“ਖੂਨਦਾਨ ਮਨੁੱਖਤਾ ਦੀ ਸੇਵਾ ਦਾ ਸਰਵੋਤਮ ਮਾਧਿਅਮ ਹੈ” – ਮਹਾਤਮਾ ਇੰਦਰਜੀਤ ਸ਼ਰਮਾ ਜੀ

ਮੋਹਾਲੀ, ਰੂਪ ਨਰੇਸ਼: ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਪਾਵਨ ਆਸ਼ੀਰਵਾਦ ਨਾਲ ਮੋਹਾਲੀ ਫੇਜ਼-6 ਸਥਿਤ ਸੰਤ ਨਿਰੰਕਾਰੀ ਸਤਸੰਗ ਭਵਨ ਵਿੱਚ ਇੱਕ ਵਿਸ਼ਾਲ ਸਤਸੰਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕੇਂਦਰੀ ਗਿਆਨ ਪ੍ਰਚਾਰਕ ਮਹਾਤਮਾ ਇੰਦਰਜੀਤ ਸ਼ਰਮਾ ਜੀ ਨੇ ਸਤਸੰਗ ਦੀ ਅਧਿਆਕਸ਼ਤਾ ਕਰਦੇ ਹੋਏ ਹਾਜ਼ਰ ਸ਼ਰਧਾਲੂਆਂ ਨੂੰ ਆਧਿਆਤਮਿਕ ਸੰਦੇਸ਼ ਪ੍ਰਦਾਨ ਕੀਤਾ।

ਸਤਸੰਗ ਨੂੰ ਸੰਬੋਧਨ ਕਰਦਿਆਂ ਮਹਾਤਮਾ ਇੰਦਰਜੀਤ ਸ਼ਰਮਾ ਜੀ ਨੇ ਕਿਹਾ ਕਿ ਸੰਤ ਨਿਰੰਕਾਰੀ ਮਿਸ਼ਨ ਵਿੱਚ ਅਗਸਤ ਮਹੀਨੇ ਦਾ ਵਿਸ਼ੇਸ਼ ਮਹੱਤਵ ਹੈ। ਇਸ ਮਹੀਨੇ ਵਿੱਚ ਮੁਕਤ ਆਤਮਾਵਾਂ ਦੀ ਯਾਦ ਵਿੱਚ “ਮੁਕਤੀ ਪਰਵ” ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮਿਸ਼ਨ ਦੇ ਪੰਜ ਸਿਧਾਂਤ ਮਨੁੱਖੀ ਜੀਵਨ ਨੂੰ ਸਹੀ ਦਿਸ਼ਾ ਪ੍ਰਦਾਨ ਕਰਦੇ ਹਨ। ਜੋ ਗੁਰਸਿੱਖ ਇਨ੍ਹਾਂ ਸਿਧਾਂਤਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਂਦਾ ਹੈ, ਉਹ ਭਗਤੀ ਦੇ ਮਾਰਗ ‘ਤੇ ਚੱਲਦਿਆਂ ਮੁਕਤੀ ਪਦ ਨੂੰ ਪ੍ਰਾਪਤ ਕਰਦਾ ਹੈ।

ਉਨ੍ਹਾਂ ਕਿਹਾ ਕਿ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅੱਜ ਬ੍ਰਹਮ ਗਿਆਨ ਪ੍ਰਦਾਨ ਕਰਕੇ ਮਨੁੱਖ ਨੂੰ ਜਨਮ-ਮਰਨ ਦੇ ਚੱਕਰ ਤੋਂ ਮੁਕਤੀ ਦਾ ਰਾਹ ਵਿਖਾ ਰਹੇ ਹਨ। ਸਤਿਗੁਰੂ ਤੋਂ ਬ੍ਰਹਮ ਗਿਆਨ ਪ੍ਰਾਪਤ ਕਰਨ ਤੋਂ ਬਾਅਦ ਮਨੁੱਖ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਆਉਂਦਾ ਹੈ ਅਤੇ ਇਹੀ ਬਦਲਾਅ ਸਤਿਗੁਰੂ ਦੀ ਸਭ ਤੋਂ ਵੱਡੀ ਬਖ਼ਸ਼ਿਸ਼ ਹੈ।

ਮੋਹਾਲੀ ਸਤਸੰਗ ਭਵਨ ਵਿੱਚ 9 ਅਗਸਤ ਨੂੰ ਆਯੋਜਿਤ ਹੋਣ ਵਾਲੇ ਖੂਨ ਦਾਨ ਕੈਂਪ ਦੇ ਸੰਦਰਭ ਵਿੱਚ ਉਨ੍ਹਾਂ ਕਿਹਾ ਕਿ ਖ਼ੂਨਦਾਨ ਮਨੁੱਖਤਾ ਦੀ ਸੇਵਾ ਦਾ ਸਰਵੋਤਮ ਮਾਧਿਅਮ ਹੈ। ਸੰਤ ਨਿਰੰਕਾਰੀ ਮਿਸ਼ਨ ਪਿਛਲੇ ਲਗਭਗ 40 ਸਾਲਾਂ ਤੋਂ ਦੇਸ਼-ਵਿਦੇਸ਼ ਵਿੱਚ ਨਿਰੰਤਰ ਰਕਤਦਾਨ ਕੈਂਪ ਲਗਾ ਕੇ ਮਨੁੱਖੀ ਭਲਾਈ ਦੀ ਦਿਸ਼ਾ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ।

ਉਨ੍ਹਾਂ ਸੇਵਾ, ਸਿਮਰਨ ਅਤੇ ਸਤਸੰਗ ਦੇ ਮਹੱਤਵ ‘ਤੇ ਚਾਨਣ ਪਾਉਂਦਿਆਂ ਕਿਹਾ ਕਿ ਨਿਰੰਕਾਰੀ ਮਿਸ਼ਨ ਵਿੱਚ ਭਗਤੀ ਦਾ ਆਧਾਰ ਇਹ ਤਿੰਨੋਂ ਹੀ ਸਤੰਭ ਹਨ। ਇੱਕ ਸੱਚਾ ਗੁਰਸਿੱਖ ਚੇਤਨ ਭਾਵ ਨਾਲ ਸੇਵਾ, ਸਿਮਰਨ ਅਤੇ ਸਤਸੰਗ ਨੂੰ ਆਪਣੇ ਜੀਵਨ ਦਾ ਅਟੁੱਟ ਹਿੱਸਾ ਬਣਾਕੇ ਆਧਿਆਤਮਿਕ ਉੱਨਤੀ ਪ੍ਰਾਪਤ ਕਰਦਾ ਹੈ।

ਇਸ ਤੋਂ ਪਹਿਲਾਂ ਚੰਡੀਗੜ੍ਹ ਜੋਨ ਦੇ ਜੋਨਲ ਇੰਚਾਰਜ ਓ. ਪੀ. ਨਿਰੰਕਾਰੀ ਅਤੇ ਮੋਹਾਲੀ ਬ੍ਰਾਂਚ ਦੇ ਇੰਚਾਰਜ ਗੁਲਸ਼ਨ ਲੂਥਰਾ ਨੇ ਕੇਂਦਰੀ ਗਿਆਨ ਪ੍ਰਚਾਰਕ ਮਹਾਤਮਾ ਇੰਦਰਜੀਤ ਸ਼ਰਮਾ ਜੀ, ਹਾਜ਼ਰ ਗਣਮਾਨਯ ਮਹਿਮਾਨਾਂ ਅਤੇ ਸਮੂਹ ਸਾਧ-ਸੰਗਤ ਦਾ ਸਵਾਗਤ ਕਰਦਿਆਂ ਸਾਰਿਆਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *