ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਦਾ ਦਿੱਤਾ ਸੁਨੇਹਾ; ਕੰਪਲੈਕਸ ਵਿੱਚ ਕ੍ਰਿਕਟ ਬਾਕਸ, ਬਾਸਕਟਬਾਲ, ਵਾਲੀਬਾਲ ਅਤੇ ਬੈਡਮਿੰਟਨ ਦੀਆਂ ਸਹੂਲਤਾਂ ਹੋਣਗੀਆਂ

ਮਲੇਰਕੋਟਲਾ 18 ਅਕਤੂਬਰ ( ਨਿਊਜ਼ ਟਾਊਨ ) ਅੱਜ ਰੋਟਰੀ ਕਲੱਬ ਮਲੇਰਕੋਟਲਾ ਦੇ ਪ੍ਰਧਾਨ ਐਡਵੋਕੇਟ ਇਕਬਾਲ ਅਹਿਮਦ ਨੇ ਹਰਫ ਕਾਲਜ, ਮਲੇਰਕੋਟਲਾ ਵਿਖੇ ਨਵੇਂ ਸਪੋਰਟਸ ਕੰਪਲੈਕਸ ਦਾ ਉਦਘਾਟਨ ਕੀਤਾ। ਇਸ ਕੰਪਲੈਕਸ ਦੀ ਸਥਾਪਨਾ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ, ਉਨ੍ਹਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਅਤੇ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਲਈ ਪ੍ਰੇਰਿਤ ਕਰਨਾ ਹੈ।ਇਸ ਸਪੋਰਟਸ ਕੰਪਲੈਕਸ ਵਿੱਚ ਕ੍ਰਿਕਟ ਬਾਕਸ, ਬਾਸਕਟਬਾਲ ਕੋਰਟ, ਵਾਲੀਬਾਲ ਕੋਰਟ ਅਤੇ ਬੈਡਮਿੰਟਨ ਸਮੇਤ ਵੱਖ-ਵੱਖ ਖੇਡਾਂ ਲਈ ਕੋਰਟਾਂ ਦੀ ਸਹੂਲਤ ਉਪਲਬਧ ਹੋਵੇਗੀ। ਇਹ ਕੰਪਲੈਕਸ ਦਿਨ-ਰਾਤ ਖੁੱਲ੍ਹਾ ਰਹੇਗਾ, ਤਾਂ ਜੋ ਵਿਦਿਆਰਥੀ ਅਤੇ ਨੌਜਵਾਨ ਆਪਣੀ ਸਹੂਲਤ ਅਨੁਸਾਰ ਖੇਡ ਗਤੀਵਿਧੀਆਂ ਵਿੱਚ ਹਿੱਸਾ ਲੈ ਸਕਣ।
ਇਸ ਮੌਕੇ ਐਡਵੋਕੇਟ ਇਕਬਾਲ ਅਹਿਮਦ ਨੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਮਨੁੱਖ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਖੇਡਾਂ ਜਿੱਥੇ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ, ਉੱਥੇ ਹੀ ਅਨੁਸ਼ਾਸਨ, ਸਹਿਯੋਗ, ਮਿਹਨਤ ਅਤੇ ਟੀਮ ਭਾਵਨਾ ਵਰਗੇ ਗੁਣਾਂ ਦਾ ਵਿਕਾਸ ਵੀ ਕਰਦੀਆਂ ਹਨ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣੀ ਊਰਜਾ ਨੂੰ ਉਸਾਰੂ ਗਤੀਵਿਧੀਆਂ, ਖ਼ਾਸ ਕਰਕੇ ਖੇਡਾਂ ਵਿੱਚ ਲਗਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਤੰਦਰੁਸਤ ਨੌਜਵਾਨ ਹੀ ਇੱਕ ਮਜ਼ਬੂਤ ਅਤੇ ਤਰੱਕੀਸ਼ੀਲ ਸਮਾਜ ਦੀ ਨੀਂਹ ਹੁੰਦੇ ਹਨ।ਇਸ ਮੌਕੇ ਪੀ.ਡੀ.ਜੀ. ਸ੍ਰੀ ਅਮਜਦ ਅਲੀ ਨੇ ਕਿਹਾ ਕਿ ਇਸ ਸਪੋਰਟਸ ਕੰਪਲੈਕਸ ਨੂੰ ਬਣਾਉਣ ਦਾ ਮੁੱਖ ਮਕਸਦ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਆਪਣੀ ਸਿਹਤ ਪ੍ਰਤੀ ਸੁਚੇਤ ਕਰਨਾ ਅਤੇ ਉਨ੍ਹਾਂ ਨੂੰ ਖੇਡਾਂ ਲਈ ਢੁਕਵਾਂ ਮਾਹੌਲ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰ ਮਾੜੀਆਂ ਆਦਤਾਂ ਤੋਂ ਬਚਾਉਣ ਲਈ ਖੇਡ ਸਹੂਲਤਾਂ ਦਾ ਵਿਕਾਸ ਬੇਹੱਦ ਜ਼ਰੂਰੀ ਹੈ। ਇਸ ਮੌਕੇ ਤੇ ਰੋਟਰੀ ਕਲੱਬ ਮਲੇਰਕੋਟਲਾ ਦੇ ਸੈਕਟਰੀ ਡਾਕਟਰ ਸਈਅਦ ਤਨਵੀਰ ਹੁਸੈਨ, ਫਾਈਨੈਂਸ ਸੈਕਟਰੀ ਮੁਹੰਮਦ ਜਮੀਲ, ਪ੍ਰਿੰਸੀਪਲ ਸ੍ਰੀ ਅਸਰਾਰ ਨਿਜਾਮੀ ਤੋਂ ਇਲਾਵਾ ਪ੍ਰਿੰਸੀਪਲ ਪ੍ਰੋਫੈਸਰ ਅਮਰਜੀਤ ਸਿੰਘ, ਪ੍ਰੋਫੈਸਰ ਅਮਨਪ੍ਰੀਤ ਸਿੰਘ, ਪ੍ਰੋਫੈਸਰ ਧਨਵੰਤ ਸਿੰਘ, ਪ੍ਰੋਫੈਸਰ ਇਮਰਾਨ ਖਾਨ, ਸ੍ਰੀ ਪਿਆਰਾ ਸਿੰਘ, ਦਵਿੰਦਰ ਸਿੰਘ, ਰਾਜਿੰਦਰ ਸਿੰਘ, ਨਦੀਮ ਖਾਨ ,ਅਜੀਮ ਖਾਨ, ਗੁਰਸਾਹਿਬ ਸਿੰਘ (ਸਟੇਟ ਖਿਡਾਰੀ ਕ੍ਰਿਕਟ),ਮੋਹਿਤ, ਗੌਰਿਸ਼ ,ਪਰਵ, ਗੌਰਵ ,ਰਵੀ, ਸੌਰਭ, ਤਰੁਨ, ਕ੍ਰਿਸ਼ਨਾ, ਸ਼ਬਨਮ ਧੀਮਾਨ ਵੀ ਹਾਜ਼ਰ ਸਨ।
