
ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਫਤਹਿਗੜ੍ਹ ਸਾਹਿਬ
24 ਅਪ੍ਰੈਲ ਨੂੰ ਰਾਤ 8 ਵਜੇ ਸਿਵਲ ਡਿਫੈਂਸ ਵੱਲੋਂ ਮਾਡਰਨ ਵੈਲੀ, ਫਤਹਿਗੜ੍ਹ ਸਾਹਿਬ ਕੀਤੀ ਜਾਵੇਗੀ ਮੋਕ ਡਰਿੱਲ-ਡਿਪਟੀ ਕਮਿਸ਼ਨਰ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ, ਠੀਕ ਰਾਤ 8 ਵਜੇ ਮੋਕ ਡਰਿੱਲ ਲਈ ਵੱਜਣਗੇ ਸਾਇਰਨ
ਫ਼ਤਹਿਗੜ੍ਹ ਸਾਹਿਬ, 23 ਅਪ੍ਰੈਲ
24 ਅਪ੍ਰੈਲ, 2026 ਨੂੰ ਰਾਤ 8:00 ਵਜੇ ਮਾਡਰਨ ਵੈਲੀ,ਫਤਹਿਗੜ੍ਹ ਸਾਹਿਬ ਵਿਖੇ ਸਿਵਲ ਡਿਫੈਂਸ ਏਅਰ ਰੇਡ/ਬਲੈਕਆਊਟ ਮੋਕ ਐਕਸਰਸਾਈਜ਼ ਕਰਵਾਈ ਜਾ ਰਹੀ ਹੈ। ਇਹ ਮੋਕ ਐਕਸਰਸਾਈਜ਼ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਸਿਵਲ ਡਿਫੈਂਸ ਦੀ ਤਿਆਰੀ ਦੀ ਜਾਂਚ ਕਰਨ ਲਈ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ.ਸੋਨਾ ਥਿੰਦ ਨੇ ਦੱਸਿਆ ਕਿ ਇਹ ਮੋਕ ਐਕਸਰਸਾਈਜ਼ ਏਅਰ ਰੇਡ ਚੇਤਾਵਨੀ ਸਿਗਨਲ ਨਾਲ ਸ਼ੁਰੂ ਹੋਵੇਗੀ, ਜੋ ਸਾਇਰਨਾਂ ਰਾਹੀਂ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੌਕੇ ਬਿਜਲੀ ਵਿਭਾਗ ਵੱਲੋਂ ਕੇਵਲ ਇਸੇ ਹੀ ਇਲਾਕੇ ਦੀਆਂ ਲਾਈਟਾਂ ਨੂੰ ਕੁਝ ਸਮੇਂ ਲਈ ਬੰਦ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਨਿਸ਼ਚਤ ਸਥਾਨ ਤੇ ਬਲੈਕਆਊਟ ਦੌਰਾਨ ਨਿਰਧਾਰਤ ਖੇਤਰਾਂ ਵਿੱਚ ਆਮ ਜਨਤਾ ਵੱਲੋਂ ਸਾਰੀਆਂ ਗੈਰ-ਜ਼ਰੂਰੀ ਬੱਤੀਆਂ ਬੰਦ ਕੀਤੀਆਂ ਜਾਣ। ਹਾਲਾਂਕਿ, ਜ਼ਰੂਰੀ ਸੇਵਾਵਾਂ ਇਸ ਦੌਰਾਨ ਚੱਲਦੀਆਂ ਰਹਿਣਗੀਆਂ।
