ਐੱਨ.ਸੀ.ਆਰ.ਬੀ. ਮੁਤਾਬਕ 2023 ਦੇ ਮੁਕਾਬਲੇ 6% ਘਟੇ ਜੁਰਮ

ਨਵੀਂ ਦਿੱਲੀ, 7 ਮਈ (ਨਿਊਜ਼ ਟਾਊਨ ਨੈਟਵਰਕ) : ਸਾਲ 2024 ਵਿਚ ਦੇਸ਼ ਭਰ ਵਿਚ 58.85 ਲੱਖ ਅਪਰਾਧ ਦਰਜ ਕੀਤੇ ਗਏ, ਜੋ ਕਿ ਸਾਲ 2023 ਦੇ ਮੁਕਾਬਲੇ 6 ਪ੍ਰਤੀਸ਼ਤ ਘੱਟ ਹਨ। 2023 ਵਿਚ 62.41 ਲੱਖ ਅਪਰਾਧ ਦਰਜ ਹੋਏ ਸਨ। 2024 ਵਿਚ ਅਪਰਾਧ ਦਰ ਵੀ ਘੱਟ ਕੇ 418.9 ਰਹੀ, ਜੋ ਕਿ 2023 ਵਿਚ 448.3 ਸੀ। ਕੌਮੀ ਜੁਰਮ ਰਿਕਾਰਡ ਬਿਊਰੋ (ਐੱਨਸੀਆਰਬੀ) ਵੱਲੋਂ ਬੁਧਵਾਰ ਨੂੰ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ ਆਈਪੀਸੀ ਦੀ ਧਾਰਾ 325, 326 ਅਤੇ 329-335 ਦੇ ਤਹਿਤ ਦਰਜ ‘ਚੋਟ’ (ਹਰਟ) ਸ਼੍ਰੇਣੀ ਦੇ ਮਾਮਲਿਆਂ ਵਿਚ ਵੱਡੀ ਗਿਰਾਵਟ (30.58 ਪ੍ਰਤੀਸ਼ਤ) ਦੇਖੀ ਗਈ, ਜੋ ਕਿ 2023 ਵਿਚ 6.36 ਲੱਖ ਦੇ ਮੁਕਾਬਲੇ 2024 ਵਿਚ ਘੱਟ ਕੇ 4.41 ਲੱਖ ਤੋਂ ਕੁਝ ਵੱਧ ਰਹੀ। ਰਿਪੋਰਟ ਵਿਚ ਸਪਸ਼ਟ ਕੀਤਾ ਗਿਆ ਹੈ ਕਿ ‘ਸੱਟ ਜਾਂ ਗੰਭੀਰ ਸੱਟ’ ਦੇ ਮਾਮਲਿਆਂ ਵਿਚ ਆਈ ਇਹ ਗਿਰਾਵਟ 2023 ਵਿਚ ਲਾਗੂ ਹੋਈ ‘ਭਾਰਤੀ ਨਿਆਂ ਸੰਹਿਤਾ’ ਵਿਚ ਹੋਈਆਂ ਤਬਦੀਲੀਆਂ ਕਾਰਨ ਹੋ ਸਕਦੀ ਹੈ। ਇਸ ਨਵੇਂ ਅਪਰਾਧ ਜ਼ਾਬਤੇ ਨੇ ਭਾਰਤੀ ਦੰਡ ਸੰਹਿਤਾ ਦੀ ਜਗ੍ਹਾ ਲੈ ਲਈ ਹੈ, ਜਿਸ ਵਿਚ ਇਹ ਧਾਰਾਵਾਂ ਆਪਸ ਵਿਚ ਮਿਲਾ ਦਿੱਤੀਆਂ ਗਈਆਂ ਹਨ। ਅੰਕੜਿਆਂ ਮੁਤਾਬਕ 2024 ਵਿਚ ਹਤਿਆ ਦੇ ਕੁੱਲ 27,049 ਮਾਮਲੇ ਦਰਜ ਕੀਤੇ ਗਏ, ਜੋ ਪਿਛਲੇ ਸਾਲ ਦੇ ਮੁਕਾਬਲੇ 2.4 ਫ਼ੀਸਦ ਦੀ ਹਲਕੀ ਗਿਰਾਵਟ ਦਰਸਾਉਂਦੇ ਹਨ। ਇਨ੍ਹਾਂ ਅਪਰਾਧਾਂ ਦੇ ਪਿੱਛੇ ‘ਵਿਵਾਦ’ ਸਭ ਤੋਂ ਵੱਡਾ ਕਾਰਨ ਰਿਹਾ, ਇਸ ਤੋਂ ਬਾਅਦ ‘ਨਿੱਜੀ ਰੰਜਿਸ਼ ਜਾਂ ਦੁਸ਼ਮਣੀ’ ਅਤੇ ‘ਆਰਥਿਕ ਲਾਭ’ ਕਾਰਨ ਰਹੇ। ਔਰਤਾਂ ਖ਼ਿਲਾਫ਼ ਅਪਰਾਧਾਂ ਵਿਚ 1.5 ਪ੍ਰਤੀਸ਼ਤ ਦੀ ਗਿਰਾਵਟ ਦੇਖੀ ਗਈ। 2024 ਵਿਚ ਅਜਿਹੇ 4.41 ਲੱਖ ਮਾਮਲੇ ਦਰਜ ਕੀਤੇ ਗਏ, ਜਦਕਿ ਪਿਛਲੇ ਸਾਲ ਇਹ ਗਿਣਤੀ 4.48 ਲੱਖ ਸੀ। ਰਿਪੋਰਟ ਮੁਤਾਬਕ ਅਜਿਹੇ ਅਪਰਾਧਾਂ ਦਾ ਸਭ ਤੋਂ ਵੱਡਾ ਕਾਰਨ ਪਤੀ ਜਾਂ ਰਿਸ਼ਤੇਦਾਰਾਂ ਵੱਲੋਂ ਕੀਤੀ ਕਰੂਰਤਾ ਰਹੀ। ਇਸ ਤੋਂ ਬਾਅਦ ਅਗਵਾਕਾਰੀ, ਨਾਬਾਲਿਗਾਂ ਦੇ ਖ਼ਿਲਾਫ਼ ਅਪਰਾਧ ਅਤੇ ਔਰਤੰ ਦੀ ਇੱਜ਼ਤ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਹਮਲੇ ਵਰਗੇ ਅਪਰਾਧਾਂ ਦਾ ਸਥਾਨ ਰਿਹਾ। ਰਿਪੋਰਟ ਵਿਚ ਕਿਹਾ ਗਿਆ ਹੈ ਕਿ 2024 ਵਿਚ ਕਾਪੀ ਲੱਖ ਔਰਤ ਅਬਾਦੀ ‘ਤੇ ਅਪਰਾਧ ਦਰ 64.6 ਦਰਜ ਕੀਤੀ ਗਈ, ਜਦਕਿ 2023 ਵਿਚ ਇਹ 66.2 ਸੀ। ਰਿਪੋਰਟ ਤੋਂ ਪਤਾ ਲੱਗਾ ਕਿ ਅਨੁਸੂਚਿਤ ਜਾਤੀਆਂ (ਐੱਸਸੀ) ਦੇ ਖ਼ਿਲਾਫ਼ ਅਪਰਾਧਾਂ ਦੇ ਕੁੱਲ 55,698 ਮਾਮਲੇ ਦਰਜ ਕੀਤੇ ਗਏ, ਜੋ 2023 ਦੇ ਮੁਕਾਬਲੇ 3.6 ਫ਼ੀਸਦ ਦੀ ਕਮੀ ਦਰਸਾਉਂਦੇ ਹਨ; 2023 ਵਿਚ 57,789 ਮਾਮਲੇ ਦਰਜ ਕੀਤੇ ਗਏ ਸਨ। ਅਨੁਸੂਚਿਤ ਜਨਜਾਤੀਆਂ (ਐੱਸਟੀ) ਦੇ ਖ਼ਿਲਾਫ਼ ਅਪਰਾਧਾਂ ਵਿਚ ਵੀ 23.1 ਫ਼ੀਸਦ ਦੀ ਵੱਡੀ ਗਿਰਾਵਟ ਦੇਖੀ ਗਈ। ਅਜਿਹੇ ਅਪਰਾਧਾਂ ਦੇ 2024 ਵਿਚ ਕੁੱਲ 9,966 ਮਾਮਲੇ ਦਰਜ ਕੀਤੇ ਗਏ ਸਨ, ਜਦਕਿ 2023 ਵਿਚ 12,960 ਮਾਮਲੇ ਦਰਜ ਹੋਏ ਸਨ।
