
ਨਵੀਂ ਦਿੱਲੀ, 1 ਅਪ੍ਰੈਲ (ਨਿਊਜ਼ ਟਾਊਨ ਨੈਟਵਰਕ) : ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਅਤੇ ਮਨੁੱਖੀ ਅਧਿਕਾਰ ਕਾਰਕੁਨ ਹਰਵਿੰਦਰ ਸਿੰਘ ਫੂਲਕਾ ਬੁੱਧਵਾਰ ਦੁਪਹਿਰ ਨੂੰ ਦਿੱਲੀ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋ ਗਏ ਹਨ। ਇਸ ਕਦਮ ਨੂੰ ਰਾਜਨੀਤਿਕ ਤੌਰ 'ਤੇ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ, ਖਾਸ ਕਰਕੇ ਕਿਉਂਕਿ ਭਾਜਪਾ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਸਿੱਖ ਅਤੇ ਪੰਥਕ ਸ਼ਖ਼ਸੀਅਤਾਂ ਤਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੌਰਾਨ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਉਨ੍ਹਾਂ ਨੂੰ ਪਾਰਟੀ ਦੀ ਪੱਗ ਭੇਟ ਕੀਤੀ। ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੀ ਮੌਜੂਦ ਸਨ। ਐਚ.ਐਸ. ਫੂਲਕਾ ਨੇ ਬੀਜੇਪੀ ’ਚ ਸ਼ਾਮਲ ਹੋਣ ਮਗਰੋਂ ਆਮ ਆਦਮੀ ਪਾਰਟੀ ’ਤੇ ਹਮਲਾ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਲ 2014 ’ਚ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਕੇ ਉਨ੍ਹਾਂ ਨੇ ਗ਼ਲਤੀ ਕੀਤੀ। ਹਾਥੀ ਦੇ ਦੰਦ ਖਾਣ ਦੇ ਹੋਰ ਅਤੇ ਦਿਖਾਉਣ ਦੇ ਹੋਰ ਹੁੰਦੇ ਹਨ। ਅੱਜ ਜੋ ਪੰਜਾਬ ਦਾ ਹਾਲ ਹੈ ਦੇਖ ਕੇ ਦੁੱਖ ਹੁੰਦਾ ਹੈ। ਡਰੱਗ, ਗੈਂਗਸਟਰਵਾਦ ਦਾ ਪੰਜਾਬ ’ਚ ਬੋਲਬਾਲਾ ਹੈ। ਉਥੇ ਹੀ ਜੇ ਐਚ.ਐਸ. ਫੂਲਕਾ ਦੇ ਹੁਣ ਤਕ ਦੇ ਸਿਆਸੀ ਸਫ਼ਰ ਦੀ ਗੱਲ ਕਰੀਏ ਤਾਂ ਸਾਲ 2014-2015 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸੀ। 2015 ਵਿੱਚ ਦਿੱਲੀ ਵਿੱਚ 'ਆਪ' ਦੀ ਸਰਕਾਰ ਬਣਨ ਤੋਂ ਬਾਅਦ ਉਹ ਪਾਰਟੀ ਦੀਆਂ ਪ੍ਰਮੁੱਖ ਹਸਤੀਆਂ ਵਿਚੋਂ ਇੱਕ ਬਣ ਗਏ। 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਉਹ 'ਆਪ' ਦੀ ਟਿਕਟ 'ਤੇ ਦਾਖਾ (ਲੁਧਿਆਣਾ) ਤੋਂ ਵਿਧਾਇਕ ਚੁਣੇ ਗਏ। ਪਾਰਟੀ ਨੇ ਉਨ੍ਹਾਂ ਨੂੰ ਵਿਰੋਧੀ ਧਿਰ ਦਾ ਨੇਤਾ ਨਿਯੁਕਤ ਕੀਤਾ। ਉਨ੍ਹਾਂ ਨੇ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਹੋਰ ਸਿੱਖ ਮੁੱਦਿਆਂ ਦਾ ਮੁੱਦਾ ਪੰਜਾਬ ਵਿਧਾਨ ਸਭਾ ਵਿੱਚ ਚੁੱਕਿਆ।
——————————
This news is auto published from an agency/source and may be published as received.
