
ਪੰਜਾਬ ਉਦਯੋਗਿਕ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰੇਗਾ-ਕੈਬਨਿਟ ਮੰਤਰੀ ਸੰਜੀਵ ਅਰੋੜਾ ਆਰਥਿਕ ਵਿਕਾਸ ਦੇ ਨਾਲ-ਨਾਲ ਕੁਦਰਤ ਦੀ ਸੰਭਾਲ ਸਮੇਂ ਦੀ ਮੁੱਖ ਲੋੜ-ਸੰਜੀਵ ਅਰੋੜਾ
ਮੰਡੀ ਗੋਬਿੰਦਗੜ੍ਹ/ ਫ਼ਤਹਿਗੜ੍ਹ ਸਾਹਿਬ 8 ਅਪ੍ਰੈਲ:
ਪੰਜਾਬ ਸਰਕਾਰ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਅਤੇ ਨਵੇਂ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਵਚਨਬੱਧ ਹੈ। ਇਹ ਪ੍ਰਗਟਾਵਾ ਪੰਜਾਬ ਦੇ ਉਦਯੋਗ ਅਤੇ ਵਣਜ, ਨਿਵੇਸ਼ ਪ੍ਰੋਤਸਾਹਨ, ਸਥਾਨਕ ਸਰਕਾਰਾਂ ਅਤੇ ਬਿਜਲੀ ਮੰਤਰੀ ਸ੍ਰੀ ਸੰਜੀਵ ਅਰੋੜਾ ਨੇ ਅੱਜ ਮੰਡੀ ਗੋਬਿੰਦਗੜ੍ਹ ਵਿਖੇ ਪ੍ਰਮੁੱਖ ਉਦਯੋਗਿਕ ਇਕਾਈ 'ਵਰਧਮਾਨ ਆਦਰਸ਼ ਇਸਪਾਤ ਪ੍ਰਾਈਵੇਟ ਲਿਮਟਿਡ' ਦੇ ਵਿਸ਼ੇਸ਼ ਦੌਰੇ ਦੌਰਾਨ ਕੀਤਾ। ਉਨ੍ਹਾਂ ਨੇ ਉਦਯੋਗਪਤੀਆਂ ਨੂੰ ਭਰੋਸਾ ਦਿੱਤਾ ਕਿ ਉਦਯੋਗਿਕ ਇਕਾਈਆਂ ਨੂੰ ਜੋੜਨ ਵਾਲੀਆਂ ਖਸਤਾਹਾਲ ਸੜਕਾਂ ਦੀ ਮੁਰੰਮਤ ਦਾ ਕੰਮ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ ਤਾਂ ਜੋ ਵਪਾਰੀਆਂ ਅਤੇ ਟਰਾਂਸਪੋਰਟਰਾਂ ਲਈ ਚੁਣੌਤੀਆਂ ਨੂੰ ਘੱਟ ਕੀਤਾ ਜਾ ਸਕੇ।
ਕੰਪਨੀ ਦੀ 'ਗ੍ਰੀਨ ਮੁਹਿੰਮ' ਦੇ ਹਿੱਸੇ ਵਜੋਂ, ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਫ਼ਤਹਿਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਅਤੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪੂਜਾ ਸਿਆਲ ਗਰੇਵਾਲ ਦੇ ਨਾਲ ਫੈਕਟਰੀ ਕੰਪਲੈਕਸ ਵਿੱਚ ਪੌਦੇ ਲਗਾਏ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਆਰਥਿਕ ਵਿਕਾਸ ਦੇ ਨਾਲ-ਨਾਲ ਕੁਦਰਤ ਦੀ ਸੰਭਾਲ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਨੇ ਹਰਿਆ ਭਰਿਆ ਅਤੇ ਟਿਕਾਊ ਵਾਤਾਵਰਣ ਬਣਾਈ ਰੱਖਣ ਲਈ ਵਰਧਮਾਨ ਆਦਰਸ਼ ਇਸਪਾਤ ਵੱਲੋਂ ਕੀਤੇ ਗਏ ਉਪਰਾਲਿਆਂ ਦੀ ਵੀ ਭਰਪੂਰ ਸ਼ਲਾਘਾ ਕੀਤੀ। ਕੈਬਨਿਟ ਮੰਤਰੀ ਨੇ 'ਸੁਪਰ ਫੂਡਜ਼' ਉਦਯੋਗਿਕ ਇਕਾਈ ਦਾ ਵੀ ਦੌਰਾ ਕੀਤਾ।
ਡਾਇਰੈਕਟਰ ਸ੍ਰੀ ਨਿਮਿਤ ਗਰਗ ਨੇ ਕੈਬਨਿਟ ਮੰਤਰੀ ਨੂੰ ਫੈਕਟਰੀ ਵਿੱਚ ਵਰਤੀਆਂ ਜਾ ਰਹੀਆਂ ਆਧੁਨਿਕ ਅਤੇ ਉੱਨਤ ਤਕਨੀਕਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਇਸ ਮੌਕੇ ਸ੍ਰੀ ਆਦਰਸ਼ ਗਰਗ (ਸੀ.ਐਮ.ਡੀ., ਜੋਗਿੰਦਰਾ ਗਰੁੱਪ), ਸ੍ਰੀ ਸੰਜੇ ਗੁਪਤਾ (ਮੈਨੇਜਿੰਗ ਡਾਇਰੈਕਟਰ), ਸ੍ਰੀ ਅਸ਼ਵਨੀ ਗਰਗ (ਡਾਇਰੈਕਟਰ), ਸ੍ਰੀ ਨਿਮਿਤ ਗੁਪਤਾ (ਡਾਇਰੈਕਟਰ), ਸੀ.ਈ.ਓ. ਸ੍ਰੀ ਅਮਿਤ ਤੋਮਰ, ਐਚ.ਆਰ. ਹੈੱਡ ਸ੍ਰੀ ਸੁਨੀਲ ਸੰਮੀ, ਸ੍ਰੀ ਨਰਿੰਦਰ ਗੁਪਤਾ ਅਤੇ ਕੰਪਨੀ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।
——————————
This news is auto published from an agency/source and may be published as received.
