
ਪਿੰਡ ਜਲਵੇੜੀ ਵਿਖੇ ਕਰਵਾਏ ਕ੍ਰਿਕਟ ਟੂਰਨਾਮੈਂਟ ਦਾ ਬਲਜੀਤ ਸਿੰਘ ਭੁੱਟਾ ਨੇ ਕੀਤਾ ਉਦਘਾਟਨ
ਫਤਿਹਗੜ੍ਹ ਸਾਹਿਬ, 3 ਜੂਨ ( ਰੂਪ ਨਰੇਸ਼):
ਨੌਜਵਾਨ ਪੀੜੀ ਨੂੰ ਖੇਡਾਂ ਨਾਲ ਜੋੜਨਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਕਿਉਂਕਿ ਖੇਡਾਂ ਨਾਲ ਜੋੜ ਕੇ ਹੀ ਨੌਜਵਾਨਾਂ ਦੇ ਸਹਿਯੋਗ ਨਾਲ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਪਿੰਡ ਜਲਵੇੜੀ ਵਿਖੇ ਕਰਵਾਏ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ ਕਰਨ ਮੌਕੇ ਖਿਡਾਰੀਆਂ ਤੇ ਖੇਡ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਅੱਜ ਜਦੋਂ ਕਿ ਸਮਾਜ ਅੰਦਰ ਕਈ ਲਾਣਤਾਂ ਦਿਨੋ ਦਿਨ ਪਣਪ ਰਹੀਆਂ ਹਨ ਤਾਂ ਉਹਨਾਂ ਦਾ ਖਾਤਮਾ ਕੇਵਲ ਤੇ ਕੇਵਲ ਖੇਡਾਂ ਨਾਲ ਹੀ ਕੀਤਾ ਜਾ ਸਕਦਾ ਹੈ। ਹਲਕਾ ਇੰਚਾਰਜ ਭੁੱਟਾ ਨੇ ਕਿਹਾ ਕਿ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਆਪਣੇ ਰੋਜ਼ ਮਰਾ ਦੇ ਕੰਮਾਂ ਕਾਰਾਂ ਤੋਂ ਕੁਝ ਸਮਾਂ ਕੱਢ ਕੇ ਖੇਡ ਮੈਦਾਨਾਂ ਵਿੱਚ ਵੀ ਸਮਾਂ ਬਤੀਤ ਕੀਤਾ ਜਾਵੇ ਕਿਉਂਕਿ ਖੇਡਾਂ ਨਾ ਸਿਰਫ ਖਿਡਾਰੀਆਂ ਨੂੰ ਸਰੀਰਕ ਪੱਖੋਂ ਤੰਦਰੁਸਤ ਰੱਖਦੀਆਂ ਹਨ ਸਗੋਂ ਖੇਡਾਂ ਨਾਲ ਖਿਡਾਰੀ ਮਾਨਸਿਕ ਪੱਖੋਂ ਵੀ ਮਜਬੂਤ ਹੁੰਦੇ ਹਨ। ਉਹਨਾਂ ਕਿਹਾ ਕਿ ਸਮਾਜ ਅੰਦਰ ਵਧ ਰਹੇ ਨਸ਼ੇ ਸਾਡੇ ਸਾਰਿਆਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਲਾਹਣਤ ਦਾ ਖਾਤਮਾ ਨੌਜਵਾਨਾਂ ਦੇ ਸਹਿਯੋਗ ਨਾਲ ਹੀ ਹੋ ਸਕਦਾ ਹੈ। ਸ. ਭੁੱਟਾ ਨੇ ਪਿੰਡ ਜਲਵੇਲੀ ਵਿਖੇ ਟੂਰਨਾਮੈਂਟ ਕਰਵਾਉਣ ਲਈ ਪਿੰਡ ਦੀ ਪੰਚਾਇਤ ਅਤੇ ਨਗਰ ਵਾਸੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਖੇਡ ਟੂਰਨਾਮੈਂਟ ਨੌਜਵਾਨਾਂ ਅੰਦਰ ਖੇਡ ਸੱਭਿਆਚਾਰ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਅਦਾ ਕਰਦੇ ਹਨ ਇਸ ਲਈ ਹੋਰਨਾ ਪਿੰਡਾਂ ਨੂੰ ਵੀ ਖੇਡ ਟੂਰਨਾਮੈਂਟ ਕਰਵਾਉਣੇ ਚਾਹੀਦੇ ਹਨ ਤਾਂ ਜੋ ਨੌਜਵਾਨ ਮੁੜ ਤੋਂ ਖੇਡਾਂ ਨਾਲ ਜੁੜ ਕੇ ਤੰਦਰੁਸਤ ਜੀਵਨ ਬਤੀਤ ਕਰ ਸਕਣ।

ਇਸ ਮੌਕੇ ਪਿੰਡ ਦੇ ਸਰਪੰਚ ਸੋਨੀ ਬੇਗਮ ਧਰਮ ਪਤਨੀ ਰਫੀਕ ਮੁਹੰਮਦ ਨੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਦੀਪ ਸਿੰਘ ਬਹਿਲੋਲਪੁਰ ਸਰਕਲ ਪ੍ਰਧਾਨ ਮੂਲੇਪੁਰ ਸਿਮਰਨਜੀਤ ਸਿੰਘ ਪੰਚ, ਰਸਨਦੀਪ ਸਿੰਘ ਪੰਚ, ਕਾਲਾ ਮਾਨ ਪੰਚ, ਰਾਜੋ ਪੰਚ, ਬਲਵੰਤ ਸਿੰਘ ਪੰਚ, ਦਮਨ ਜੋਤ ਸਿੰਘ ਚੀਮਾ ਯੂਥ ਆਗੂ ਸ਼੍ਰੋਮਣੀ ਅਕਾਲੀ ਦਲ, ਬਲਜਿੰਦਰ ਸਿੰਘ ਜਲਵੇੜੀ, ਗਿੱਲ ਡਿੰਪਲ ਝਿੰਜਰਾ ਅਤੇ ਰਣਧੀਰ ਸਿੰਘ ਜਲੇਬੇੜਾ ਮੌਜੂਦ ਸਨ।