ਉਨ੍ਹਾਂ ਦੱਸਿਆ ਕਿ ਮੋਕ ਐਕਸਰਸਾਈਜ਼ ਦੇ ਸ਼ੁਰੂ ਵਿੱਚ ਸਾਇਰਨ ਉੱਚੀ ਆਵਾਜ ਤੋਂ ਘੱਟ ਹੁੰਦਾ ਹੋਇਆ 02 ਮਿੰਟ ਲਈ ਰੁਕ ਰੁਕ ਕੇ ਵੱਜੇਗਾ(High Pitch to Low Pitch) ਅਤੇ ਸਮਾਪਤ ਹੋਣ ਉਪਰੰਤ “ਆਲ ਕਲੀਅਰ” ਸਿਗਨਲ (2 ਮਿੰਟ ਲਈ ਲਗਾਤਾਰ ਉੱਚ ਧੁਨੀ ਵਾਲਾ ਸਾਇਰਨ) ਦਿੱਤਾ ਜਾਵੇਗਾ, ਜੋ ਇਸ ਐਕਸਰਸਾਈਜ਼ ਦੇ ਖਤਮ ਹੋਣ ਦਾ ਸੰਕੇਤ ਹੋਵੇਗਾ।
ਇਸ ਮੋਕ ਐਕਸਰਸਾਈਜ਼ ਦੌਰਾਨ ਅੱਗ ਬੁਝਾਉ ਕਾਰਵਾਈ, ਖੋਜ ਅਤੇ ਰਾਹਤ ਕਾਰਜ, ਫਸਟ ਏਡ ਅਤੇ ਮੈਡੀਕਲ ਸਹਾਇਤਾ, ਜਖ਼ਮੀਆਂ ਦੀ ਢੁਆਈ, ਟ੍ਰੈਫਿਕ ਅਤੇ ਭੀੜ ਨਿਯੰਤਰਣ ਦੇ ਉਪਾਇਆ ਦੀ ਪ੍ਰਤੀਕਾਤਮਕ ਰਿਹਰਸਲ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੋਕ ਡਰਿੱਲ ਦੌਰਾਨ ਐਨ.ਸੀ.ਸੀ. ਦੇ ਵਿਦਿਆਰਥੀ, ਸਿਵਲ ਡਿਫੈਂਸ ਦੇ ਕਰਮਚਾਰੀ, ਸਿਹਤ ਵਿਭਾਗ ਦੇ ਕਰਮਚਾਰੀਆਂ ਤੋਂ ਇਲਾਵਾ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਪੁਲਿਸ ਅਧਿਕਾਰੀ ਵੀ ਹਾਜਰ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਮੋਕ ਡਰਿੱਲ ਦੌਰਾਨ ਕਿਸੇ ਵੀ ਤਰ੍ਹਾਂ ਘਟਨਾ ਹੋਣ ਤੇ ਕਿਸ ਤਰ੍ਹਾਂ ਬਚਾਓ ਕਰਨਾ ਹੈ ਬਾਰੇ ਵੀ ਰਿਹਰਸਲ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਇਸ ਦੌਰਾਨ ਘਬਰਾਉਣ ਨਾ, ਕਿਉਂਕਿ ਇਹ ਸਿਰਫ਼ ਸਿਵਲ ਡਿਫੈਂਸ ਦੀ ਤਿਆਰੀ ਦੀ ਜਾਂਚ ਲਈ ਇੱਕ ਰੁਟੀਨ ਡ੍ਰਿੱਲ ਹੈ। ਇਸ ਤੋਂ ਪਹਿਲਾਂ ਸਹਾਇਕ ਕਮਿਸ਼ਨਰ (ਜਨਰਲ)-ਕਮ-ਐਸ.ਡੀ.ਐਮ.ਖਮਾਣੋਂ ਸ੍ਰੀ ਅਰਵਿੰਦ ਕੁਮਾਰ ਗੁਪਤਾ, ਕੰਪਨੀ ਕਮਾਂਡਰ ਪੰਜਾਬ ਹੋਮ ਗਾਰਡ ਸਿਵਲ ਡਿਫੈਂਸ ਇੰਸਪੈਕਟਰ ਸੰਤੋਖ ਸਿੰਘ ਨੇ ਵੱਖ ਵੱਖ ਵਿਭਾਗੀ ਅਧਿਕਾਰੀਆਂ ਨੂੰ ਮੋਕ ਡਰਿੱਲ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
——————————
This news is auto published from an agency/source and may be published as received.
