ਕਪੂਰਥਲਾ ‘ਚ ਚਿੱਟੇ ਦਾ ਕਹਿਰ ਬੇਰੋਕ ਜਾਰੀ ਪਿੰਡ ਰਾਏਪੁਰ ਅਰਾਈਆਂ ‘ਚ ਦੋ ਨੌਜਵਾਨਾਂ ਦੀ ਹੋਈ ਮੌਤ

ਕਪੂਰਥਲਾ, 9 ਅਪ੍ਰੈਲ (ਨਿਊਜ਼ ਟਾਊਨ ਨੈਟਵਰਕ) : ਕਪੂਰਥਲਾ ਦੇ ਥਾਣਾ ਢਿਲਵਾਂ ਦੇ ਪਿੰਡ ਰਾਏਪੁਰ ਅਰਾਈਆਂ ਵਿੱਚ ਨਸ਼ੇ ਨੇ ਦੋ ਘਰਾਂ ਵਿੱਚ ਸੱਥਰ ਵਿਛਾ ਦਿੱਤੇ ਹਨ, ਜਿੱਥੇ ਇੱਕੋ ਦਿਨ ਚਿੱਟੇ ਦੀ ਓਵਰਡੋਜ ਕਾਰਨ ਦੋ ਨੌਜਵਾਨਾਂ ਦੀ ਮੌਤ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਰਸ਼ਨ ਸਿੰਘ ਨੇ ਦੱਸਿਆ ਕਿ ਬਲਬੀਰ ਸਿੰਘ ਬਿੱਲਾ (35) ਪੁੱਤਰ ਸਤਪਾਲ ਸਿੰਘ ਨਸ਼ੇ ਕਰਨ ਦਾ ਆਦੀ ਸੀ ਅਤੇ ਮਾਂ-ਪਿਓ ਤੇ ਭਰਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸਦੀ ਭੈਣ ਵਿਆਹੀ ਹੋਈ ਹੈ ਤੇ ਹੁਣ ਘਰ ਵਿੱਚ ਇਕੱਲਾ ਹੀ ਰਹਿੰਦਾ ਸੀ। ਅੱਜ ਸਵੇਰੇ 8:30 ਵਜੇ ਜਦੋਂ ਇਸ ਦਾ ਸਾਥੀ ਉਸ ਨੂੰ ਕੰਮ 'ਤੇ ਨਾਲ ਲੈ ਕੇ ਜਾਣ ਲਈ ਆਇਆ ਤਾਂ ਇਸ ਨੇ ਦਰਵਾਜ਼ਾ ਨਹੀਂ ਖੋਲਿਆ, ਤਾਂ ਇਸ ਦੇ ਦੋਸਤ ਨੇ ਕੰਧ ਟੱਪ ਕੇ ਅੰਦਰ ਵੇਖਿਆ ਤਾਂ ਇਸ ਦੀ ਲਾਸ਼ ਰਸੋਈ ਵਿੱਚ ਪਈ ਸੀ ਅਤੇ ਨੇੜੇ ਹੀ ਸਰਿੰਜਾਂ ਅਤੇ ਕੁਝ ਪੁੜੀਆਂ ਪਈਆਂ ਹੋਈਆਂ ਸਨ। ਉਧਰ ਇਹ ਘਟਨਾ ਅਜੇ ਵਾਪਰੀ ਹੀ ਸੀ ਕਿ ਕੁੱਝ ਘੰਟੇ ਬਾਅਦ ਹੀ ਇਕ ਹੋਰ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਪਿੰਡ ਦੇ ਮੋਹਤਬਰ ਸਟੀਫਨ ਕਾਲਾ ਨੇ ਦੱਸਿਆ ਕਿ ਫੋਨ ਆਇਆ ਸੀ ਕਿ ਸ਼ੈਲੀ ਪੁੱਤਰ ਹੰਸ ਰਾਜ ਪਿੰਡ ਦੇ ਟਿੱਬੀ ਪੀਰ ਵਾਲੇ ਪਾਸੇ ਟੀਕਾ ਲਾ ਕੇ ਬੇਹੋਸ਼ ਪਿਆ ਹੈ। ਇਸਦੇ ਘਰ ਦਿਆਂ ਨੂੰ ਸੂਚਿਤ ਕੀਤਾ ਗਿਆ, ਜਦੋਂ ਉਕਤ ਨੌਜਵਾਨ ਨੂੰ ਚੁੱਕ ਕੇ ਸੁਭਾਨਪੁਰ ਹਸਪਤਾਲ ਲਿਜਾਇਆ, ਉਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਇਸ ਮਾਮਲੇ ਤੋਂ ਬਾਅਦ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਇਲਾਕੇ ਵਿੱਚ ਚਿੱਟੇ ਦੀ ਵਿਕਰੀ ਬੇਰੋਕ-ਟੋਕ ਚੱਲ ਰਹੀ ਹੈ, ਜਿਸ ਕਾਰਨ ਨੌਜਵਾਨ ਪੀੜ੍ਹੀ ਬਰਬਾਦ ਹੋ ਰਹੀ ਹੈ। ਪਿੰਡ ਦੇ ਵਸਨੀਕਾਂ ਨੇ ਮੰਗ ਕੀਤੀ ਹੈ ਕਿ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਇਲਾਕੇ ਵਿੱਚ ਚੱਲ ਰਹੇ ਨਸ਼ੇ ਦੇ ਗੋਰਖਧੰਦੇ ਨੂੰ ਤੁਰੰਤ ਬੰਦ ਕੀਤਾ ਜਾਵੇ। ਇਸ ਦੌਰਾਨ ਥਾਣਾ ਢਿਲਵਾਂ ਮੁਖੀ ਦਲਵਿੰਦਰਬੀਰ ਸਿੰਘ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਚਿੱਟਾ ਵੇਚਣ ਵਾਲੇ ਪਿੰਡ ਦੇ ਹੀ ਇੱਕ ਨੌਜਵਾਨ ਘੁਦੂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ।

——————————
This news is auto published from an agency/source and may be published as received.

Leave a Reply

Your email address will not be published. Required fields are marked *