਲੱਬ ਦੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਹਾਰ ਪਾ ਕੇ ਅਤੇ ਗੁਲਦਸਤੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਸਮਾਗਮ ਦੌਰਾਨ ਰਾਮਚੇਤ ਗੌੜ ਨੂੰ ਪ੍ਰਧਾਨ, ਇਕਬਾਲਦੀਪ ਸੰਧੂ ਨੂੰ ਜਨਰਲ ਸਕੱਤਰ, ਹਿਤੇਸ਼ ਸ਼ਰਮਾ ਨੂੰ ਖਜ਼ਾਨਚੀ,ਰਾਜੇਸ਼ ਸ਼ਰਮਾ ਨੂੰ ਉਪ ਪ੍ਰਧਾਨ, ਅਮਿਤ ਸ਼ਰਮਾ ਨੂੰ ਸੰਯੁਕਤ ਸਕੱਤਰ ਬਣਨ ’ਤੇ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ ਗਈ। ਦੁਕਾਨਦਾਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਭਵਿੱਖ ਵਿੱਚ ਪੱਤਰਕਾਰੀ ਖੇਤਰ ਵਿੱਚ ਨਿਰਪੱਖਤਾ ਅਤੇ ਸੱਚਾਈ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਗੋਬਿੰਦਗੜ੍ਹ ਦੁਕਾਨਦਾਰ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਭਾਟੀਆ ਨੇ ਕਿਹਾ ਕਿ ਪ੍ਰੈਸ ਰਿਪੋਰਟਰ ਸਮਾਜ ਵਿੱਚ ਵਾਪਰ ਰਹੀਆਂ ਘਟਨਾਵਾਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਾਹਮਣੇ ਲਿਆਉਣ ਦਾ ਮਹੱਤਵਪੂਰਨ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਪੱਤਰਕਾਰ ਸੱਚਾਈ ਦਾ ਸ਼ੀਸ਼ਾ ਹੁੰਦੇ ਹਨ, ਜੋ ਸਮਾਜ ਦੀ ਅਸਲ ਤਸਵੀਰ ਲੋਕਾਂ ਅਤੇ ਪ੍ਰਸ਼ਾਸਨ ਤੱਕ ਪਹੁੰਚਾਉਂਦੇ ਹਨ। ਇਸ ਲਈ ਹਰ ਵਰਗ ਦੇ ਲੋਕਾਂ ਨੂੰ ਪੱਤਰਕਾਰਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਸਹੀ ਜਾਣਕਾਰੀ ਮੁਹੱਈਆ ਕਰਵਾਉਣੀ ਚਾਹੀਦੀ ਹੈ।
ਪ੍ਰੈਸ ਕਲੱਬ ਮੰਡੀ ਗੋਬਿੰਦਗੜ੍ਹ ਦੇ ਨਵ-ਨਿਯੁਕਤ ਪ੍ਰਧਾਨ ਰਾਮਚੇਤ ਗੌੜ ਨੇ ਗੋਬਿੰਦਗੜ੍ਹ ਦੁਕਾਨਦਾਰ ਐਸੋਸੀਏਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੱਤਰਕਾਰ ਸਮਾਜ ਦਾ ਚੌਥਾ ਥੰਮ੍ਹ ਹਨ। ਪੱਤਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ, ਇਲਾਕੇ ਦੀਆਂ ਗਤੀਵਿਧੀਆਂ ਅਤੇ ਸਮਾਜ ਨਾਲ ਜੁੜੇ ਮੁੱਦਿਆਂ ਨੂੰ ਨਿਰਪੱਖ ਢੰਗ ਨਾਲ ਲੋਕਾਂ ਤੱਕ ਪਹੁੰਚਾਉਣ। ਉਨ੍ਹਾਂ ਕਿਹਾ ਕਿ ਜੇਕਰ ਜਨਤਾ ਅਤੇ ਵੱਖ-ਵੱਖ ਸੰਸਥਾਵਾਂ ਪੱਤਰਕਾਰਾਂ ਨੂੰ ਸਹੀ ਤੱਥਾਂ ਅਤੇ ਜਾਣਕਾਰੀ ਤੋਂ ਜਾਣੂ ਕਰਵਾਉਣ ਤਾਂ ਪੱਤਰਕਾਰ ਖ਼ਬਰਾਂ ਵਿੱਚ ਸੱਚਾਈ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰ ਸਕਦੇ ਹਨ। ਉਹਨਾਂ ਅੱਗੇ ਕਿਹਾ ਕਿ ਪ੍ਰੈਸ ਅਤੇ ਵਪਾਰੀ ਵਰਗ ਦਾ ਆਪਸੀ ਸਹਿਯੋਗ ਸਮਾਜ ਅਤੇ ਸ਼ਹਿਰ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ। ਪੱਤਰਕਾਰ ਲੋਕਾਂ ਦੀ ਆਵਾਜ਼ ਨੂੰ ਪ੍ਰਸ਼ਾਸਨ ਤੱਕ ਪਹੁੰਚਾਉਣ ਦੇ ਨਾਲ-ਨਾਲ ਸਮਾਜ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ।
ਇਸ ਮੌਕੇ ਗੋਬਿੰਦਗੜ੍ਹ ਦੁਕਾਨਦਾਰ ਐਸੋਸੀਏਸ਼ਨ ਦੇ ਚੇਅਰਮੈਨ ਪਵਨ ਸ਼ਰਮਾ, ਪ੍ਰਧਾਨ ਨਰਿੰਦਰ ਭਾਟੀਆ, ਅਨਿਲ ਸ਼ਰਮਾ, ਤਿਲਕਰਾਜ ਤਲਵਾੜ, ਦੀਪਕ ਖੋਸਲਾ, ਨਮਨ ਭਾਟੀਆ, ਵਿਪਨ ਗੁੰਬਰ, ਗੁਰਦੇਵ ਸਿੰਘ ਫੈਲਕਾ, ਬਲਵਿੰਦਰ ਵਰਮਾ ਬਿੱਲਾ, ਦੀਪਕ ਭਾਰਤੀ ਮੋਨੂੰ, ਸ਼ਿਵਮ ਰਿਸ਼ੀ, ਕ੍ਰਿਸ਼ਨ ਕੁਮਾਰ, ਰਮੇਸ਼ ਮਾਤਾ ਸਮੇਤ ਹੋਰ ਪਤਵੰਤੇ ਅਤੇ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ।
ਸਮਾਗਮ ਦੇ ਅੰਤ ਵਿੱਚ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਪ੍ਰੈਸ ਕਲੱਬ ਮੰਡੀ ਗੋਬਿੰਦਗੜ੍ਹ ਦੇ ਸਾਰੇ ਨਵ-ਨਿਯੁਕਤ ਅਹੁਦੇਦਾਰਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਉਨ੍ਹਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਸ ਦੌਰਾਨ ਐਸੋਸੀਏਸ਼ਨ ਵੱਲੋਂ ਪ੍ਰੈਸ ਕਲੱਬ ਨਾਲ ਹਰ ਸੰਭਵ ਸਹਿਯੋਗ ਜਾਰੀ ਰੱਖਣ ਦਾ ਭਰੋਸਾ ਵੀ ਦਿੱਤਾ ਗਿਆ।
