
ਕਿਸਾਨਾਂ ਦੀ ਫ਼ਸਲ ਦਾ ਅਨਾਜ ਮੰਡੀਆਂ ਵਿਚੋਂ ਦਾਣਾ-ਦਾਣਾ ਖਰੀਦਿਆ ਜਾਵੇਗਾ- ਵਿਧਾਇਕ ਗੈਰੀ ਬੜਿੰਗ
ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵੱਲੋਂ ਅਮਲੋਹ ਮੰਡੀ ਵਿੱਚ ਕਣਕ ਦੀ ਖਰੀਦ ਸ਼ੁਰੂ ਕਰਵਾਈ ਗਈ।
ਕਿਸਾਨਾਂ ਦੀ ਸਹੂਲਤ ਵਿੱਚ ਕੋਈ ਕਮੀ ਨਾ ਰਹੇ—ਮਾਰਕੀਟ ਕਮੇਟੀ ਤੇ ਖਰੀਦ ਏਜੰਸੀਆਂ ਨੂੰ ਕੀਤੀਆਂ ਸਖ਼ਤ ਹਦਾਇਤਾਂ।
ਅਮਲੋਹ, 10 ਅਪ੍ਰੈਲ, ਅਨਾਜ ਮੰਡੀ ਅਮਲੋਹ ਦੇ ਵਿੱਚ ਅੱਜ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵਲੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਗਈ। ਇਸ ਮੌਕੇ ਵੱਖ ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀ ਮੌਜੂਦ ਸਨ। ਇਸ ਮੌਕੇ ਗੱਲਬਾਤ ਕਰਦੇ ਹੋਏ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਕਿਹਾ ਕਿ ਅੱਜ ਉਹਨਾਂ ਦੇ ਵੱਲੋਂ ਸਰਕਾਰੀ ਤੌਰ ਤੇ ਅਨਾਜ ਮੰਡੀ ਅਮਲੋਹ, ਮੰਡੀ ਗੋਬਿੰਦਗੜ ਤੇ ਰੰਗੇੜੀ ਦੀ ਮੰਡੀ ਦੇ ਵਿੱਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਗਈ ਹੈ। ਵਿਧਾਇਕ ਗੈਰੀ ਬੜਿੰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਫ਼ਸਲ ਵੇਚਣ ਵਿੱਚ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਉਹਨਾਂ ਦੀ ਫ਼ਸਲ ਦਾ ਦਾਣਾ ਦਾਣਾ ਮੰਡੀਆਂ ਵਿਚੋਂ ਖਰੀਦ ਕੀਤਾ ਜਾਵੇਗਾ। ਉਹਨਾਂ ਭਰੋਸਾ ਦਿੱਤਾ ਕਿ ਅਨਾਜ ਮੰਡੀ ਵਿੱਚ ਕਿਸਾਨਾਂ ਦੀ ਸਹੂਲਤ ਲਈ ਹਰ ਲੋੜੀਂਦਾ ਪ੍ਰਬੰਧ ਮੁਕੰਮਲ ਕੀਤਾ ਗਿਆ ਹੈ ਅਤੇ ਕਣਕ ਦੀ ਆਮਦ ਹੁੰਦੇ ਹੀ ਨਾਲੋਂ-ਨਾਲ ਖਰੀਦ ਕਰਕੇ ਚੁਕਾਈ ਕਰਵਾਈ ਜਾਵੇਗੀ ਤਾਂ ਜੋ ਮੰਡੀਆਂ ਵਿੱਚ ਜਗ੍ਹਾ ਦੀ ਕੋਈ ਸਮੱਸਿਆ ਨਾ ਆਵੇ। ਵਿਧਾਇਕ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿੱਚ ਪੂਰੀ ਤਰ੍ਹਾਂ ਪੱਕੀ ਹੋਈ ਫ਼ਸਲ ਲੈਕੇ ਆਉਣ ਤਾ ਜੋ ਨਾਲੋਂ ਨਾਲ ਖਰੀਦ ਹੋ ਸਕੇ । ਉਹਨਾਂ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਿਸਾਨਾਂ ਦੇ ਹਿੱਤ ਵਿੱਚ ਦਿਨ ਸਮੇਂ ਬਿਜਲੀ ਸਪਲਾਈ ਯਕੀਨੀ ਬਣਾਈ ਗਈ ਹੈ ਅਤੇ ਦਹਾਕਿਆਂ ਤੋਂ ਪਾਣੀ ਤੋਂ ਵਾਂਝੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਇਆ ਗਿਆ ਹੈ। ਗੈਰੀ ਬੜਿੰਗ ਨੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਕਿਸਾਨਾਂ ਦੀ ਸੁਵਿਧਾ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਅਤੇ ਖਰੀਦ ਏਜੰਸੀਆਂ ਨੂੰ ਤਾੜਨਾ ਕੀਤੀ ਕਿ ਉਹ ਸਹੀ ਸਮੇਂ ਸਿਰ ਬੋਲੀ ਲਗਾਉਣ ਤਾਂ ਜੋ ਕਿਸਾਨ ਆਪਣੀ ਫ਼ਸਲ ਦੀ ਤੁਲਾਈ ਕਰਵਾ ਕੇ ਜਲਦ ਘਰਾਂ ਨੂੰ ਪਰਤ ਸਕਣ। ਇਸ ਮੌਕੇ ਆੜਤੀਆਂ ਐਸੋਸੀਏਸ਼ਨ ਅਮਲੋਹ ਦੇ ਪ੍ਰਧਾਨ ਪਰਮਵੀਰ ਸਿੰਘ ਮਾਂਗਟ, ਮਾਰਕੀਟ ਕਮੇਟੀ ਅਮਲੋਹ ਦੀ ਚੇਅਰਪਰਸਨ ਬੀਬੀ ਸੁਖਵਿੰਦਰ ਕੌਰ ਗਹਿਲੋਤ, ਬਲਾਕ ਸੰਮਤੀ ਅਮਲੋਹ ਦੇ ਚੇਅਰਮੈਨ ਰਣਜੀਤ ਸਿੰਘ ਪਨਾਗ, ਕੋਆਰਡੀਨੇਟਰ ਇਕਬਾਲ ਸਿੰਘ ਰਾਏ, ਸੈਕਟਰੀ ਗੁਰਜੀਤ ਸਿੰਘ, ਆੜਤੀਆ ਐਸੋਸੀਏਸ਼ਨ ਦੇ ਸੈਕਟਰੀ ਅਸ਼ੀਸ਼ ਜ਼ਿੰਦਲ, ਲੇਖਾਕਾਰ ਪਰਮਵੀਰ ਸਿੰਘ ਢਿੱਲੋਂ, ਸਰਪੰਚ ਗੁਰਵਿੰਦਰ ਸਿੰਘ ਮੀਆਂਪੁਰ, ਸੁਖਚੈਨ ਸਿੰਘ ਦੀਵਾ, ਗੁਰਪ੍ਰੀਤ ਸਿੰਘ ਬੱਬੀ, ਗੁਰਸੇਵਕ ਸਿੰਘ ਕੋਹਲੀ, ਕਰਮ ਸਿੰਘ ਭਾਂਬਰੀ, ਸਿੰਦਰਮੋਹਨ ਪੁਰੀ, ਗਗਨਦੀਪ ਧੀਰ ਅਤੇ ਮਜ਼ਦੂਰ ਯੂਨੀਅਨ ਅਨਾਜ ਮੰਡੀ ਅਮਲੋਹ ਦੇ ਪ੍ਰਧਾਨ ਸਰਵਣ ਸਿੰਘ ਤੋਂ ਇਲਾਵਾ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀ, ਆੜ੍ਹਤੀਏ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
ਫੋਟੋ ਕੈਪਸਨ
ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਅਨਾਜ ਮੰਡੀ ਅਮਲੋਹ ਵਿਖੇ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਉਣ ਸਮੇਂ ਨਾਲ ਕਿਸਾਨ ਅਤੇ ਆੜਤੀਏ।
——————————
This news is auto published from an agency/source and may be published as received.
